ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ ਮਰੀਜ਼ਾਂ ਲਈ ‘ਕੋਵਿਡ ਫਤਿਹ ਕਿੱਟ’ ਦੀ ਸ਼ੁਰੂਆਤ

Tuesday, Sep 22, 2020 - 07:41 PM (IST)

ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ ਮਰੀਜ਼ਾਂ ਲਈ ‘ਕੋਵਿਡ ਫਤਿਹ ਕਿੱਟ’ ਦੀ ਸ਼ੁਰੂਆਤ

ਚੰਡੀਗੜ੍ਹ: ਕੋਵਿਡ ਵਿਰੁੱਧ ਸੂਬੇ ਦੀ ਲੜਾਈ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਫਤਹਿ ਕਿੱਟ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਸੂਬਾ ਸਰਕਾਰ ਘਰ ਜਾਂ ਹਸਪਤਾਲ ਵਿੱਚ ਏਕਾਂਤਵਾਸ ਹੋਏ ਸਾਰੇ ਮਰੀਜ਼ਾਂ ਨੂੰ ਤੁਰੰਤ ਕਿੱਟਾਂ ਵੰਡਣ ਦੀ ਸ਼ੁਰੂਆਤ ਕਰੇਗੀ। ਸੂਬਾ ਸਰਕਾਰ ਵੱਲੋਂ 50,000 ਕਿੱਟਾਂ ਦੇ ਆਰਡਰ ਦਿੱਤੇ ਗਏ, ਜਿਨ੍ਹਾਂ ਵਿੱਚੋਂ 5000 ਕਿੱਟਾਂ ਪਹਿਲਾਂ ਹੀ ਪ੍ਰਾਪਤ ਹੋ ਗਈਆਂ ਹਨ, ਜਦਕਿ ਬਾਕੀ ਸਪਲਾਈ ਇਕ ਹਫ਼ਤੇ ਵਿੱਚ ਮਿਲਣ ਦੀ ਉਮੀਦ ਹੈ।

ਕੋਵਿਡ ਦੀ ਸਥਿਤੀ ਬਾਰੇ ਜਾਇਜ਼ਾ ਲੈਣ ਲਈ ਵਰਚੁਅਲ ਮੀਟਿੰਗ ਦੌਰਾਨ ਕਿੱਟ ਲਾਚਿੰਗ ਕਰਦਿਆਂ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਕਿੱਟਾਂ ਵੰਡਣ ਦੀਆਂ ਤਰਜੀਹਾਂ ਮਿੱਥੀਆਂ ਜਾਣ ਅਤੇ ਅਗਲੇ ਇਕ ਹਫ਼ਤੇ ਵਿੱਚ ਸਾਰੇ 18000 ਸਰਗਰਮ ਮਰੀਜ਼ਾਂ ਨੂੰ ਕਿੱਟਾਂ ਮਿਲਣ ਨੂੰ ਯਕੀਨੀ ਬਣਾਇਆ ਜਾਵੇ। ਇਸ ਕਿੱਟ ਵਿੱਚ 18 ਵਸਤਾਂ ਹਨ, ਜਿਨ੍ਹਾਂ ਵਿੱਚ ਪਲਸ ਆਕਸੀਮੀਟਰ, ਡਿਜੀਟਲ ਥਰਮਾਮੀਟਰ, ਜ਼ਰੂਰੀ ਦਵਾਈਆਂ ਅਤੇ ਕਾੜ੍ਹੇ ਤੋਂ ਇਲਾਵਾ ਸਬੰਧਤ ਸਿੱਖਿਆ ਸਮੱਗਰੀ ਅਤੇ ਦਵਾਈਆਂ ਦੀ ਵਰਤੋਂ ਬਾਰੇ ਹਦਾਇਤਾਂ ਸ਼ਾਮਲ ਹਨ। ਮਰੀਜ਼ਾਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਹਦਾਇਤਾਂ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਸ ਨਾਲ ਇਕ ਸਵੈ-ਨਿਗਰਾਨੀ ਚਾਰਟ ਵੀ ਹੈ।

