ਜ਼ਮੀਨੀ ਵਿਵਾਦ ’ਚ ਚਚੇਰੇ ਭਰਾ ਦਾ ਗੋਲੀ ਮਾਰ ਕੇ ਕਤਲ
Tuesday, Jun 22, 2021 - 01:31 AM (IST)
ਮੌੜ ਮੰਡੀ(ਪ੍ਰਵੀਨ)- ਜ਼ਮੀਨੀ ਵਿਵਾਦ ਦੇ ਚੱਲਦੇ ਅੱਜ ਪਿੰਡ ਮੌੜ ਖੁਰਦ ਵਿਖੇ ਇਕ ਵਿਅਕਤੀ ਵੱਲੋਂ ਆਪਣੇ ਚਾਚੇ ਦੇ ਲੜਕੇ ਨੂੰ ਪਿਸਤੌਲ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਪਰਮਪ੍ਰੀਤ ਸਿੰਘ ਗੈਰੀ ਉਮਰ ਲਗਭਗ 28 ਸਾਲ ਆਪਣੇ ਪਿਤਾ ਗੁਰਭੈ ਸਿੰਘ ਅਤੇ ਮਾਤਾ ਰਮਨਜੀਤ ਕੌਰ ਨਾਲ ਪਟਿਆਲਾ ਤੋਂ ਮੌੜ ਖੁਰਦ ਵਿਖੇ ਆਪਣੇ ਚਾਚੇ ਦਰਸ਼ਨ ਸਿੰਘ ਪੁੱਤਰ ਕਰਨੈਲ ਸਿੰਘ ਦੇ ਘਰ ਆਇਆ ਹੋਇਆ ਸੀ। ਇਸ ਸਮੇਂ ਦੌਰਾਨ ਹੀ ਚਚੇਰਾ ਭਰਾ ਲਾਲੀ ਪੁੱਤਰ ਬਲਦੇਵ ਸਿੰਘ ਵੀ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ।
ਇਹ ਵੀ ਪੜ੍ਹੋ- ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਈਮਾਨਦਾਰੀ ’ਤੇ ਅਦਾਲਤਾਂ ਦੇ ਜੱਜ ਸਾਹਿਬਾਨ ਵੀ ਕਰਦੇ ਹਨ ਵਿਸ਼ਵਾਸ: ਮਾਨ
ਮ੍ਰਿਤਕ ਗੈਰੀ ਦੀ ਮਾਤਾ ਰਮਨਜੀਤ ਕੌਰ ਨੇ ਵਿਰਲਾਪ ਕਰਦੇ ਹੋਏ ਦੱਸਿਆ ਕਿ ਅੱਜ ਜ਼ਮੀਨ ਦੀ ਵੱਟ ਪਵਾਉਣ ਦੇ ਬਹਾਨੇ ਸਾਨੂੰ ਪਿੰਡ ਮੌੜ ਖੁਰਦ ਵਿਖੇ ਬੁਲਾਇਆ ਗਿਆ। ਬਿਨਾਂ ਕਿਸੇ ਰੌਲੇ ਰੱਪੇ ਦੇ ਸਾਰਾ ਕੰਮ ਨਿਬੜ ਗਿਆ ਸੀ। ਰਮਨਜੀਤ ਕੌਰ ਨੇ ਦੱਸਿਆ ਕਿ ਜਦ ਅਸੀਂ ਪਟਿਆਲਾ ਵਾਪਸ ਜਾਣ ਦੀ ਤਿਆਰੀ ਕਰ ਰਹੇ ਸੀ ਤਾਂ ਲਾਲੀ ਦੇ ਕੁਝ ਦੋਸਤ ਜੋ ਪਹਿਲਾ ਵੀ ਉਸ ਨਾਲ ਮਿਲ ਕੇ ਕਤਲ ਕਰ ਚੁੱਕੇ ਹਨ ਖੇਤ ਆ ਗਏ। ਜਦ ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕਿਵੇਂ ਆਏ ਹੋ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇੱਥੇ ਲਾਲੀ ਨੇ ਭੇਜਿਆ ਹੈ। ਜਦ ਅਸੀਂ ਵਾਪਸ ਜਾਣ ਲੱਗੇ ਤਾਂ ਲਾਲੀ ਵੀ ਹਥਿਆਰਾਂ ਨਾਲ ਲੈਸ ਹੋ ਕੇ ਆਪਣੇ ਕਈ ਸਾਥੀਆਂ ਸਮੇਤ ਉਥੇ ਪਹੁੰਚ ਗਿਆ। ਜੋ ਹੈਰੀ ਨੂੰ ਖਿੱਚ ਕੇ ਲੈ ਗਏ ਅਤੇ ਲਾਲੀ ਸਿੰਘ ਅਤੇ ਉਸਦੇ ਸਾਥੀਆਂ ਨੇ ਗੋਲੀਆਂ ਦੀ ਬੌਛਾੜ ਕਰ ਦਿੱਤੀ। ਜਿਸ ਕਾਰਨ ਹੈਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਸਾਜ਼ਿਸ਼ ਬੇਨਕਾਬ ਕਰਨ ਲਈ ਕੁੰਵਰ ਵਿਜੇ ਪ੍ਰਤਾਪ ਦਾ ਕਰਵਾਇਆ ਜਾਵੇ ਨਾਰਕੋ ਟੈਸਟ : ਮਜੀਠੀਆ
ਵਾਰਦਾਤ ਨੂੰ ਅੰਜ਼ਾਮ ਦੇਣ ਉਪਰੰਤ ਲਾਲੀ ਸਿੰਘ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਉਪਰੰਤ ਗੈਰੀ ਨੂੰ ਮੌੜ ਮੰਡੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਬਠਿੰਡਾ ਭੇਜ ਦਿੱਤਾ ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜ਼ਿਕਰਯੋਗ ਹੈ ਕਿ ਮ੍ਰਿਤਕ ਗੈਰੀ ਦੀ ਕੁਝ ਸਮਾਂ ਪਹਿਲਾ ਹੀ ਸ਼ਾਦੀ ਹੋਈ ਸੀ ਅਤੇ ਉਸਦੇ ਡੇਢ ਕੁ ਸਾਲ ਦਾ ਇਕ ਲੜਕਾ ਹੈ।
ਇਸ ਸਬੰਧੀ ਜਦੋਂ ਥਾਣਾ ਮੁਖੀ ਬਲਵਿੰਦਰ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਵਾਰਿਸਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਿਆਨਾਂ ਦੇ ਆਧਾਰ ’ਤੇ ਹੀ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਦੋਸ਼ੀ ਵਿਅਕਤੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।