ਕੋਵਿਡ-19 ਸਬੰਧੀ ਚਿੰਤਾ, ਡਰ ਤੇ ਨਾ-ਪੱਖੀ ਧਾਰਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਚੁੱਕਿਆ ਨਵਾਂ ਕਦਮ

Saturday, Oct 10, 2020 - 07:00 PM (IST)

ਕੋਵਿਡ-19 ਸਬੰਧੀ ਚਿੰਤਾ, ਡਰ ਤੇ ਨਾ-ਪੱਖੀ ਧਾਰਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਚੁੱਕਿਆ ਨਵਾਂ ਕਦਮ

ਚੰਡੀਗੜ੍ਹ : ਕੋਵਿਡ-19 ਸਬੰਧੀ ਚਿੰਤਾ, ਡਰ ਅਤੇ ਨਾ-ਪੱਖੀ ਧਾਰਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਇਕ ਨਵਾਂ ਕਦਮ ਚੁੱਕਿਆ ਹੈ। ਇਨ੍ਹਾਂ ਧਾਰਨਾਵਾਂ ਨਾਲ ਨਜਿੱਠਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਟੋਲ-ਫਰੀ ਨੰਬਰ 1800-180-4104 'ਤੇ ਸਮਰਪਿਤ 247 ਟੈਲੀ-ਕੰਸਲਟੇਸ਼ਨ ਸੇਵਾ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਈ-ਸੰਜੀਵਨੀ ਪ੍ਰੋਗਰਾਮ ਅਧੀਨ 104 ਮੈਡੀਕਲ ਹੈਲਪਲਾਈਨ ਵੀ ਚਾਲੂ ਹੈ।

ਇੱਥੇ ਜਾਰੀ ਇੱਕ ਪ੍ਰੈਸ ਬਿਆਨ 'ਚ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਰੇਕ ਵਿਅਕਤੀ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਕੋਰੋਨਾ ਮਹਾਂਮਾਰੀ ਬਾਰੇ ਉਨ੍ਹਾਂ ਦੇ ਡਰ ਅਤੇ ਸ਼ੰਕਿਆਂ ਨੂੰ ਸੁਣਨ ਲਈ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਟੈਲੀ-ਕੰਸਲਟੇਸ਼ਨ ਦੀਆਂ ਮੁਫ਼ਤ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਪਣੀ ਤਰ੍ਹਾਂ ਦੀ ਪਹਿਲੀ ਪਹਿਲਕਦਮੀ ਤਹਿਤ ਮਨੋਰੋਗੀ ਮਾਹਿਰ, ਮਨੋਵਿਗਿਆਨੀ ਅਤੇ ਸਲਾਹਕਾਰ ਵੱਡੇ ਪੱਧਰ 'ਤੇ ਇਨ੍ਹਾਂ ਸਮੱਸਿਆਵਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਮਾਨਸਿਕ ਸਿਹਤ ਦਿਵਸ ਸਾਡੇ ਲਈ ਇਕੱਠੇ ਹੋ ਕੇ ਮਾਨਸਿਕ ਸਿਹਤ ਦੇ ਖੇਤਰ ਵਿੱਚ ਨਿਵੇਸ਼ ਨੂੰ ਵਧਾਉਣ ਦੀ ਵਚਨਬੱਧਤਾ ਕਰਨ ਦਾ ਇੱਕ ਮੌਕਾ ਹੈ, ਜੋ ਇਨ੍ਹਾਂ ਅਣਕਿਆਸੇ ਹਾਲਾਤਾਂ ਦੌਰਾਨ ਸਮੇਂ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਹੁਣ ਤੱਕ ਆਈਸੋਲੇਸ਼ਨ ਵਾਰਡਾਂ 'ਚ ਕੁੱਲ 31 ਹਜ਼ਾਰ ਮਰੀਜ਼ਾਂ 'ਚੋਂ 16 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਅਤੇ ਹਸਪਤਾਲਾਂ ਤੇ ਘਰੇਲੂ ਇਕਾਂਤਵਾਸ ਅਧੀਨ ਤਕਰੀਬਨ 50 ਹਜ਼ਾਰ ਮਰੀਜ਼ਾਂ, ਜੋ ਸਮਾਜਿਕ ਵਖਰੇਵੇਂ ਅਤੇ ਨਾ ਪੱਖੀ ਧਾਰਨਾ ਕਰਕੇ ਆਪਣੀਆਂ ਸਮੱਸਿਆਵਾਂ, ਡਰ ਅਤੇ ਚਿੰਤਾਵਾਂ ਸਾਂਝਾ ਕਰਨ ਤੋਂ ਝਿਜਕ ਰਹੇ ਹਨ,  ਨੂੰ ਮਨੋਵਿਗਿਆਨਕ ਅਤੇ ਮਾਨਸਿਕ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸੇਵਾਵਾਂ ਨੂੰ ਅੱਗੇ ਮਜ਼ਬੂਤੀ ਦੇਣ ਲਈ ਪੰਜਾਬ ਸਰਕਾਰ ਨੇ ਈ-ਸੰਜੀਵਨੀ ਪਲੇਟਫਾਰਮ 'ਤੇ ਮਾਨਸਿਕ ਰੋਗਾਂ ਸਬੰਧੀ ਓ.ਪੀ.ਡੀ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪਾਜ਼ੇਟਿਵ ਮਾਮਲਿਆਂ ਦੇ ਘਟਣ ਨਾਲ ਅਕਤੂਬਰ ਦੇ ਪਹਿਲੇ ਹਫਤੇ ਪਾਜੇਟਿਵਿਟੀ ਦਰ ਤੇਜ਼ੀ ਨਾਲ ਘਟ ਕੇ 4% ਰਹਿ ਗਈ ਹੈ ਅਤੇ ਪਿਛਲੇ 3 ਦਿਨਾਂ ਵਿਚ ਇਸ ਵਿੱਚ ਹੋਰ ਗਿਰਾਵਟ ਦੇਖੀ ਗਈ ਹੈ। ਸੈਂਪਲਿੰਗ/ਟੈਸਟਿੰਗ ਰੋਜ਼ਾਨਾ 30000 ਦੇ ਕਰੀਬ ਹੈ।  ਪੰਜਾਬ ਵਿੱਚ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਤਕਰੀਬਨ 89 ਪ੍ਰਤੀਸ਼ਤ ਹੈ, ਜੋ ਕਿ ਕੌਮੀ ਔਸਤ 85 ਪ੍ਰਤੀਸ਼ਤ ਨਾਲੋਂ ਵੱਧ ਹੈ। ਘਰੇਲੂ ਇਕਾਂਤਵਾਸ ਲਈ ਟੈਸਟਿੰਗ ਦੇ ਨਿਯਮਾਂ ਨੂੰ ਸੁਖਾਲਾ ਬਣਾਉਣ ਨਾਲ ਲੋਕ ਟੈਸਟਿੰਗ ਲਈ ਅੱਗੇ ਆ ਰਹੇ ਹਨ। ਮੌਤਾਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ ਅਤੇ ਹਸਪਤਾਲਾਂ ਵਿੱਚ ਬਿਮਾਰ ਮਰੀਜ਼ਾਂ ਦੀ ਗਿਣਤੀ ਵੀ ਘਟ ਗਈ ਹੈ।

