ਚੰਡੀਗੜ੍ਹ GMSH ''ਚ ਕੋਵਿਡ ਵੈਕਸੀਨ ਦਾ ਨਵਾਂ ਸਟਾਕ ਪੁੱਜਿਆ, ਵੈਕਸੀਨੇਸ਼ਨ ਫਿਰ ਸ਼ੁਰੂ
Wednesday, Jan 18, 2023 - 11:46 AM (IST)

ਚੰਡੀਗੜ੍ਹ (ਪਾਲ) : ਸ਼ਹਿਰ 'ਚ ਕੋਵਿਡ ਵੈਕਸੀਨ ਕੋਵਿਸ਼ੀਲਡ ਪਿਛਲੇ ਦੋ ਹਫ਼ਤਿਆਂ ਤੋਂ ਖ਼ਤਮ ਸੀ ਪਰ ਮੰਗਲਵਾਰ ਭਾਰਤ ਸਰਕਾਰ ਵਲੋਂ ਕੋਵਿਸ਼ੀਲਡ ਵੈਕਸੀਨ ਦਾ ਨਵਾਂ ਸਟਾਕ ਆ ਗਿਆ ਹੈ। ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਅਨੁਸਾਰ 2000 ਦੇ ਕਰੀਬ ਟੀਕਿਆਂ ਦਾ ਸਟਾਕ ਆ ਚੁੱਕਾ ਹੈ। ਇਸ ਸਮੇਂ ਜੀ. ਐੱਮ. ਐੱਸ. ਐੱਚ. 'ਚ ਹੀ ਕੋਵਿਡ ਵੈਕਸੀਨ ਦਾ ਕੇਂਦਰ ਹੈ, ਜਿੱਥੇ ਟੀਕਾਕਰਨ ਕੀਤਾ ਜਾ ਰਿਹਾ ਹੈ। ਪਹਿਲਾਂ ਦੇ ਮੁਕਾਬਲੇ ਟੀਕਾਕਰਨ ਦਾ ਗ੍ਰਾਫ ਇੰਨਾ ਜ਼ਿਆਦਾ ਨਹੀਂ ਹੈ, ਇਸ ਲਈ ਸਾਡੇ ਕੋਲ ਸਿਰਫ ਇਕ ਕੇਂਦਰ ਹੈ। ਇਸੇ ਤਰ੍ਹਾਂ ਕੋਵਿਡ ਦੇ ਮਾਮਲਿਆਂ ਸਬੰਧੀ ਡਾਇਰੈਕਟਰ ਸਿਹਤ ਨੇ ਕਿਹਾ ਕਿ ਫਿਲਹਾਲ ਕੋਵਿਡ ਦਾ ਕੋਈ ਨਵਾਂ ਕੇਸ ਨਹੀਂ ਹੈ। ਸ਼ਹਿਰ 'ਚ ਸਥਿਤੀ ਕਾਬੂ ਹੇਠ ਹੈ। ਇਸ ਦੇ ਨਾਲ ਹੀ ਮੰਗਲਵਾਰ ਵੀ ਸ਼ਹਿਰ ਵਿਚ ਕਿਸੇ ਨਵੇਂ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ, ਹੁਣ ਸਰਗਰਮ ਮਰੀਜ਼ਾਂ ਦੀ ਗਿਣਤੀ ਤਿੰਨ ਹੋ ਗਈ ਹੈ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਦੀ ਪਹਿਲੀ, ਦੂਜੀ ਅਤੇ ਬੂਸਟਰ ਡੋਜ਼ ਨਹੀਂ ਲਵਾਈ ਹੈ, ਉਹ ਬੁੱਧਵਾਰ ਤੋਂ 16 ਹਸਪਤਾਲਾਂ 'ਚ ਆਪਣੀ ਖ਼ੁਰਾਕ ਲੈ ਸਕਦੇ ਹਨ, ਜਿਸ ਵਿਚ 60 ਸਾਲ ਤੋਂ ਵੱਧ ਉਮਰ ਦੇ ਲੋਕ, ਸਿਹਤ ਸੰਭਾਲ ਕਰਮਚਾਰੀ ਅਤੇ ਫਰੰਟਲਾਈਨ ਵਰਕਰ ਸ਼ਾਮਲ ਹਨ।
ਹੁੰਗਾਰਾ ਚੰਗਾ ਰਿਹਾ ਤਾਂ ਵੱਧਣਗੇ ਕੇਂਦਰ
ਸਿਹਤ ਵਿਭਾਗ ਅਨੁਸਾਰ ਸਾਰੇ ਕੇਂਦਰਾਂ 'ਚ ਸਿਰਫ ਇਕ ਜਾਂ ਦੋ ਵਿਅਕਤੀ ਹੀ ਵੈਕਸੀਨ ਲਈ ਆ ਰਹੇ ਸਨ, ਜਦੋਂਕਿ ਇਕ ਟੀਕੇ ਦੀ ਇਕ ਸ਼ੀਸ਼ੀ ਵਿਚੋਂ 10 ਲੋਕ ਹੀ ਡੋਜ਼ ਲੈਂਦੇ ਹਨ। ਅਜਿਹੇ ਵਿਚ ਲੋਕਾਂ ਦੀ ਗਿਣਤੀ ਘੱਟ ਹੋਣ ਕਾਰਨ ਅਸੀਂ ਸਾਰੇ ਟੀਕਾਕਰਨ ਕੇਂਦਰ ਬੰਦ ਕਰ ਦਿੱਤੇ ਸਨ, ਤਾਂ ਜੋ ਲੋਕ ਉਕਤ ਕੇਂਦਰ ਵਿਚ ਪਹੁੰਚ ਸਕਣ। ਇਸ ਨਾਲ ਵੈਕਸੀਨ ਬਰਬਾਦ ਹੋਣ ਤੋਂ ਬਚਦੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿਚ ਟੀਕਾਕਰਨ ਦਾ ਗ੍ਰਾਫ ਉੱਚਾ ਹੁੰਦਾ ਹੈ ਅਤੇ ਵੱਧ ਤੋਂ ਵੱਧ ਲੋਕ ਟੀਕਾ ਲਵਾਉਣ ਲਈ ਅੱਗੇ ਆਉਂਦੇ ਹਨ ਤਾਂ ਪਹਿਲਾਂ ਵਾਂਗ ਕੇਂਦਰ ਖੋਲ੍ਹੇ ਜਾ ਸਕਦੇ ਹਨ, ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।