ਰੇਲਵੇ ਲਾਈਨ ''ਚ ਆਇਆ ਕਰੈਕ, ਸਮੇਂ ''ਤੇ ਪਤਾ ਲੱਗਣ ਨਾਲ ਵੱਡਾ ਹਾਦਸਾ ਟਲਿਆ
Friday, Jun 29, 2018 - 05:48 AM (IST)

ਜਲੰਧਰ, (ਗੁਲਸ਼ਨ)¸ ਸਿਟੀ ਰੇਲਵੇ ਸਟੇਸ਼ਨ 'ਤੇ ਵੀਰਵਾਰ ਸਵੇਰੇ ਕਰੀਬ 11.05 ਵਜੇ ਪਲੇਟਫਾਰਮ ਨੰਬਰ 1 ਦੀ ਲਾਈਨ ਵਿਚ ਕਰੈਕ ਆ ਗਿਆ। ਸਮਾਂ ਰਹਿੰਦਿਆਂ ਹੀ ਘਟਨਾ ਸੰਬੰਧੀ ਪਤਾ ਲੱਗਣ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਸੂਚਨਾ ਮੁਤਾਬਕ ਰੇਲਵੇ ਲਾਈਨ ਵਿਚ ਕਰੈਕ ਆਉਣ ਨਾਲ ਜਲੰਧਰ-ਅੰਮ੍ਰਿਤਸਰ ਰੇਲ ਟਰੈਕ ਫੇਲ ਹੋ ਗਿਆ। ਪਾਵਰ ਕੈਬਿਨ ਵਿਚ ਤਾਇਨਾਤ ਕਰਮਚਾਰੀਆਂ ਨੇ ਇਸ ਦੀ ਸੂਚਨਾ ਰੇਲਵੇ ਅਧਿਕਾਰੀਆਂ ਨੂੰ ਦਿੱਤੀ। ਸੂਚਨਾ ਮਿਲਣ 'ਤੇ ਸਟੇਸ਼ਨ ਮਾਸਟਰ ਆਰ. ਕੇ. ਬਹਿਲ, ਪਾਥ ਵੇਅ ਵਿਭਾਗ ਦੇ ਜੇ. ਈ. ਸ਼ੰਕਰ ਸਣੇ ਕਈ ਕਰਮਚਾਰੀ ਮੌਕੇ 'ਤੇ ਪਹੁੰਚੇ। ਮੀਂਹ ਦਾ ਮੌਸਮ ਹੋਣ ਦੇ ਬਾਵਜੂਦ ਕਰਮਚਾਰੀਆਂ ਨੇ ਤੁਰੰਤ ਟਰੈਕ ਦੀ ਰਿਪੇਅਰ ਸ਼ੁਰੂ ਕੀਤੀ। ਕਰੀਬ 12 ਵਜੇ ਟਰੈਕ ਨੂੰ ਟੈਂਪਰੇਰੀ ਰਿਪੇਅਰ ਕਰ ਕੇ 5 ਘੰਟੇ ਲੇਟ ਆ ਰਹੀ ਹਾਵੜਾ ਮੇਲ ਨੂੰ ਪਲੇਟ ਫਾਰਮ ਨੰ. 1 ਤੋਂ ਕੱਢਿਆ ਗਿਆ। ਇਸ ਤੋਂ ਬਾਅਦ ਰੇਲਵੇ ਲਾਈਨ ਬਦਲਣ ਦਾ ਕੰਮ ਸ਼ੁਰੂ ਕੀਤਾ ਗਿਆ। ਕਰੀਬ 10 ਫੁੱਟ ਲੰਬੀ ਲਾਈਨ ਬਦਲਣ ਤੋਂ ਬਾਅਦ ਟਰੈਕ ਠੀਕ ਹੋਇਆ। ਇਸ ਦੌਰਾਨ ਕਿਸੇ ਟਰੇਨ ਦੇ ਪ੍ਰਭਾਵਿਤ ਹੋਣ ਦੀ ਸੂਚਨਾ ਨਹੀਂ ਮਿਲੀ ਪਰ ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ 'ਤੇ ਰੇਲਵੇ ਲਾਈਨ 'ਤੇ ਕਰੈਕ ਆਉਣ ਦਾ ਪਤਾ ਨਾ ਲੱਗਦਾ ਤਾਂ ਟਰੇਨ ਪਟੜੀ ਤੋਂ ਉਤਰ ਵੀ ਸਕਦੀ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਰੇਲ ਟਰੈਕ ਵਿਚ ਕਰੈਕ ਆਉੁਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਪਿਛਲੇ ਕਈ ਸਾਲਾਂ ਤੋਂ ਰੇਲਵੇ ਲਾਈਨਾਂ ਹੇਠਾਂ ਗੁਟਕੇ ਫਸਾ ਕੇ ਜੁਗਾੜ ਲਾਇਆ ਜਾ ਰਿਹਾ ਹੈ। ਆਮ ਤੌਰ 'ਤੇ ਅਜਿਹੀਆਂ ਘਟਨਾਵਾਂ ਸਰਦੀਆਂ ਵਿਚ ਹੁੰਦੀਆਂ ਹਨ ਕਿਉੁਂਕਿ ਸਰਦੀਆਂ ਵਿਚ ਲਾਈਨਾਂ ਸੁੰਗੜ ਜਾਂਦੀਆਂ ਹਨ। ਗਰਮੀਆਂ ਦੇ ਮੌਸਮ ਵਿਚ ਅਜਿਹੀ ਘਟਨਾ ਹੋਣਾ ਕਾਫੀ ਚਿੰਤਾ ਦਾ ਵਿਸ਼ਾ ਹੈ।
ਟਰੈਕ ਧਸਣ ਕਾਰਨ ਰੇਲ ਲਾਈਨ 'ਚ ਆਇਆ ਕਰੈਕ : ਜੇ. ਈ.
