ਦੁਸਹਿਰੇ ''ਚ 4 ਦਿਨ ਬਾਕੀ ਪਰ ਬਾਜ਼ਾਰਾਂ'' ਚ ਲੱਭਣ ''ਤੇ ਵੀ ਨਹੀਂ ਮਿਲ ਰਹੇ ਪਟਾਕੇ
Friday, Oct 04, 2019 - 05:09 PM (IST)
ਜਲੰਧਰ (ਖੁਰਾਣਾ) : ਦੀਵਾਲੀ ਇਕ ਅਜਿਹਾ ਤਿਉਹਾਰ ਹੈ, ਜਿਸ ਦੀ ਹਿੰਦੂ, ਸਿੱਖ ਅਤੇ ਹੋਰ ਕਈ ਧਰਮਾਂ 'ਚ ਆਪਣੀ ਇਕ ਅਹਿਮੀਅਤ ਹੈ, ਜਿਸ ਕਾਰਨ ਇਸ ਨੂੰ ਪੂਰੇ ਦੇਸ਼ ਦਾ ਪ੍ਰਮੁੱਖ ਤਿਉਹਾਰ ਮੰਨਿਆ ਜਾਂਦਾ ਹੈ। ਅੱਜ ਵੀ ਦੀਵਾਲੀ ਦੇ ਦਿਨਾਂ ਨੂੰ ਫੈਸਟਿਵ ਸੀਜ਼ਨ ਮੰਨਿਆ ਜਾਂਦਾ ਹੈ, ਜਿਸ ਦੌਰਾਨ ਲੋਕਾਂ ਦੇ ਚਿਹਰਿਆਂ 'ਤੇ ਇਕ ਵੱਖਰੀ ਖੁਸ਼ੀ ਝਲਕਦੀ ਹੈ, ਉਥੇ ਦੁਕਾਨਦਾਰਾਂ ਤੇ ਉਤਪਾਦਕਾਂ ਆਦਿ ਨੂੰ ਵੀ ਇਸ ਤਿਉਹਾਰੀ ਸੀਜ਼ਨ 'ਚ ਬੇਹੱਦ ਉਮੀਦਾਂ ਹੁੰਦੀਆਂ ਹਨ। ਕੁਝ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਦੀਵਾਲੀ ਤੋਂ ਮਹੀਨਾ ਦੋ ਮਹੀਨੇ ਪਹਿਲਾਂ ਹੀ ਬਾਜ਼ਾਰਾਂ 'ਚ ਪਟਾਕਿਆਂ ਦੇ ਸਟਾਲ ਸਜ ਜਾਂਦੇ ਸਨ ਅਤੇ ਬੱਚੇ ਦੀਵਾਲੀ ਦੁਸਹਿਰੇ ਦੇ ਦਿਨਾਂ 'ਚ ਅਕਸਰ ਗਲੀਆਂ 'ਚ ਪਟਾਕੇ ਚਲਾਉਂਦੇ ਨਜ਼ਰ ਆਉਂਦੇ ਸਨ। ਹੌਲੀ-ਹੌਲੀ ਵਾਤਾਵਰਣ ਪ੍ਰਦੂਸ਼ਣ ਤੇ ਹੋਰ ਮਾਮਲਿਆਂ ਵਿਚ ਆਈ ਜਾਗਰੂਕਤਾ ਦਾ ਅਸਰ ਇਹ ਹੋਇਆ ਕਿ ਹੁਣ ਦੁਸਹਿਰੇ 'ਚ ਸਿਰਫ ਚਾਰ ਦਿਨ ਬਾਕੀ ਰਹਿ ਗਏ ਹਨ ਪਰ ਬਾਜ਼ਾਰਾਂ 'ਚ ਲੱਭਣ 'ਤੇ ਵੀ ਪਟਾਕੇ ਨਹੀਂ ਮਿਲ ਰਹੇ। ਅਜਿਹੇ ਚ ਦੀਵਾਲੀ, ਦੁਸਹਿਰੇ ਦਾ ਸੀਜ਼ਨ ਸ਼ੁਰੂ ਹੋ ਜਾਣ ਦੇ ਬਾਵਜੂਦ ਸ਼ਾਇਦ ਹੀ ਕਿਸੇ ਗਲੀ ਵਿਚ ਤੁਹਾਨੂੰ ਬੱਚੇ ਪਟਾਕੇ ਚਲਾਉਂਦੇ ਨਜ਼ਰ ਆਉਣ।
ਐਕਟ ਮੁਤਾਬਕ 100 ਕਿਲੋ ਹਲਕੇ ਪਟਾਕਿਆਂ ਲਈ ਲਾਇਸੈਂਸ ਜ਼ਰੂਰੀ ਨਹੀਂ
