ਪੰਜਾਬ ''ਚ ਜੈਵਿਕ ਖੇਤੀ ਦੇ ਨਾਂ ''ਤੇ ਵੱਡੀ ਠੱਗੀ! 87 ਕਰੋੜ ਦਾ ਲੈਣ-ਦੇਣ, 4 ਗ੍ਰਿਫ਼ਤਾਰ
Friday, Sep 19, 2025 - 07:55 PM (IST)

ਖੰਨਾ (ਬਿਪਿਨ) : ਐੱਸ.ਐੱਸ.ਪੀ. ਖੰਨਾ ਡਾ. ਜਯੋਤੀ ਯਾਦਵ ਬੈਂਸ ਦੀ ਰਹਿਨੁਮਾਈ ਹੇਠ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਠੱਗੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਸਮਰਾਲਾ ਵਿਖੇ ਚੱਲ ਰਹੀ ਜਨਰੇਸ਼ਨ ਆਫ ਫਾਰਮਿੰਗ ਕੰਪਨੀ ‘ਤੇ ਰੇਡ ਕਰ ਕੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲੋਂ 6 ਲੈਪਟਾਪ, 4 ਸੀ.ਪੀ.ਯੂ., 4 ਸਕਰੀਨਾਂ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
ਸ਼ਿਕਾਇਤ 'ਤੇ ਮੁਕੱਦਮਾ ਦਰਜ
ਜੋਗਿੰਦਰ ਕੁਮਾਰ ਵਾਸੀ ਫੁੱਲਾਵਾਲ ਨੇ 17 ਸਤੰਬਰ ਨੂੰ ਥਾਣਾ ਸਮਰਾਲਾ ਵਿੱਚ ਅਰਜ਼ੀ ਦੇ ਕੇ ਦੱਸਿਆ ਕਿ ਉਸ ਨਾਲ ਅਤੇ ਉਸਦੇ ਜੀਜੇ ਨਾਲ ਜਨਰੇਸ਼ਨ ਆਫ ਫਾਰਮਿੰਗ ਕੰਪਨੀ ਨੇ 25.75 ਲੱਖ ਰੁਪਏ ਦੀ ਠੱਗੀ ਕੀਤੀ। ਕੰਪਨੀ ਦੇ ਮਾਲਕਾਂ ਨੇ ਆਰਗੈਨਿਕ ਉਤਪਾਦਾਂ ਵਿੱਚ ਨਿਵੇਸ਼ ‘ਤੇ 8 ਫੀਸਦੀ ਮਹੀਨਾਵਾਰ ਮੁਨਾਫ਼ੇ ਦਾ ਲਾਲਚ ਦਿੱਤਾ ਸੀ। ਸ਼ੁਰੂਆਤੀ ਕੁਝ ਰਕਮ ਵਾਪਸ ਕੀਤੀ ਗਈ ਪਰ ਬਾਅਦ ਵਿੱਚ ਧੋਖਾਧੜੀ ਸਾਹਮਣੇ ਆਈ। ਇਸ ‘ਤੇ ਪੁਲਸ ਨੇ ਮੁਕੱਦਮਾ ਨੰਬਰ 247 ਮਿਤੀ 17.09.2025 ਧਾਰਾਵਾਂ 318(4), 316(2), 338, 336(3), 340(2), 61(2) ਅਧੀਨ ਦਰਜ ਕੀਤਾ। ਉਸ ਤੋਂ ਅਗਲੇ ਦਿਨ ਹੋਰ ਸ਼ਿਕਾਇਤ ‘ਤੇ ਮੁਕੱਦਮਾ ਨੰਬਰ 248 ਵੀ ਦਰਜ ਹੋਇਆ, ਜਿਸ ਵਿੱਚ ਵਿਕਰਮਜੀਤ ਸਿੰਘ ਅਤੇ ਪਰਵਿੰਦਰ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਪੁਲਸ ਨੇ ਰੇਡ ਦੌਰਾਨ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
