ਕੋਵਿਡ-19 ਦੇ ਨੰਨੇ ਮਰੀਜ਼ ਨੂੰ ਜਨਮ ਦਿਨ ਮੌਕੇ ਹਸਪਤਾਲ ਸਟਾਫ ਨੇ ਦਿੱਤਾ ''ਸਰਪ੍ਰਾਈਜ਼ ਗਿਫਟ''

04/05/2020 12:57:56 AM

ਨਵਾਂਸ਼ਹਿਰ : ਸਿਵਲ ਹਸਪਤਾਲ ਨਵਾਂਸ਼ਹਿਰ 'ਚ ਕੋਵਿਡ-19 ਦਾ ਇਲਾਜ ਕਰਵਾ ਰਹੇ ਇੱਕ ਨਿੱਕੇ ਜਿਹੇ ਬੱਚੇ ਨੂੰ ਡਿਊਟੀ 'ਤੇ ਤਾਇਨਾਤ ਮੈਡੀਕਲ ਸਟਾਫ਼ ਵੱਲੋਂ ਅੱਜ ਉਸ ਦੇ ਜਨਮ ਦਿਨ ਮੌਕੇ 'ਸਰਪ੍ਰਾਈਜ਼ ਗਿਫ਼ਟ' ਦਿੱਤਾ ਗਿਆ। ਐਸ. ਐਮ. ਓ. ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਡਿਊਟੀ 'ਤੇ ਤਾਇਨਾਤ ਮੈਡੀਕਲ ਸਟਾਫ਼ ਨੇ ਅੱਜ ਸਵੇਰੇ ਬੱਚੇ ਦੀ ਮਾਤਾ, ਜੋ ਖੁਦ ਵੀ ਕੋਵਿਡ-19 ਪਾਜ਼ੇਟਿਵ ਹੋਣ ਕਾਰਨ ਇਲਾਜ ਅਧੀਨ ਹੈ, ਦੇ ਮੂੰਹੋਂ ਬੱਚੇ ਦੇ ਜਨਮ ਦਿਨ ਬਾਰੇ ਸੁਣ ਲਿਆ ਸੀ। ਪਰਿਵਾਰ 'ਤੇ ਆਪਣੇ ਇੱਕ ਜੀਅ ਦੇ ਕੋਵਿਡ-19 ਕਾਰਨ ਮੌਤ ਦੇ ਮੂੰਹ ਜਾਣ ਬਾਅਦ ਛਾਈ ਇਸ ਉਦਾਸੀ ਦੇ ਆਲਮ ਨੂੰ ਸਹਿਜ ਕਰਨ ਲਈ ਹਸਪਤਾਲ ਦੇ ਸਟਾਫ਼ ਨੇ ਸ਼ਾਮ ਨੂੰ ਬੱਚੇ ਨੂੰ ਸਰਪ੍ਰਾਈਜ਼ ਗਿਫ਼ਟ ਦੇਣ ਦੀ ਯੋਜਨਾ ਬਣਾ ਲਈ।
ਡਾ. ਹਰਵਿੰਦਰ ਅਨੁਸਾਰ ਉਨ੍ਹਾਂ ਵੱਲੋਂ ਸ਼ਹਿਰ 'ਚੋਂ ਬੱਚੇ ਲਈ ਜਨਮ ਦਿਨ ਦੇ ਕੇਕ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਰਫ਼ਿਊ ਦੇ ਚਲਦੇ ਕਿਸੇ ਦੁਕਾਨ ਤੋਂ ਇਸ ਦੀ ਉਪਲਬਧਤਾ ਨਾ ਹੋ ਸਕੀ, ਜਿਸ 'ਤੇ ਅਖੀਰ 'ਚ ਬੱਚੇ ਨੂੰ ਚਾਕਲੇਟ ਤੇ ਟਾਫ਼ੀਆਂ ਗਿਫ਼ਟ ਰੈਪ 'ਚ ਲਪੇਟ ਕੇ ਇੱਕ ਬੇਬੀ ਸੂਟ ਦੇ ਨਾਲ ਦੇ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਮੈਡੀਕਲ ਸਟਾਫ਼ ਵੱਲੋਂ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ 18 ਮਰੀਜ਼ਾਂ ਨੂੰ ਆਪਣਾਪਨ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅੱਜ ਦਾ ਇਹ 'ਸਰਪ੍ਰਾਈਜ਼ ਗਿਫ਼ਟ' ਵੀ ਉਸੇ ਲੜੀ ਦਾ ਹਿੱਸਾ ਸੀ। ਉਨ੍ਹਾਂ ਦੱਸਿਆ ਕਿ ਇਹ ਬੱਚਾ ਸਵਰਗੀ ਬਾਬਾ ਬਲਦੇਵ ਸਿੰਘ ਦਾ ਪੋਤਾ ਹੈ। ਡਿਊਟੀ 'ਤੇ ਤਾਇਨਾਤ ਡਾਕਟਰਾਂ ਅਤੇ ਨਰਸਾਂ ਨੇ ਬੱਚੇ ਦੇ ਜਨਮ ਦਿਨ ਮੌਕੇ ਪਰਿਵਾਰ ਨੂੰ ਸ਼ੁੱਭ ਇਛਾਵਾਂ ਦਿੱਤੀਆਂ ਤੇ ਉਸ ਦੀ ਲੰਬੀ ਉਮਰ ਦੀ ਕਾਮਨਾ ਕੀਤੀ।
 


Deepak Kumar

Content Editor

Related News