''ਕਾਓ ਸੈੱਸ'' ਨੂੰ ਲੈ ਕੇ ਭਾਜਪਾਈਆਂ ਨੇ ਕੀਤਾ ਅਨੋਖੇ ਢੰਗ ਨਾਲ ਰੋਸ ਵਿਖਾਵਾ
Saturday, Feb 15, 2020 - 04:34 PM (IST)
ਲੁਧਿਆਣਾ (ਗੁਪਤਾ) : ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਵਸੂਲੇ ਜਾਂਦੇ 'ਕਾਓ ਸੈੱਸ' ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਭਾਜਪਾਈਆਂ ਨੇ ਇਸ ਸੈੱਸ ਨੂੰ ਲੈ ਕੇ ਅਨੋਖੇ ਢੰਗ ਨਾਲ ਰੋਸ ਵਿਖਾਵਾ ਕਰਦਿਆਂ ਗਾਵਾਂ ਦੇ ਗਲੇ 'ਚ ਤਖਤੀਆਂ ਪਾ ਕੇ ਲਿਖ ਦਿੱਤਾ ਕਿ 'ਲਾਲੂ ਸਾਡਾ ਚਾਰਾ ਖਾ ਗਿਆ, ਕੈਪਟਨ ਅਮਰਿੰਦਰ ਖਾ ਗਿਆ ਸਾਡਾ ਸੈੱਸ'। ਇਸ ਕੇਸ ਨੂੰ ਲੈ ਕੇ ਭਾਜਪਾਈਆਂ ਵੱਲੋਂ ਕੀਤੇ ਗਏ ਰੋਸ ਵਿਖਾਵੇ ਦੀ ਅਗਵਾਈ ਸੀਨੀਅਰ ਭਾਜਪਾ ਨੇਤਾ ਕਮਲ ਚੇਤਲੀ, ਯੁਵਾ ਨੇਤਾ ਹਰਸ਼ ਚੇਤਲੀ ਨੇ ਕੀਤੀ।
ਰਕਾਰ 'ਕਾਓ ਸੈੱਸ' ਲੈ ਰਹੀ ਹੈ ਤਾਂ ਸੜਕਾਂ 'ਤੇ ਕਿਉਂ ਹੈ ਗਊਧਨ : ਕਮਲ ਚੇਤਲੀ
ਵਿਖਾਵਾਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਜਪਾ ਨੇਤਾ ਕਮਲ ਚੇਤਲੀ ਨੇ ਕਿਹਾ ਕਿ ਪੰਜਾਬ ਅਜਿਹਾ ਪਹਿਲਾ ਸੂਬਾ ਹੈ, ਜਿਸ ਵੱਲੋਂ 'ਕਾਓ ਸੈੱਸ' ਵਸੂਲਿਆ ਜਾ ਰਿਹਾ ਹੈ। ਹੁਣ ਤੱਕ ਸੂਬੇ ਦੀ ਜਨਤਾ ਤੋਂ ਕਰੋੜਾਂ ਰੁਪਏ ਦਾ 'ਕਾਓ ਸੈੱਸ' ਵਸੂਲਿਆ ਗਿਆ ਹੈ ਪਰ ਸੂਬੇ ਵਿਚ ਗਾਵਾਂ ਅਜੇ ਵੀ ਸੜਕਾਂ 'ਤੇ ਦਰਦਨਾਕ ਜ਼ਿੰਦਗੀ ਜਿਊਣ ਲਈ ਮਜਬੂਰ ਹਨ। 'ਕਾਓ ਸੈੱਸ' ਲਾਉਂਦੇ ਸਮੇਂ ਸਰਕਾਰ ਨੇ ਗਾਵਾਂ ਦੀ ਦੇਖਭਾਲ ਕਰਨ ਲਈ ਇਸ ਸੈੱਸ ਨੂੰ ਲਾਏ ਜਾਣ ਦੀ ਗੱਲ ਕਹੀ ਸੀ ਪਰ ਇਸ ਸੈੱਸ ਦੀ ਵਰਤੋਂ ਸਰਕਾਰ ਦੇ ਨੇਤਾਵਾਂ ਨੂੰ ਸਹੂਲਤਾਂ ਦੇਣ ਲਈ ਹੋ ਰਹੀ ਹੈ। ਗਊ ਮਾਤਾ ਦੇ ਸੜਕ 'ਤੇ ਭਟਕਣ ਕਾਰਣ ਸਾਲ ਭਰ ਪੂਰੇ ਪੰਜਾਬ 'ਚ ਸੈਂਕੜੇ ਲੋਕ ਸੜਕ ਦੁਰਘਟਨਾ ਕਾਰਣ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠਦੇ ਹਨ। ਜੋ ਥੋੜ੍ਹੀ ਬਹੁਤ ਗਊਆਂ ਦੀ ਸੰਭਾਲ ਹੋ ਰਹੀ ਹੈ, ਉਹ ਪੰਜਾਬ ਦੀ ਦਾਨੀ ਜਨਤਾ ਆਪ ਬਣਾਈਆਂ ਗਊਸ਼ਾਲਾਵਾਂ ਰਾਹੀਂ ਕਰ ਰਹੀ ਹੈ। ਰਾਜ ਸਰਕਾਰ ਨੇ ਗਾਵਾਂ ਦੀ ਭਲਾਈ ਅਤੇ ਇਨ੍ਹਾਂ ਦੀ ਦੇਖਭਾਲ 'ਤੇ ਖਰਚ ਹੋਈ ਰਾਸ਼ੀ ਦਾ ਕੋਈ ਰਿਕਾਰਡ ਜਾਰੀ ਨਹੀਂ ਕੀਤਾ, ਜਦੋਂਕਿ 2016 ਤੋਂ ਪੰਜਾਬ 'ਚ ਵਸੂਲੇ ਜਾ ਰਹੇ ਗਊ ਸੈੱਸ ਤੋਂ ਸਰਕਾਰ ਨੇ ਕਰੋੜਾਂ ਰੁਪਏ ਇਕੱਠੇ ਕੀਤੇ ਹਨ। ਸਰਕਾਰ ਇਸ ਵਾਰ ਬਜਟ 'ਚ ਕਾਓ ਸੈੱਸ 'ਤੇ ਵ੍ਹਾਈਟ ਪੇਪਰ ਜਾਰੀ ਕਰੇ। ਇਸ ਰੋਸ ਵਿਖਾਵੇ 'ਚ ਪ੍ਰਧਾਨ ਮੰਤਰੀ ਜਨ ਕਲਿਆਣ ਯੋਜਨਾ ਦੇ ਰਾਸ਼ਟਰੀ ਸਕੱਤਰ ਤਰੁਣ ਜੈਨ, ਅਮਿਤ ਡੋਗਰਾ, ਅਰੁਣ ਠਾਕੁਰ, ਕ੍ਰਿਸ਼ਨ ਸ਼ਰਮਾ, ਰੋਬਿਨ ਸ਼ਰਮਾ, ਸੁਮਿਤ ਸ਼ਰਮਾ, ਸਰਵਣ ਅਤਰੀ, ਵਰਿੰਦਰ ਸਿੰਘ, ਅਨਿਲ ਕੁਮਾਰ, ਹਰੀਸ਼ ਮੇਘਰਾਜ, ਸੁਖਵਿੰਦਰ ਨਾਰੰਗ, ਵਿਕਰਮ ਮਾਂਡੀ, ਵਿਕਾਸ ਬਜਾਜ, ਨਵਦੀਪ ਬੇਦੀ, ਚੇਤਨ, ਜਸਪਾਲ ਵਰਿੰਦਰ ਅਤੇ ਪ੍ਰਿੰਸ ਨੇ ਵੀ ਹਿੱਸਾ ਲਿਆ।
ਕਿਨ੍ਹਾਂ ਚੀਜ਼ਾਂ 'ਤੇ ਲਗਦਾ ਹੈ 'ਕਾਓ ਸੈੱਸ'
ਫੋਰ ਵ੍ਹੀਲਰ, ਟੂ ਵ੍ਹੀਲਰ, ਆਇਲ ਟੈਂਕਰ, ਬਿਜਲੀ ਬਿੱਲ, ਵਿਆਹ ਲਈ ਬੁੱਕ ਕੀਤੇ ਗਏ ਨਾਨ ਏ. ਸੀ. ਹਾਲ, ਇੰਡੀਅਨ ਮੇਡ ਫਾਰਨ ਲਿਕਰ ਅਤੇ ਪੰਜਾਬ ਮੇਡ ਲਿਕਰ 'ਤੇ ਸਰਕਾਰ ਵੱਲੋਂ 'ਕਾਓ ਸੈੱਸ' ਲਿਆ ਜਾ ਰਿਹਾ ਹੈ।
ਕਿੰਨੇ ਲੋਕ ਹੁੰਦੇ ਹਨ ਸੜਕ ਦੁਰਘਟਨਾਵਾਂ ਦਾ ਸ਼ਿਕਾਰ
ਇਕ ਅੰਕੜੇ ਦੇ ਮੁਤਾਬਕ ਹਰ ਸਾਲ 1 ਹਜ਼ਾਰ ਲੋਕ ਆਵਾਰਾ ਪਸ਼ੂਆਂ ਤੋਂ ਹੋਣ ਵਾਲੀਆਂ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ।
ਸੜਕਾਂ 'ਤੇ ਘੁੰਮ ਰਿਹੈ ਗਊਵੰਸ਼
ਸੂਬੇ ਵਿਚ 10 ਨਗਰ ਨਿਗਮਾਂ ਅਤੇ 156 ਨਗਰ ਪਾਲਿਕਾਵਾਂ ਦੇ ਖੇਤਰ ਵਿਚ ਗਾਵਾਂ ਰੱਖਣ ਦੀ ਇਜਾਜ਼ਤ ਨਹੀਂ ਹੈ। ਸੂਬੇ ਵਿਚ ਪਸ਼ੂਆਂ ਦੇ 850 ਫਾਰਮ ਹਾਊਸ ਹਨ, ਜਿਨ੍ਹਾਂ ਵਿਚ ਗਾਵਾਂ ਦੀ ਗਿਣਤੀ 32 ਲੱਖ ਦੇ ਕਰੀਬ ਹੈ, ਜੋ ਕਿ ਦਿਹਾਤੀ ਇਲਾਕਿਆਂ 'ਚ ਹਨ। ਪਸ਼ੂ ਪਾਲਕ ਗਊਧਨ ਅਤੇ ਜਿਹੜੀ ਗਾਂ ਦੁੱਧ ਦੇਣਾ ਬੰਦ ਕਰ ਦਿੰਦੀ ਹੈ, ਉਸ ਨੂੰ ਸੜਕਾਂ 'ਤੇ ਛੱਡ ਦਿੰਦੇ ਹਨ। ਇਸ ਸਮੇਂ ਸੂਬੇ ਦੀਆਂ ਸੜਕਾਂ 'ਤੇ ਕਰੀਬ ਸਵਾ ਲੱਖ ਗਾਵਾਂ ਬੇਸਹਾਰਾ ਘੁੰਮ ਰਹੀਆਂ ਹਨ।