ਕੋਵਿਡ ਮਰੀਜ਼ਾਂ ਦੇ ਘਟਣ ਨਾਲ ਘਟਾਈ ਗਈ ਆਈਸੋਲੇਸ਼ਨ ਸੈਂਟਰਾਂ ਦੀ ਸਮਰੱਥਾ

Wednesday, Sep 30, 2020 - 03:02 PM (IST)

ਕੋਵਿਡ ਮਰੀਜ਼ਾਂ ਦੇ ਘਟਣ ਨਾਲ ਘਟਾਈ ਗਈ ਆਈਸੋਲੇਸ਼ਨ ਸੈਂਟਰਾਂ ਦੀ ਸਮਰੱਥਾ

ਲੁਧਿਆਣਾ (ਸਹਿਗਲ) : ਜ਼ਿਲ੍ਹੇ 'ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟ ਹੋਣ ’ਤੇ ਸਿਹਤ ਮਹਿਕਮੇ ਨੇ ਆਪਣਾ ਸਾਮਾਨ ਸਮੇਟਣਾ ਸ਼ੁਰੂ ਕਰ ਦਿੱਤਾ ਹੈ। ਕਈ ਆਈਸੋਲੇਸ਼ਨ ਸੈਂਟਰਾਂ ਨੂੰ ਬੰਦ ਕਰਨ ਤੋਂ ਇਲਾਵਾ ਬਾਕੀ ਦੀ ਸਮਰੱਥਾ ਘੱਟ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ 200 ਦੇ ਕਰੀਬ ਡਾਕਟਰ ਅਤੇ ਪੈਰਾਮੈਡੀਕਲ ਵਾਲੰਟੀਅਰਾਂ ਨੂੰ ਡਿਊਟੀ ਤੋਂ ਫਾਰਗ ਕਰਨ ਦਾ ਨਿਰਦੇਸ਼ ਜਾਰੀ ਕਰ ਦਿੱਤਾ ਹੈ।

ਆਪਣੇ ਨਿਰਦੇਸ਼ਾਂ 'ਚ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਲੁਧਿਆਣਾ 'ਚ ਆਈਸੋਲੇਸ਼ਨ ਫੈਸੀਲਿਟੀ ’ਚ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਕਾਰਨ ਜੋ ਲਗਭਗ 100 ਦੇ ਕਰੀਬ ਰਹਿ ਗਈ ਹੈ। ਆਈਸੋਲੇਸ਼ਨ ਸੈਂਟਰਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਸਿਰਫ ਲੋੜ ਮੁਤਾਬਕ ਹੀ ਵਾਲੰਟੀਅਰ ਰੱਖਣ ਬਾਰੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਦੇ ਤਹਿਤ ਕੇਵਲ ਮੈਰੀਟੋਰੀਅਸ ਸਕੂਲ 100 ਬਿਸਤਰਿਆਂ ਅਤੇ ਕੁਲਾਰ ਕਾਲਜ ਆਫ ਨਰਸਿੰਗ ਨੂੰ 100 ਬਿਸਤਰਿਆਂ ਦੀ ਸਮਰੱਥਾ ਨਾਲ ਆਪ੍ਰੇਸ਼ਨਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਕਾਰਨ ਜ਼ਿਆਦਾਤਰ ਮੈਡੀਕਲ ਅਤੇ ਪੈਰਾਮੈਡੀਕਲ ਵਾਲੰਟੀਅਰਾਂ ਨੂੰ ਡਿਊਟੀ ਤੋਂ ਫਾਰਗ ਕੀਤਾ ਜਾਂਦਾ ਹੈ।

ਉਹ ਸਿਰਫ 30 ਸਤੰਬਰ ਤੱਕ ਦੀ ਡਿਊਟੀ ’ਤੇ ਰਹਿਣਗੇ। ਇਨ੍ਹਾਂ ਨਿਰਦੇਸ਼ਾਂ ਤਹਿਤ 30 ਡਾਕਟਰਾਂ, 25 ਲੈਬ ਟੈਕਨੀਸ਼ੀਅਨ, 23 ਫਾਰਮਾਸਿਸਟਾਂ, 58 ਸਟਾਫ ਨਰਸਿਜ਼ ਅਤੇ 65 ਵਾਰਡ ਅਟੈਂਡੈਂਟ ਨੂੰ ਡਿਊਟੀ ਤੋਂ ਫਾਰਗ ਕਰ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਜੇਕਰ ਫਿਰ ਤੋਂ ਅਚਾਨਕ ਮਰੀਜ਼ ਵੱਧ ਜਾਂਦੇ ਹਨ, ਦੇ ਸਵਾਲ ’ਤੇ ਸਿਵਲ ਸਰਜਨ ਨੇ ਕਿਹਾ ਕਿ 24 ਤੋਂ 48 ਘੰਟਿਆਂ ਦੇ ਅੰਦਰ ਹੀ ਸਾਰੇ ਆਈਸੋਲੇਸ਼ਨ ਸੈਂਟਰਾਂ ਨੂੰ ਫਿਰ ਸ਼ੁਰੂ ਕਰ ਦਿੱਤਾ ਜਾਵੇਗਾ।


 


author

Babita

Content Editor

Related News