ਭਾਵੇਂ ਪਟਾਕਿਆਂ ਦੀ ਵਿਕਰੀ ਲਈ ਐਕਸਪਲੋਸਿਵ ਐਕਟ ਅਧੀਨ ਲਾਇਸੈਂਸ ਲੈਣਾ ਜ਼ਰੂਰੀ ਹੁੰਦਾ ਹੈ ਪਰ ਐਕਸਪਲੋਸਿਵ ਐਕਟ 1884 ਦੇ ਜਾਣਕਾਰ ਦੱਸਦੇ ਹਨ ਕਿ 100 ਕਿਲੋ ਤੱਕ ਹਲਕੇ ਪਟਾਕੇ ਰੱਖਣ ਲਈ ਕਿਸੇ ਤਰ੍ਹਾਂ ਦੇ ਲਾਇਸੈਂਸ ਦੀ ਲੋੜ ਨਹੀਂ ਹੁੰਦੀ। ਇਨ੍ਹਾਂ ਹਲਕੇ ਪਟਾਕਿਆਂ 'ਚ ਪਿਸਤੌਲ ਨਾਲ ਚੱਲਣ ਵਾਲੇ ਛੋਟੇ ਪਟਾਕੇ ਅਤੇ ਫੁਲਝੜੀਆਂ ਆਦਿ ਸ਼ਾਮਲ ਹਨ।
ਡਰਦੇ ਮਾਰੇ ਹਲਕੇ ਪਟਾਕੇ ਵੀ ਨਹੀਂ ਵੇਚ ਰਹੇ ਦੁਕਾਨਦਾਰ
ਸੀਜ਼ਨ ਦੇ ਬਾਵਜੂਦ ਬਾਜ਼ਾਰਾਂ 'ਚ ਪਟਾਕਿਆਂ ਦੀ ਵਿਕਰੀ ਬਿਲਕੁਲ ਮਾਮੂਲੀ ਹੋਣ ਬਾਰੇ ਜਦੋਂ ਹੋਲਸੇਲ ਪਟਾਕਾ ਵਿਕ੍ਰੇਤਾ ਬਲਦੇਵ ਬੱਲੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਐਕਸਪਲੋਸਿਵ ਐਕਟ ਦੇ ਅਧੀਨ ਦੁਕਾਨਦਾਰ 100 ਕਿਲੋ ਤਕ ਪਿਸਤੌਲ ਦੇ ਪਟਾਕੇ ਅਤੇ ਫੁਲਝੜੀਆਂ ਆਦਿ ਰੱਖ ਸਕਦੇ ਹਨ ਪਰ ਫਿਰ ਵੀ ਪੁਲਸ ਆਦਿ ਦੇ ਡਰ ਨਾਲ ਜਾਂ ਐਕਟ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਛੋਟੇ ਦੁਕਾਨਦਾਰਾਂ ਨੇ ਵੀ ਇਨ੍ਹਾਂ ਦੀ ਵਿੱਕਰੀ ਬੰਦ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ 100 ਕਿਲੋ ਤਕ ਅਜਿਹੇ ਪਟਾਕੇ ਘਰ ਜਾਂ ਦੁਕਾਨ ਵਿਚ ਰੱਖਣ ਲਈ ਕਿਸੇ ਤਰ੍ਹਾਂ ਦੀ ਲਾਇਸੈਂਸ ਦੀ ਲੋੜ ਨਹੀਂ ਹੈ। ਇਹੀ ਕਾਰਨ ਹੈ ਕਿ ਅੱਜ ਗਲੀਆਂ 'ਚ ਤੁਹਾਨੂੰ ਬੱਚੇ ਵੀ ਪਟਾਕੇ ਚਲਾਉਂਦੇ ਨਹੀਂ ਨਜ਼ਰ ਆਉਣਗੇ।
ਹਾਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ ਪਟਾਕਾ ਵਿਕ੍ਰੇਤਾ