ਸਿੱਧੂ ਨੇ ਕਿਹਾ ਕਿ ਇਸ ਸਾਲ 'ਵਿਸ਼ਵ ਮਾਨਸਿਕ ਸਿਹਤ ਦਿਵਸ' ਉਸ ਸਮੇਂ ਆਇਆ ਹੈ, ਜਦੋਂ ਕੋਵਿਡ-19 ਮਹਾਂਮਾਰੀ ਕਰਕੇ ਸਾਡੀ ਰੋਜ਼ਾਨਾ ਜ਼ਿੰਦਗੀ ਕਾਫ਼ੀ ਬਦਲ ਗਈ ਹੈ। ਇਸ ਸਾਲ ਦਾ ਵਿਸ਼ਾ ਸਾਰਿਆਂ ਲਈ ਮਾਨਸਿਕ ਸਿਹਤ: ਵੱਡਾ ਨਿਵੇਸ਼, ਆਸਾਨ ਪਹੁੰਚ ਹੈ। ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਕਈ ਚੁਣੌਤੀਆਂ ਦਰਪੇਸ਼ ਆਈਆਂ ਹਨ, ਜਿਵੇਂ ਕੋਵਿਡ-19 ਦੇ ਸੰਪਰਕ ਵਿੱਚ ਆਉਣ ਅਤੇ ਇਨਫੈਕਸ਼ਨ ਘਰ ਲਿਆਉਣ ਦੇ ਡਰ ਨਾਲ ਕੰਮ 'ਤੇ ਜਾਣਾ, ਨੌਕਰੀਆਂ ਚਲੇ ਜਾਣਾ, ਮਿੱਤਰ ਪਿਆਰੀਆਂ ਦੀ ਜਾਨ ਚਲੇ ਜਾਣਾ ਆਦਿ।


author

Deepak Kumar

Content Editor

Related News