ਗ੍ਰਾਂਟ ਅਤੇ ਦਾਨ ਪੱਖੋਂ ਅਹਿਮਦਪੁਰ ਗਊਸ਼ਾਲਾ ਵਿਚ ਰੁਲ ਰਿਹਾ ਗਊ ਧਨ

Sunday, Aug 08, 2021 - 10:35 PM (IST)

ਬੁਢਲਾਡਾ(ਮਨਜੀਤ)- ਪਿੰਡ ਅਹਿਮਦਪੁਰ ਵਿਖੇ ਜੈ ਬਾਬਾ ਕਿਸ਼ੋਰ ਦਾਸ ਜੀ ਸਮਾਧ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀ ਗਊਸ਼ਾਲਾ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਪਹਿਲਾਂ ਦੇ ਮੁਕਾਬਲੇ ਇਸ ਗਊਸ਼ਾਲਾ ਵਿਚ ਜਾਨਵਰਾਂ ਦੀ ਗਿਣਤੀ ਵਧ ਗਈ ਹੈ ਪਰ ਇੱਥੇ ਸਹੂਲਤਾਂ ਨਾ ਮਾਤਰ ਹਨ। ਬਿਲਡਿੰਗ ਅਤੇ ਚਾਰ ਦੀਵਾਰੀ ਬਹੁਤ ਹੀ ਘੱਟ ਹੈ। ਜਿਸ ਕਰਕੇ ਗਊਆਂ ਨੂੰ ਦਿਨੇ ਖੁੱਲ੍ਹੇ ਮੈਦਾਨ ਅਤੇ ਗਾਰ ਵਿਚ ਬੈਠਣਾ ਪੈਂਦਾ ਹੈ। ਇਸ ਤੋਂ ਪਹਿਲਾਂ ਸ਼ੁਰੂ ਵਿਚ ਜਾਨਵਰਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਹੁਣ ਬਹੁਤ ਜਿਆਦਾ ਗਿਣਤੀ ਹੋ ਚੁੱਕੀ ਹੈ। ਜਿਸ ਕਰਕੇ ਇਸ ਗਊਸ਼ਾਲਾ ਨੂੰ ਚਾਰ ਦੀਵਾਰੀ ਤੋਂ ਇਲਾਵਾ ਹਰਾ ਚਾਰਾ, ਹੋਰ ਵੱਡੀਆਂ ਸਹੂਲਤਾਂ ਅਤੇ ਖਸਤਾ ਹਾਲਤ ਬਿਲਡਿੰਗ ਨੂੰ ਦੇਖਦੇ ਹੋਏ ਨਵੇਂ ਸਿਰੇ ਤੋਂ ਬਣਾਉਣ ਦੀ ਗਊ ਸੇਵਾਦਾਰਾਂ ਦੀ ਮੰਗ ਹੈ। ਇਸ ਸੰਬੰਧੀ ਜੈ ਬਾਬਾ ਕਿਸ਼ੋਰ ਦਾਸ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ ਦੀਪਾ, ਗੁਰਸੇਵਕ ਸਿੰਘ ਜਵੰਧਾ ਨੇ ਦੱਸਿਆ ਕਿ ਬਾਬਾ ਕਿਸ਼ੋਰ ਦਾਸ ਸਮਾਧ ਅਤੇ ਗਊਸ਼ਾਲਾ ਕੋਲ ਵੀ ਆਮਦਨ ਦਾ ਸਾਧਨ ਅਤੇ ਜਮੀਨ ਨਹੀਂ। ਗਊਆਂ ਦੀ ਸਾਂਭ-ਸੰਭਾਲ ਜੋ ਬਾਬਾ ਕਿਸ਼ੋਰ ਦਾਸ ਜੀ ਦੀ ਸਮਾਧ ਤੇ ਸ਼ਰਧਾਲੂਆਂ ਵਲੋਂ ਮੱਥਾ ਟੇਕਿਆ ਜਾਂਦਾ ਹੈ ਜਾਂ ਦਾਨ ਦਿੱਤਾ ਜਾਂਦਾ ਹੈ। ਉਸ ਨਾਲ ਹੀ ਗਊਸ਼ਾਲਾ ਦੇ ਖਰਚੇ ਚੱਲਦੇ ਹਨ। ਉਨ੍ਹਾਂ ਦੱਸਿਆ ਕਿ ਗਊਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਸਹੂਲਤਾਂ ਘਟ ਰਹੀਆਂ ਹਨ। ਸਹੂਲਤਾਂ ਦੀ ਘਾਟ ਕਾਰਨ ਉਨ੍ਹਾਂ ਦੇ ਬੈਠਣ ਲਈ ਛੱਤ ਦਾ ਵੀ ਛਤਾਅ ਘੱਟ ਹੈ। ਜਿਸ ਨੂੰ ਰਾਤ ਸਮੇਂ ਬਿਲਡਿੰਗ ਅਤੇ ਦਿਨ ਸਮੇਂ ਸ਼ੈੱਡਾਂ ਦੀ ਬਹੁਤ ਲੋੜ ਹੈ। ਸਰਦੀ ਦੇ ਮੌਸਮ ਵਿਚ ਇਹ ਮੁਸ਼ਕਿਲ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਜਾਨਵਰਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਰਾਤ ਸਮੇਂ ਮਲ ਮੂਤਰ ਅਤੇ ਗੋਹਾ ਜਿਆਦਾ ਹੋਣ ਕਾਰਨ ਉਨ੍ਹਾਂ ਦੇ ਬਿਮਾਰ ਹੋਣ ਦੀ ਗਿਣਤੀ ਵਧ ਜਾਂਦੀ ਹੈ। ਮਲ ਮੂਤਰ ਦਾ ਰਾਤ ਸਮੇਂ ਕੋਈ ਹੱਲ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ, ਪ੍ਰਸ਼ਾਸ਼ਨ ਅਤੇ ਸਮਾਜ ਸੇਵੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਗਊਸ਼ਾਲਾ ਦੇ ਨਿਰਮਾਣ ਲਈ 50 ਲੱਖ ਰੁਪਏ ਦੀ ਜਰੂਰਤ ਨੂੰ ਪੂਰਾ ਕਰਦੇ ਹੋਏ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂ ਜੋ ਸਰਦੀ ਦੇ ਮੌਸਮ ਤੋਂ ਪਹਿਲ਼ਾਂ ਗਊਸ਼ਾਲਾ ਦਾ ਨਿਰਮਾਣ ਕਰਕੇ ਗਊਆਂ ਨੂੰ ਗਾਰ ਵਿਚੋਂ ਕੱਢ ਕੇ ਗਊ ਧਨ ਨੂੰ ਸੰਭਾਲਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਕ ਸਮਾਜ ਸੇਵੀ ਪੰਚਾਇਤ ਸਕੱਤਰ ਹਰਵੀਰ ਸਿੰਘ ਨੇ ਸਹਿਯੋਗ ਦੀ ਪਹਿਲ ਕੀਤੀ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਤੋਂ ਗਊਸ਼ਾਲਾ ਦੀ ਬਾਂਹ ਫੜਣ ਦੀ ਮੰਗ ਕੀਤੀ ਹੈ।


Bharat Thapa

Content Editor

Related News