ਕੁਝ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਨਗਰ ਨਿਗਮ ਦਸਹਿਰੇ ਤੋਂ 20-25 ਦਿਨ ਪਹਿਲਾਂ ਵਿਕ੍ਰੇਤਾਵਾਂ ਨੂੰ ਬਰਲਟਨ ਪਾਰਕ 'ਚ ਦੁਕਾਨਾਂ ਅਲਾਟ ਕਰ ਦਿੰਦਾ ਸੀ ਅਤੇ ਪਟਾਕਾ ਵਿਕ੍ਰੇਤਾ ਨੌਮੀ ਵਾਲੇ ਦਿਨ ਆਪਣੇ ਕਾਰੋਬਾਰ ਦੀ ਸ਼ੁਰੂਆਤ ਕਰ ਦਿੰਦੇ ਸਨ ਪਰ ਦੁਸਹਿਰੇ 'ਚ 4 ਦਿਨ ਬਾਕੀ ਰਹਿ ਜਾਣ ਦੇ ਬਾਵਜੂਦ ਬਰਲਟਨ ਪਾਰਕ 'ਚ ਨਾ ਕੋਈ ਹਲਚਲ ਹੈ ਅਤੇ ਨਾ ਹੀ ਕੋਈ ਦੁਕਾਨ ਬਣਨੀ ਸ਼ੁਰੂ ਹੋਈ ਹੈ, ਜੋ ਪਟਾਕਾ ਕਾਰੋਬਾਰੀ ਕੁਝ ਸਾਲ ਪਹਿਲਾਂ ਕਰੋੜਾਂ ਰੁਪਏ ਦਾ ਵਪਾਰ ਕਰਦੇ ਸਨ, ਹੁਣ ਉਹ ਹੱਥ 'ਤੇ ਹੱਥ ਧਰੀ ਬੈਠੇ ਰਹਿੰਦੇ ਹਨ।
ਕੁਝ ਸਮਾਂ ਪਹਿਲਾਂ ਪਟਾਕਿਆਂ ਨਾਲ ਪੈਦਾ ਹੋਏ ਪ੍ਰਦੂਸ਼ਣ ਆਦਿ ਦਾ ਮਾਮਲਾ ਵੱਖ-ਵੱਖ ਅਦਾਲਤਾਂ ਤੋਂ ਹੁੰਦੇ ਹੋਏ ਸੁਪਰੀਮ ਕੋਰਟ ਤਕ ਪਹੁੰਚਿਆ ਅਤੇ ਉਥੋਂ ਆਏ ਹੁਕਮਾਂ ਕਾਰਨ ਪੂਰੇ ਦੇਸ਼ ਦਾ ਪਟਾਕਾ ਕਾਰੋਬਾਰ ਕਾਫੀ ਪ੍ਰਭਾਵਿਤ ਹੋਇਆ ਹੈ। ਹੁਣ ਵੀ ਪੰਜਾਬ ਨਾਲ ਸਬੰਧਤ ਇਕ ਮਾਮਲਾ ਹਾਈ ਕੋਰਟ 'ਚ ਚੱਲ ਰਿਹਾ ਹੈ, ਜਿਸ ਦੀ ਅੱਜ ਸੁਣਵਾਈ ਹੋਣੀ ਸੀ ਪਰ ਇਸ ਨੂੰ ਸ਼ੁੱਕਰਵਾਰ ਤਕ ਟਾਲ ਦਿੱਤਾ ਗਿਆ ਹੈ। ਹੁਣ ਸ਼ਾਇਦ ਕੱਲ ਇਸ ਸਬੰਧ ਵਿਚ ਕੋਈ ਫੈਸਲਾ ਆਉਣ ਦੀ ਉਮੀਦ ਹੈ। ਪਟਾਕਾ ਕਾਰੋਬਾਰੀ ਦੱਸਦੇ ਹਨ ਕਿ ਅਦਾਲਤੀ ਫੈਸਲੇ ਦੇ ਇੰਤਜ਼ਾਰ ਕਾਰਨ ਹੀ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਉਨ੍ਹਾਂ ਨੂੰ ਦੁਕਾਨਾਂ ਬਣਾਉਣ ਜਾਂ ਪਟਾਕਿਆਂ ਦੀ ਵਿੱਕਰੀ ਦੇ ਲਾਇਸੈਂਸ ਜਾਰੀ ਨਹੀਂ ਕਰ ਰਿਹਾ।