ਇਸ ਕਿੱਟ ਦਾ ਮਕਸਦ ਏਕਾਂਤਵਾਸ ਵਿੱਚ ਰਹਿ ਰਹੇ ਸਾਰੇ ਕੋਵਿਡ ਮਰੀਜ਼ਾਂ ਦੇ ਸਿਹਤ ਸੂਚਕਾਂ ਦੀ ਨਿਰੰਤਰ ਸਵੈ-ਨਿਗਰਾਨੀ ਨੂੰ ਯਕੀਨੀ ਬਣਾਉਣਾ ਹੈ ਤਾਂ ਕਿ ਜ਼ਿੰਦਗੀਆਂ ਬਚਾਉਣ ਲਈ ਨਾਜ਼ੁਕ ਮਾਪਦੰਡਾਂ ਦੀ ਛੇਤੀ ਪਛਾਣ ਕੀਤੀ ਜਾ ਸਕੇ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਕਿੱਟਾਂ ਉਨ੍ਹਾਂ ਦੀ ਵਰਤੋਂ ਅਤੇ ਸਿਹਤ ਬਾਰੇ ਸਹੀ ਨਿਗਰਾਨੀ ਦੀ ਲੋੜੀਂਦੀ ਜਾਣਕਾਰੀ ਦਿੰਦੀਆਂ ਹਨ। ਕੋਵਿਡ ਬਾਰੇ ਸੂਬੇ ਦੀ ਮਾਹਿਰਾਂ ਦੀ ਕਮੇਟੀ ਦੇ ਚੇਅਰਮੈਨ ਡਾ. ਕੇ.ਕੇ. ਤਲਵਾਰ ਨੇ ਕਿਹਾ ਕਿ 60 ਸਾਲ ਤੋਂ ਵੱਧ ਉਮਰ ਵਾਲੇ ਮਰੀਜ਼ਾਂ ਦਾ ਘਰੇਲੂ ਏਕਾਂਤਵਾਸ ਚਿੰਤਾ ਦਾ ਵਿਸ਼ਾ ਹੈ ਅਤੇ ਜੇਕਰ ਉਹ ਘਰਾਂ ਵਿੱਚ ਲੋੜੀਂਦੀ ਦੇਖਭਾਲ ਅਤੇ ਨਿਗਰਾਨੀ ਨਹੀਂ ਲੈ ਸਕਦੇ ਤਾਂ ਉਨ੍ਹਾਂ ਨੂੰ ਹਸਪਤਾਲ ਜਾਣ ਲਈ ਹੌਂਸਲਾ ਦੇਣਾ ਚਾਹੀਦਾ ਹੈ। ਸਿਹਤ ਸਕੱਤਰ ਹੁਸਨ ਲਾਲ ਨੇ ਮੀਟਿੰਗ ਦੌਰਾਨ ਦੱਸਿਆ ਕਿ ਘਰੇਲੂ ਏਕਾਂਤਵਾਸ ਵਿੱਚ ਰਹਿ ਰਹੇ ਮਰੀਜ਼ਾਂ ਦੀ ਨਿਗਰਾਨੀ ਹੋਰ ਵੀ ਸੁਚਾਰੂ ਢੰਗ ਨਾਲ ਕਰਨ ਲਈ ਟੈਲੀਫੋਨ ਰਾਹੀਂ ਸਲਾਹ ਦੇਣ ਵਾਲੀ (ਟੈਲੀ-ਕੰਸਲਟਿੰਗ) ਏਜੰਸੀ ਦੀਆਂ ਸੇਵਾਵਾਂ ਹਾਸਲ ਕਰਨ ਵਾਸਤੇ ਵਿਭਾਗ ਵੱਲੋਂ ਟੈਂਡਰਾਂ ਦਾ ਸੱਦਾ ਦਿੱਤਾ ਗਿਆ ਹੈ। ਇਸ ਪ੍ਰਕ੍ਰਿਆ ਵਿੱਚ ਸ਼ਾਮਲ ਹੋਣ ਦੀ ਆਖਰੀ ਮਿਤੀ 23 ਸਤੰਬਰ ਹੈ ਅਤੇ ਇਕ ਪੇਸ਼ੇਵਾਰ ਏਜੰਸੀ, ਜੋ ਘਰੇਲੂ ਏਕਾਂਤਵਾਸ ਦੇ ਮਰੀਜ਼ਾਂ ਦੀ ਨਿਗਰਾਨੀ ਅਤੇ 104 ’ਤੇ ਲੋਕਾਂ ਦੇ ਸਵਾਲ ਦੀ ਪੈਰਵੀ ਕਰੇਗੀ, ਨੂੰ ਇਸ ਮਹੀਨੇ ਦੇ ਅੰਤ ਤੱਕ ਕੰਮ ’ਤੇ ਲਾ ਦਿੱਤਾ ਜਾਵੇਗਾ।


author

Deepak Kumar

Content Editor

Related News