ਕੋਵਿਡ-19 ਵਿਰੁੱਧ ਜੰਗ ''ਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮ ਹੋਣਗੇ ਸਨਮਾਨਤ : DGP ਗੁਪਤਾ

04/10/2020 12:29:44 AM

ਚੰਡੀਗੜ੍ਹ,(ਰਮਨਜੀਤ)- ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਸਮੂਹ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਕੋਵਿਡ-19 ਵਿਰੁੱਧ ਜੰਗ 'ਚ ਮੋਹਰਲੀ ਕਤਾਰ 'ਚ ਖੜ੍ਹ ਕੇ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੇ ਪੁਲਸ ਕਰਮੀਆਂ ਦੇ ਨਾਵਾਂ ਦੀ ਸੂਚੀ ਭੇਜਣ ਲਈ ਕਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਚੁਣੇ ਗਏ ਨੁਮਾਇੰਦਿਆਂ ਜਿਵੇਂ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਤੋਂ ਵੀ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਜਿਹੇ ਪੁਲਸ ਕਰਮੀਆਂ ਦੇ ਨਾਵਾਂ ਦੀ ਸੂਚੀ ਮੰਗੀ ਜਾਵੇਗੀ। ਸੂਬਾ ਪੱਧਰੀ ਕਮੇਟੀ ਵਲੋਂ ਇਨ੍ਹਾਂ ਸਾਰੀਆਂ ਨਾਮਜ਼ਦਗੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਗੁਪਤਾ ਨੇ ਕਿਹਾ ਕਿ ਕੋਵਿਡ-19 ਸੰਕਟ ਦੇ ਮੱਦੇਨਜ਼ਰ ਸਮਾਜ ਸੇਵਾ ਦੇ ਖੇਤਰ 'ਚ ਪੰਜਾਬ ਪੁਲਸ ਦੇ ਮੁਲਾਜ਼ਮਾਂ ਵਲੋਂ ਨਿਭਾਈਆਂ ਬੇਮਿਸਾਲ ਸੇਵਾਵਾਂ ਅਤੇ ਕਾਰਜਾਂ ਨੂੰ ਮਾਨਤਾ ਦੇਣ ਲਈ ਮਿਸਾਲੀ ਸੇਵਾਵਾਂ ਲਈ 'ਡਾਇਰੈਕਟਰ ਜਨਰਲ ਆਫ਼ ਪੁਲਸ ਆਨਰ' ਐਵਾਰਡ ਸ਼ੁਰੂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਸੂਬੇ ਭਰ 'ਚ ਤਾਇਨਾਤ 4500 ਤੋਂ ਵੱਧ ਪੁਲਸ ਕਰਮੀਆਂ, ਜੋ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨਾਲ ਮਿਲ ਕੇ ਆਪਣੇ ਸੰਕਲਪ ਪੰਜਾਬ 'ਚ ਕੋਈ ਭੁੱਖਾ ਨਹੀਂ ਸੌਂਵੇਗਾ 'ਤੇ ਪਹਿਰਾ ਦਿੰਦਿਆਂ ਅਣਥੱਕ ਯਤਨ ਕਰ ਰਹੇ ਹਨ, ਵਲੋਂ ਨਿਭਾਈਆਂ ਜਾ ਰਹੀਆਂ ਬੇਮਿਸਾਲ ਸੇਵਾਵਾਂ ਨੂੰ ਵਿਚਾਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਸ਼ੁਰੂ ਕੀਤਾ ਗਿਆ ਹੈ।

ਡੀ. ਜੀ. ਪੀ. ਨੇ ਅੱਗੇ ਕਿਹਾ ਕਿ ਪੰਜਾਬ ਪੁਲਸ ਮੁਲਾਜ਼ਮ ਕਰਫਿਊ ਦੇ ਲਾਗੂ ਕਰਨ ਅਤੇ ਹੋਰ ਗਤੀਵਿਧੀਆਂ ਦੇ ਅਮਲ ਲਈ ਦਿਨ ਰਾਤ ਡਿਊਟੀ ਕਰ ਰਹੇ ਹਨ। ਇਸ ਤੋਂ ਇਲਾਵਾ ਪੁਲਸ ਕਰਮੀਆਂ ਵਲੋਂ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਣ ਅਤੇ ਲੋਕ ਸੇਵਾ ਦੀਆਂ ਹੋਰ ਗਤੀਵਿਧੀਆਂ ਲਈ ਵਿਅਕਤੀਗਤ ਅਤੇ ਸੰਗਠਨਾਤਮਕ ਪੱਧਰ 'ਤੇ ਠੋਸ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਮੋਗਾ ਦੇ ਏ. ਐੱਸ. ਆਈ. (ਐੱਲ. ਆਰ.) ਬਿੱਕਰ ਸਿੰਘ ਅਤੇ ਕਾਂਸਟੇਬਲ ਸੁਖਜਿੰਦਰ ਪਾਲ ਸਿੰਘ ਇਸ ਵੱਕਾਰੀ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਇਕ ਬੱਚੇ ਨੂੰ ਜਨਮ ਦੇਣ ਮੌਕੇ ਧਰਮਕੋਟ, ਮੋਗਾ ਦੀ ਇਕ ਔਰਤ ਦੀ ਸਹਾਇਤਾ ਕੀਤੀ ਸੀ, ਜਿਸ ਨੂੰ ਕਈ ਹਸਪਤਾਲਾਂ ਨੇ ਦੇਰ ਰਾਤ ਨੂੰ ਦਾਖ਼ਲ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਇੰਸਪੈਕਟਰ ਐੱਸ. ਐੱਚ. ਓ. ਸੰਜੀਵ ਕੁਮਾਰ ਤੀਜੇ ਵਿਅਕਤੀ ਹਨ, ਜਿਨਾਂ ਨੂੰ ਗਰੀਬਾਂ ਅਤੇ ਭੁੱਖਿਆਂ ਨੂੰ ਭੋਜਨ ਖੁਵਾਉਣ ਲਈ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ।


Deepak Kumar

Content Editor

Related News