ਬਜ਼ੁਰਗ ਔਰਤ ਦੇ ਕਤਲ ਦੇ ਮਾਮਲੇ ’ਚ ਮਾਣਯੋਗ ਅਦਾਲਤ ਵੱਲੋਂ ਦੋਸ਼ੀ ਨੂੰ ਉਮਰ ਕੈਦ ਦੀ ਸਜਾ ਅਤੇ ਜ਼ੁਰਮਾਨਾ

06/08/2023 3:28:38 PM

ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹਾ ਸੈਸ਼ਨ ਜੱਜ ਅਤੁਲ ਕਸਾਨਾਂ ਦੀ ਅਦਾਲਤ ਨੇ ਦੋ ਸਾਲ ਪਹਿਲਾਂ ਥਾਣਾ ਧਰਮਕੋਟ ਪੁਲਸ ਵੱਲੋਂ ਬਜ਼ੁਰਗ ਦੇ ਕਤਲ ਦੇ ਮਾਮਲੇ ’ਚ ਨਾਮਜ਼ਦ ਕੀਤੇ ਗਏ ਦੋਸ਼ੀ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਦੋਸ਼ੀ ਕਰਾਰ ਦਿੰਦਿਆਂ ਮਾਣਯੋਗ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਅਤੇ 11000 ਰੁਪਏ ਜੁਰਮਾਨਾ ਭਰਨ ਦਾ ਆਦੇਸ਼ ਦਿੱਤਾ ਹੈ। ਜਾਣਕਾਰੀ ਅਨੁਸਾਰ ਕਸਬਾ ਧਰਮਕੋਟ ਨਿਵਾਸੀ ਜਗਦੀਪ ਸਿੰਘ ਉਰਫ਼ ਜੱਗਾ ਪੁੱਤਰ ਬਲਕਾਰ ਸਿੰਘ ਨਿਵਾਸੀ ਕਰਤਾਰ ਕਾਲੋਨੀ ਧਰਮਕੋਟ ਨੇ 8 ਮਈ 2021 ਨੂੰ ਥਾਣਾ ਧਰਮਕੋਟ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੇ ਦਿਨ 7 ਮਈ 2021 ਨੂੰ ਸ਼ਾਮ 6 ਵਜੇ ਜਦ ਉਹ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਆਪਣੇ ਘਰ ਦਾ ਦਰਵਾਜਾ ਖੁੱਲ੍ਹਿਆ ਮਿਲਿਆ ਅਤੇ ਉਸਦੀ ਮਾਂ ਬਲਵਿੰਦਰ ਕੌਰ ਪਤਨੀ ਬਲਕਾਰ ਸਿੰਘ ਦੀਆਂ ਚੀਕਾਂ ਸੁਣਾਈ ਦਿੱਤੀਆਂ। ਜਦੋਂ ਹੀ ਉਸ ਨੇ ਅੰਦਰ ਜਾ ਕੇ ਦੇਖਿਆ ਕਿ ਉਨ੍ਹਾਂ ਦੇ ਮੁਹੱਲੇ ਦਾ ਹੀ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਗੁਰਪਾਲ ਸਿੰਘ ਉਸਦੀ ਮਾਂ ਦੇ ਸਿਰ ’ਤੇ ਲੋਹੇ ਦੀ ਕਿਸੇ ਭਾਰੀ ਚੀਜ਼ ਨਾਲ ਵਾਰ ਕਰ ਰਿਹਾ ਸੀ, ਜਦ ਉਸ ਨੇ ਰੋਲਾ ਪਾਇਆ ਤਾਂ ਹਮਲਾਵਰ ਮਨਪ੍ਰੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਇਸ ਉਪਰੰਤ ਜਦ ਉਸ ਨੇ ਆਪਣੀ ਮਾਂ ਨੂੰ ਜਾ ਕੇ ਦੇਖਿਆ ਤਾ ਉਸਦੀ ਮਾਂ ਲਹੂ ਲੁਹਾਣ ਸੀ ਅਤੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸਨੇ ਦਮ ਤੋੜ ਦਿੱਤਾ ਸੀ, ਜਿਸ ’ਤੇ ਉਸ ਨੇ ਆਪਣੇ ਪਰਿਵਾਰ ਵਾਲਿਆਂ ਅਤੇ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਹਲਕੇ ਦੀਆਂ ਨਹਿਰੀ ਪਾਣੀ ਦੀਆਂ ਕੱਛੀਆਂ ਪਾਣੀ ਤੋਂ ਪਿਆਸੀਆਂ

ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਜਗਦੀਪ ਸਿੰਘ ਉਰਫ ਜੱਗਾ ਨੇ ਦੱਸਿਆ ਸੀ ਕਿ ਮਨਪ੍ਰੀਤ ਸਿੰਘ ਉਰਫ ਮਨੀ ਨਾਲ ਉਸ ਦੀ ਮਾਂ ਬਲਵਿੰਦਰ ਕੌਰ ਨੇ ਕੁਝ ਪੈਸੇ ਲੈਣੇ ਸੀ, ਜਿਸ ’ਤੇ ਵਾਰ-ਵਾਰ ਮੰਗਣ ’ਤੇ ਮਨਪ੍ਰੀਤ ਸਿੰਘ ਪੈਸੇ ਨਹੀਂ ਦੇ ਰਿਹਾ ਸੀ। ਇਸ ਦੇ ਚੱਲਦੇ ਉਹ ਉਸਦੀ ਮਾਂ ਨਾਲ ਰੰਜਿਸ਼ ਰੱਖਦਾ ਸੀ ਅਤੇ ਇਸ ਰੰਜਿਸ਼ ਕਾਰਨ ਉਸ ਨੇ ਉਸਦੀ ਮਾਂ ਦੀ ਹੱਤਿਆ ਕਰ ਦਿੱਤੀ। ਇਸ ਮਾਮਲੇ ’ਚ ਪੁਲਸ ਵੱਲੋਂ 8 ਮਈ 2021 ਨੂੰ ਮਨਪ੍ਰੀਤ ਸਿੰਘ ਉਰਫ ਮਨੀ ਖ਼ਿਲਾਫ਼ ਧਾਰਾ 302 ਸਮੇਤ ਬਣਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਮਾਣਯੋਗ ਅਦਾਲਤ ’ਚ ਅੰਤਿਮ ਸੁਣਵਾਈ ਦੇ ਬਾਅਦ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਆਪਣਾ ਫੈਸਲਾ ਸੁਣਾਇਆ ਹੈ।

ਇਹ ਵੀ ਪੜ੍ਹੋ : ਬਰਸਾਤ ਨੇ ਦੂਜੀ ਵਾਰ ਝੰਬੇ ਮਿਰਚ ਉਤਪਾਦਕ, ਲੱਖਾਂ ਰੁਪਏ ਦੀ ਮਿਰਚ ਖਰਾਬ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News