ਹਿੰਦੂਆਂ ਦੇ ਦੇਸ਼ ''ਚ ਗਊਆਂ ਦੀ ਬੇਕਦਰੀ
Monday, Feb 05, 2018 - 06:35 AM (IST)

ਬਠਿੰਡਾ, (ਬਲਵਿੰਦਰ)- ਵੈਸੇ ਤਾਂ ਭਾਰਤ ਵਿਚ ਗਊ ਨੂੰ ਮਾਤਾ ਦਾ ਦਰਜਾ ਪ੍ਰਾਪਤ ਹੈ ਪਰ ਕਿੰਨੇ ਸ਼ਰਮ ਦੀ ਗੱਲ ਹੈ ਕਿ ਇਸੇ ਭਾਰਤ ਵਿਚ ਜ਼ਿੰਦਾ ਗਊਆਂ ਨੂੰ ਕੁੱਤੇ ਖਾ ਰਹੇ ਹਨ। ਬਠਿੰਡਾ 'ਚ ਸੈਂਕੜੇ ਗਊਆਂ ਮੌਤ ਹਵਾਲੇ ਕਰ ਦਿੱਤੀਆਂ ਗਈਆਂ ਪਰ ਪ੍ਰਸ਼ਾਸਨ ਬੇਖ਼ਬਰ ਹੈ। ਹੋਰ ਤਾਂ ਹੋਰ ਗਊ ਰੱਖਿਆ ਦੀ ਦੁਹਾਈ ਦੇਣ ਵਾਲੀਆਂ ਹਿੰਦੂ ਜਥੇਬੰਦੀਆਂ ਵੀ ਲਾਪਤਾ ਹਨ।
ਕੀ ਹੈ ਮਾਮਲਾ
ਬਠਿੰਡਾ ਦੇ ਚਿੜੀਆ ਘਰ ਅਤੇ ਨਹਿਰ ਵਿਚਕਾਰ ਖਾਲੀ ਪਈ 5 ਕੁ ਏਕੜ ਸਰਕਾਰੀ ਜਗ੍ਹਾ 'ਚ ਕਰੀਬ 100 ਗਊਵੰਸ਼ ਘੇਰ ਕੇ ਰੱਖਿਆ ਹੋਇਆ ਹੈ। ਨਵਾਂ ਪਿੰਡ, ਚੁੱਘੇ ਖੁਰਦ, ਮੁਲਤਾਨੀਆਂ, ਚੁੱਘੇ ਕਲਾਂ ਆਦਿ ਪਿੰਡਾਂ ਦੇ ਲੋਕਾਂ ਨੇ ਗਊਵੰਸ਼ ਨੂੰ ਖੇਤਾਂ 'ਚ ਜਾਣ ਤੋਂ ਰੋਕਣ ਖਾਤਰ ਪਹਿਰਾ ਬਿਠਾ ਰੱਖਿਆ ਹੈ। ਦੂਜੇ ਪਾਸੇ ਸ਼ਹਿਰਵਾਸੀਆਂ ਨੇ ਵੀ ਪਹਿਰਾ ਬਿਠਾ ਰੱਖਿਆ ਹੈ ਤਾਂ ਕਿ ਗਊਵੰਸ਼ ਸ਼ਹਿਰ 'ਚ ਵੀ ਦਾਖਲ ਨਾ ਹੋ ਸਕੇ। ਸਿੱਟੇ ਵਜੋਂ ਘੇਰ ਕੇ ਰੱਖਿਆ ਇਹ ਗਊਵੰਸ਼ ਮੌਤ ਦੇ ਹਵਾਲੇ ਹੈ, ਜਿਥੇ ਇਨ੍ਹਾਂ ਲਈ ਹਰੇ ਚਾਰੇ ਦਾ ਕੋਈ ਪੱਕਾ ਪ੍ਰਬੰਧ ਨਹੀਂ। ਕਦੇ-ਕਦੇ ਉਕਤ ਪਿੰਡਾਂ ਦੇ ਕੁਝ ਲੋਕ ਹਰਾ ਚਾਰਾ ਪਾ ਜਾਂਦੇ ਹਨ, ਜੋ ਨਾਕਾਫੀ ਹੈ।