ਇਸ ਦੌਰਾਨ ਗ੍ਰਿਫਤਾਰ ਕੀਤੇ ਗਿਆਂ ਵਿਚ ਬਿਕਰਮਜੀਤ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਗਹਿਲੇਵਾਲ, ਅਮਿਤ ਖੁੱਲਰ ਪੁੱਤਰ ਭਾਰਤ ਭੂਸ਼ਣ ਖੁੱਲਰ ਵਾਸੀ ਨਵਾ ਪੂਰਬਾ, ਫਿਰੋਜ਼ਪੁਰ ਹਰਪ੍ਰੀਤ ਸਿੰਘ ਪੁੱਤਰ ਜਗਪਾਲ ਸਿੰਘ ਵਾਸੀ ਗਹਿਲੇਵਾਲ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਖੀਰਨੀਆ ਸ਼ਾਮਲ ਹਨ। ਵੱਡੇ ਪੱਧਰ ‘ਤੇ ਠੱਗੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਦੋਸ਼ੀਆਂ ਨੇ ਵੱਖ-ਵੱਖ ਨਾਮਾਂ 'ਤੇ ਕਈ ਫਰਮਾਂ ਰਜਿਸਟਰ ਕਰਵਾਈਆਂ, ਜਿਵੇਂ – ਜਨਰੇਸ਼ਨ ਆਫ ਫਾਰਮਿੰਗ, ਹੋਪ ਆਫ ਫਾਰਮਿੰਗ, ਰੰਧਾਵਾ ਇੰਟਰਪ੍ਰਾਈਜ਼ਿਸ, ਗੋਫ ਟ੍ਰੇਡਿੰਗ, ਕਿਸਾਨ ਆਫ ਪੰਜਾਬ ਐਗਰੋ ਨਰਸਰੀ, ਗੋਫ ਫਿਟਨੈੱਸ ਲੈਬ, ਗੋਫ ਫੈਮਲੀ ਕੇਅਰ ਪ੍ਰੋਡਕਟਸ ਅਤੇ ਗੋਫ ਮਿਲਕ ਪ੍ਰੋਡਕਟਸ।
ਪੁਲਸ ਨੇ ਇਹਨਾਂ ਕੰਪਨੀਆਂ ਦੇ 21 ਬੈਂਕ ਅਕਾਊਂਟਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚ 1 ਜਨਵਰੀ 2025 ਤੋਂ ਹੁਣ ਤੱਕ ਲਗਭਗ 87 ਕਰੋੜ ਰੁਪਏ ਦੀ ਲੈਣ-ਦੇਣ ਹੋਇਆ ਹੈ। ਇਸ ਵਿੱਚੋਂ ਕਰੀਬ 60 ਲੱਖ ਰੁਪਏ ਫ੍ਰੀਜ਼ ਕਰਵਾਏ ਗਏ ਹਨ।
ਖ਼ਾਸ SIT ਬਣਾਈ ਗਈ
ਇਸ ਵੱਡੇ ਮਾਮਲੇ ਦੀ ਜਾਂਚ ਲਈ ਖਾਸ SIT ਤਿਆਰ ਕੀਤੀ ਗਈ ਹੈ, ਜਿਸਦਾ ਨੋਡਲ ਅਧਿਕਾਰੀ ਐੱਸ.ਪੀ. (ਡੀ) ਖੰਨਾ ਹਨ, ਜਦਕਿ ਮੈਂਬਰਾਂ ਵਿੱਚ ਡੀ.ਐੱਸ.ਪੀ. ਸਮਰਾਲਾ, ਡੀ.ਐੱਸ.ਪੀ. (ਡੀ) ਅਤੇ ਇੰਸਪੈਕਟਰ ਵਿਨੋਦ ਕੁਮਾਰ ਸ਼ਾਮਲ ਹਨ।
ਪੁਲਸ ਦੀ ਵੱਡੀ ਸਫ਼ਲਤਾ
ਐੱਸ.ਐੱਸ.ਪੀ. ਡਾ. ਜਯੋਤੀ ਯਾਦਵ ਬੈਂਸ ਨੇ ਕਿਹਾ ਕਿ ਇਹ ਗਿਰੋਹ ਲੋਕਾਂ ਨਾਲ ਪੰਜੀ ਸਕੀਮ ਦੇ ਨਾਂ ‘ਤੇ ਵੱਡੀ ਠੱਗੀ ਕਰ ਰਿਹਾ ਸੀ। ਲੋਕਾਂ ਦੀਆਂ ਸ਼ਿਕਾਇਤਾਂ ‘ਤੇ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨਾ ਪੁਲਸ ਲਈ ਵੱਡੀ ਸਫ਼ਲਤਾ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸੰਭਾਵਨਾ ਹੈ ਕਿ ਹੋਰ ਸ਼ਿਕਾਇਤਾਂ ਵੀ ਸਾਹਮਣੇ ਆ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e