ਨਸ਼ੇ ਦਾ ਧੰਦਾ ਕਰਨ ਵਾਲੇ ਨੂੰ ਅਦਾਲਤ ਨੇ ਸੁਣਾਈ ਸਖ਼ਤ ਸਜ਼ਾ
Friday, May 26, 2023 - 05:39 PM (IST)
ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਲਗਭਗ 3 ਸਾਲ ਪਹਿਲਾਂ ਥਾਣਾ ਸਿਟੀ ਵਨ ਪੁਲਸ ਵੱਲੋਂ ਨਸ਼ੇ ਵਾਲੀਆਂ ਗੋਲੀਆਂ ਨੂੰ ਗੈਰ ਕਾਨੂੰਨੀ ਤੌਰ ’ਤੇ ਵੇਚਣ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਮਾਣਯੋਗ ਅਦਾਲਤ ਨੇ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਉਸ ਨੂੰ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜ਼ੁਰਮਾਨਾ ਭਰਨ ਦਾ ਆਦੇਸ਼ ਦਿੱਤਾ ਹੈ।
ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਦੋਸ਼ੀ ਨੂੰ 6 ਮਹੀਨੇ ਦੀ ਹੋਰ ਕੈਦ ਕੱਟਣੀ ਹੋਵੇਗੀ। ਜਾਣਕਾਰੀ ਅਨੁਸਾਰ ਥਾਣਾ ਸਿਟੀ ਪੁਲਸ ਵੱਲੋਂ 27 ਸਤੰਬਰ 2020 ਨੂੰ ਮੁਖਬਿਰ ਵੱਲੋਂ ਮਿਲੀ ਗੁਪਤ ਸੂਚਨਾ ਦੇ ਅਧਾਰ ’ਤੇ ਇਕ ਨੌਜਵਾਨ ਨੂੰ ਨਸ਼ੀਲੀ ਗੋਲੀਆਂ ਦੇ ਨਾਲ ਕਾਬੂ ਕੀਤਾ ਸੀ। ਨੌਜਵਾਨ ਲੜਕੇ ਦੀ ਪਛਾਣ ਸਿਮਰਨਦੀਪ ਸਿੰਘ ਉਰਫ ਸੈਂਡ ਪੁੱਤਰ ਅਵਤਾਰ ਸਿੰਘ ਨਿਵਾਸੀ ਬਾਬਾ ਈਸ਼ਰ ਸਿੰਘ ਨਗਰ ਮੋਗਾ ਦੇ ਤੌਰ ’ਤੇ ਹੋਈ ਸੀ। ਪੁਲਸ ਵੱਲੋਂ ਸਿਮਰਨਦੀਪ ਸਿੰਘ ਖਿਲਾਫ਼ 27 ਸਤੰਬਰ 2020 ਨੂੰ ਹੀ ਥਾਣਾ ਸਿਟੀ ਵੰਨ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਅੰਤਿਮ ਸੁਣਵਾਈ ਦੇ ਬਾਅਦ ਆਪਣਾ ਫੈਸਲਾ ਸੁਣਾਇਆ ਹੈ।