ਸਿੱਟੇ ਵਜੋਂ ਭੁੱਖ-ਪਿਆਸ ਕਾਰਨ ਗਊਆਂ ਦੇ ਵੱਛੇ ਜਾਂ ਗਊਵੰਸ਼ ਅਤਿ ਕਮਜ਼ੋਰ ਹੋ ਕੇ ਡਿੱਗ ਪੈਂਦਾ ਹੈ। ਜਦੋਂ ਉਹ ਉੱਠਣ 'ਚ ਅਸਮਰਥ ਹੁੰਦਾ ਹੈ ਤਾਂ ਜਿਊਂਦਿਆਂ ਨੂੰ ਹੀ ਇਥੇ ਘੁੰਮਦੇ ਖੁੰਖਾਰ ਕੁੱਤੇ ਖਾਣ ਲੱਗਦੇ ਹਨ, ਜਿਸ ਕਾਰਨ ਕੁਝ ਹੀ ਘੰਟਿਆਂ 'ਚ ਉਸ ਦੀ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਇਥੇ ਗਊਵੰਸ਼ ਦੇ ਅਨੇਕਾਂ ਪਿੰਜਰ ਦੇਖੇ ਜਾ ਸਕਦੇ ਹਨ। ਉਪਰੋਕਤ ਜੀਵ ਹੱਤਿਆ ਜਾਂ ਮਨੁੱਖਤਾ ਦੀ ਹੱਤਿਆ ਦੀ ਇਕ ਤਸਵੀਰ ਹੈ। ਇਸ ਦੀ ਦੂਜੀ ਤਸਵੀਰ ਮਾਨਸਾ ਰੋਡ 'ਤੇ ਛਾਉਣੀ ਦੇ ਨਾਲ ਹੈ, ਜਿਥੇ ਕਰੀਬ 200 ਗਊਵੰਸ਼ ਹੈ। ਇਸੇ ਤਰ੍ਹਾਂ ਮਾਨਸਾ ਰੋਡ 'ਤੇ ਹੀ ਮਾਡਰਨ ਆਈ. ਟੀ. ਆਈ. ਅਤੇ ਰੋਸ਼ਨ ਲਾਲ ਆਇਲ ਮਿੱਲ ਦੀ ਪੁਰਾਣੀ ਇਮਾਰਤ ਦੇ ਨਾਲ ਹੈ, ਜਿਥੇ 100-100 ਗਊਵੰਸ਼ ਮੌਤ ਦੀ ਉਡੀਕ ਵਿਚ ਹੈ। ਇਨ੍ਹਾਂ ਥਾਵਾਂ 'ਤੇ ਵੀ ਕੁਝ ਲੋਕ ਹਰਾ ਚਾਰਾ ਪਾਉਣ ਲਈ ਕਦੇ-ਕਦੇ ਆ ਜਾਂਦੇ ਹਨ ਪਰ ਇਹ ਸਭ ਕੁਝ ਨਾਕਾਫੀ ਹੈ। ਇਨ੍ਹਾਂ ਥਾਵਾਂ 'ਤੇ ਵੀ ਬੇਵੱਸ ਹੋਏ ਗਊਵੰਸ਼ ਨੂੰ ਕੁੱਤੇ ਖਾ ਰਹੇ ਹਨ।
ਪ੍ਰਸ਼ਾਸਨ ਬੇਖ਼ਬਰ ਜਾਂ ਲਾਪ੍ਰਵਾਹ?