ਪਾਥ ਵੇਅ ਵਿਭਾਗ ਦੇ ਜੇ. ਈ. ਸ਼ੰੰਕਰ ਨੇ ਕਿਹਾ ਕਿ ਪਲੇਟ ਫਾਰਮ ਨੰ. 1 ਦਾ ਟਰੈਕ ਹੇਠਾਂ ਧਸ ਚੁੱਕਾ ਹੈ ਜਿਸ ਕਾਰਨ ਰੇਲ ਲਾਈਨ ਵਿਚ ਕਰੈਕ ਆਇਆ ਹੈ। ਉਨ੍ਹਾਂ ਕਿਹਾ ਕਿ ਟਰੈਕ ਕਮਜ਼ੋਰ ਹੋਣ ਦੇ ਬਾਵਜੂਦ ਟਰੈਕ 'ਤੇ ਮਾਲ ਗੱਡੀ ਵੀ ਚਲਾਈ ਜਾ ਰਹੀ ਹੈ। ਭਾਵੇਂ ਮਾਲ ਗੱਡੀਆਂ ਲਈ ਵੱਖਰਾ ਟਰੈਕ ਬਣਿਆ ਹੋਇਆ ਹੈ। ਅੱਜ ਵੀ ਪਲੇਟਫਾਰਮ ਨੰ. 1 ਤੋਂ ਮਾਲ ਗੱਡੀ ਕੱਢੀ ਗਈ ਜਿਸ ਤੋਂ ਬਾਅਦ ਰੇਲ ਲਾਈਨ ਵਿਚ ਕਰੈਕ ਆ ਗਿਆ।
ਰੇਲ ਟਰੈਕ ਦੀ ਰਿਪੇਅਰ ਲਈ ਅਜੇ ਅਪਰੂਵਲ ਨਹੀਂ ਮਿਲੀ : ਐੱਸ. ਐੱਸ. ਈ.
ਰੇਲਵੇ ਦੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੇ ਮੰਨਿਆ ਕਿ ਸਿਟੀ ਸਟੇਸ਼ਨ ਦੇ ਪਲੇਟ ਫਾਰਮ ਨੰ. 1 ਦੇ ਰੇਲ ਟਰੈਕ ਦੀ ਰਿਪੇਅਰ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਟਰੈਕ ਹੇਠਾਂ ਧਸ ਰਿਹਾ ਹੈ। ਇਸ ਦੀ ਰਿਪੇਅਰ ਲਈ ਐਸਟੀਮੇਟ ਬਣਾ ਕੇ ਮੰਡਲ ਅਧਿਕਾਰੀ ਨੂੰ ਭੇਜਿਆ ਗਿਆ ਹੈ ਪਰ ਅਜੇ ਤਕ ਅਪਰੂਵਲ ਨਹੀਂ ਮਿਲੀ। ਅਧਿਕਾਰੀ ਨੇ ਕਿਹਾ ਕਿ ਅਪਰੂਵਲ ਤੋਂ ਇਲਾਵਾ ਬਲਾਕ ਮਿਲਣ 'ਤੇ ਹੀ ਟਰੈਕ ਦੀ ਮੇਨਟੀਨੈਂਸ ਕੀਤੀ ਜਾ ਸਕਦੀ ਹੈ।