ਉਪਰੋਕਤ ਮਸਲੇ ਤੋਂ ਪ੍ਰਸ਼ਾਸਨ ਬੇਖ਼ਬਰ ਤਾਂ ਨਹੀਂ ਹੋ ਸਕਦਾ ਪਰ ਲਾਪ੍ਰਵਾਹ ਜ਼ਰੂਰ ਹੋਇਆ ਬੈਠਾ ਹੈ। ਇਹ ਵਰਤਾਰਾ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਪ੍ਰਸ਼ਾਸਨ ਨੇ ਖਾਨਾਪੂਰਤੀ ਤੋਂ ਵੱਧ ਕੁਝ ਨਹੀਂ ਕੀਤਾ। ਹਰੇਕ ਸਾਲ ਸ਼ਹਿਰ 'ਚੋਂ ਕਰੀਬ ਤਿੰਨ ਕਰੋੜ ਰੁਪਏ 'ਕਾਓ ਸੈੱਸ' ਇਕੱਤਰ ਹੁੰਦਾ ਹੈ ਪਰ ਇਹ ਮਸਲਾ ਹੱਲ ਨਹੀਂ ਹੋਇਆ। ਕਾਓ ਸੈੱਸ ਦਾ ਪੈਸਾ ਤਾਂ ਗਊਸ਼ਾਲਾਵਾਂ ਨੂੰ ਭੇਜਿਆ ਜਾ ਰਿਹਾ ਹੈ ਪਰ ਬੇਸਹਾਰਾ ਗਊਵੰਸ਼ ਨਹੀਂ ਭੇਜਿਆ ਜਾ ਰਿਹਾ।
ਕੀ ਹੱਲ ਹੋਵੇ
ਮੁੱਕਦੀ ਗੱਲ ਇਹ ਕਿ ਸ਼ਹਿਰਾਂ ਵਾਲੇ ਡੰਡੇ ਮਾਰ ਕੇ ਗਊਵੰਸ਼ ਨੂੰ ਪਿੰਡਾਂ ਵੱਲ ਧਕੇਲ ਦਿੰਦੇ ਹਨ, ਜਦਕਿ ਪਿੰਡਾਂ ਵਾਲੇ ਟਰਾਲੀਆਂ ਭਰ-ਭਰ ਕੇ ਚੋਰੀ-ਚੋਰੀ ਸ਼ਹਿਰਾਂ 'ਚ ਛੱਡ ਜਾਂਦੇ ਹਨ। ਇਸ ਮਸਲੇ ਨੂੰ ਸ਼ਹਿਰਾਂ ਵਾਲੇ ਪਿੰਡਾਂ ਦੇ ਗਲ਼ ਪਾ ਰਹੇ ਹਨ ਤੇ ਪਿੰਡਾਂ ਵਾਲੇ ਸ਼ਹਿਰਾਂ ਦੇ ਪਰ ਇਸ ਦਾ ਹੱਲ ਕੋਈ ਨਹੀਂ ਕਰਨਾ ਚਾਹੁੰਦਾ। ਕੁਝ ਬੁੱਧੀਜੀਵੀਆਂ ਨਾਲ ਗੱਲਬਾਤ ਕਰਨ ਤੋਂ ਹੱਲ ਸਾਹਮਣੇ ਆਇਆ ਕਿ ਹਰੇਕ ਪਿੰਡ ਤੇ ਹਰੇਕ ਸ਼ਹਿਰ 'ਚ ਆਬਾਦੀ ਤੇ ਰਕਬੇ ਮੁਤਾਬਕ ਗਊਸ਼ਾਲਾਵਾਂ ਦੀ ਸਥਾਪਨਾ ਹੋਵੇ, ਜਿਥੇ ਗਊਵੰਸ਼ ਨੂੰ ਸੰਭਾਲਿਆ ਜਾਵੇ ਤੇ ਉਸ ਦਾ ਖਰਚਾ ਵੀ ਉਸੇ ਇਲਾਕੇ ਤੋਂ ਲਿਆ ਜਾਵੇ। ਇਸ ਯੋਜਨਾ 'ਤੇ ਅਮਲ ਕਰਨ ਦੀ ਜ਼ਰੂਰਤ ਹੈ।