ਦੇਸ਼ ਦਾ ਨਕਸ਼ਾ ਬਦਲਣ ਤੋਂ ਬਾਅਦ ਸਕੂਲ ''ਚ ਬਣੇ ਨਕਸ਼ਿਆਂ ''ਚ ਤਬਦੀਲੀ ਸ਼ੁਰੂ

Thursday, Aug 08, 2019 - 09:33 PM (IST)

ਦੇਸ਼ ਦਾ ਨਕਸ਼ਾ ਬਦਲਣ ਤੋਂ ਬਾਅਦ ਸਕੂਲ ''ਚ ਬਣੇ ਨਕਸ਼ਿਆਂ ''ਚ ਤਬਦੀਲੀ ਸ਼ੁਰੂ

ਬਲਾਚੌਰ,(ਬ੍ਰਹਮਪੁਰੀ): ਸਰਕਾਰ ਵਲੋਂ ਜੰਮੂ-ਕਸ਼ਮੀਰ ਰਾਜ ਦੀ ਧਾਰਾ 370 ਤੇ 35 1 ਖਤਮ ਕਰਕੇ ਦੋ ਕੇਂਦਰੀ ਸਾਸ਼ਿਤ ਪ੍ਰਦੇਸ਼ਾਂ 'ਚ ਵੰਡਣ ਨਾਲ ਜਿੱਥੇ ਬਹੁ ਗਿਣਤੀ ਦੇਸ਼ ਦੇ ਲੋਕਾਂ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਪਰ ਦੇਸ਼ ਭੂਗੋਲਿਕ ਜਾਣਕਾਰੀ 'ਚ ਬਦਲਾਵ ਹੋਣ ਕਾਰਨ ਵੱਖ-ਵੱਖ ਥਾਂਵਾਂ 'ਤੇ ਇਸਦਾ ਉਲੇਖ ਕਰਨਾ ਪੈ ਰਿਹਾ ਹੈ।ਇਸ ਨਵੇਂ ਇਤਿਹਾਸਕ ਫੈਸਲੇ ਦੇ ਸਬੰਧ 'ਚ ਕੱਲ ਦੇਸ਼ ਦੇ ਰਾਸ਼ਟਰਪਤੀ ਵਲੋਂ ਤੇ ਦੇਸ਼ ਦੀ ਸੰਸਦ ਵਲੋਂ ਰਾਜ ਸਭਾ ਤੇ ਲੋਕ ਸਭਾ 'ਚ ਬਿੱਲ ਪਾਸ ਹੋਣ ਉਪਰੰਤ ਦੇਸ਼ ਦੇ ਕੁੱਲ ਪ੍ਰਾਂਤ 29 ਤੋਂ ਘੱਟ ਕੇ 28 ਹੋ ਗਏ ਹਨ। ਜਦਕਿ ਕੇਂਦਰ ਸਾਸ਼ਤ ਪ੍ਰਦੇਸ਼ ਵੱਧ ਕੇ 9 ਹੋ ਗਏ ਹਨ । 
ਪੰਜਾਬ ਦੇ ਸਕੂਲਾਂ 'ਚ ਦੇਸ਼ ਦੀ ਭੂਗੋਲਿਕ ਸਥਿਤੀ ਦਰਸਾਉਂਦੇ ਨਕਸ਼ਿਆਂ 'ਚ ਪਹਿਲ ਕਦਮੀ ਕਰਦਿਆਂ ਰੇਨਬੋ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਸਜਾਵਲਪੁਰ ਬਲਾਕ ਸੜੋਆ ਵਲੋਂ ਨਵੀਂ ਭੂਗੋਲਿਕ ਸਥਿਤੀ ਅਪਡੇਟ ਕੀਤੀ ਗਈ ਹੈ।  ਸਕੂਲ 'ਚ ਬਣਾਏ ਭਾਰਤ ਦੇ ਨਕਸ਼ੇ 'ਚ ਜੰਮੂ ਕਸ਼ਮੀਰ ਨੂੰ ਦੋ ਅਲੱਗ-ਅਲੱਗ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਤੇ ਲੱਦਾਖ ਦੇ ਰੂਪ 'ਚ ਦਰਸਾਇਆ ਗਿਆ ਹੈ। ਇਸ ਸਬੰਧੀ ਗੱਲ ਕਰਦਿਆਂ ਸਕੂਲ ਮੁਖੀ ਪਰਮਾ ਨੰਦ ਹੈੱਡ ਟੀਚਰ ਤੇ ਅਧਿਆਪਕ ਬਲਵੰਤ ਰਾਏ ਨੇ ਕਿਹਾ ਸਾਡੇ ਸਕੂਲ 'ਚ ਰੋਜ਼ਾਨਾ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੀਆਂ ਅਖਬਾਰਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਰੋਜ਼ ਸਵੇਰੇ ਦੀ ਸਭਾ 'ਚ ਬੱਚੇ ਖਬਰਾਂ ਪੜ੍ਹਦੇ ਹਨ । ਸਕੂਲ ਵਲੋਂ ਬੱਚਿਆਂ ਨੂੰ ਰੋਜ਼ਾਨਾ ਦੀਆਂ ਘਟਨਾਵਾਂ ਤੇ ਚਲੰਤ ਮਾਮਲਿਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਜਾਂਦਾ ਹੈ । ਇਸੇ ਕੜੀ ਤਹਿਤ ਬੱਚਿਆਂ ਦੇ ਗਿਆਨ 'ਚ ਵਾਧਾ ਕਰਨ ਲਈ ਨਕਸ਼ਿਆਂ ਨੂੰ ਤਰੁੰਤ ਅਪਡੇਟ ਕੀਤਾ ਗਿਆ ਹੈ । ਇਸ ਸਬੰਧੀ ਡੀ ਈ ਓ ਐਲੀਮੈਂਟਰੀ ਕੋਮਲ ਚੋਪੜਾ ਨੇ ਫੋਨ ਤੇ ਸੰਪਰਕ ਕਰਨ ਤੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਸਜਾਵਲਪੁਰ ਨੇ ਹਮੇਸ਼ਾ ਵਾਂਗ ਵਿਲੱਖਣਤਾ ਕਰਦਿਆਂ ਉਹਨਾਂ ਦੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਨਕਸ਼ਿਆਂ ਵਿੱਚ ਤਬਦੀਲੀ ਕਰਨ ਵਾਲਾ ਪਹਿਲਾ ਸਕੂਲ ਬਣਿਆ ਹੈ ।
ਉਹਨਾਂ ਵਲੋਂ ਸਕੂਲ ਵਿੱਚ ਹੋ ਰਹੇ ਕਾਰਜਾਂ,  ਵੱਡੇ ਪੱਧਰ ਤੇ ਨਵੇਂ ਦਾਖਲਿਆਂ ਲਈ ਅਤੇ ਸਕੂਲ ਦੀ ਵਿਲੱਖਣ ਦਿੱਖ ਲਈ ਸਕੂਲ ਸਟਾਫ ਦੀ ਮਿਹਨਤ ਨੂੰ ਸਲਾਹਿਆ । ਇਸ ਮੌਕੇ ਸਕੂਲ ਮੁੱਖੀ ਪਰਮਾ ਨੰਦ ਬ੍ਰਹਮਪੁਰੀ,  ਦਵਿੰਦਰ ਪਾਲ ਹੱਕਲਾ ਮਿਡਲ ਸਕੂਲ ਮੁਖੀ,  ਨੀਰਜ ਵਸ਼ਿਸ਼ਟ ਗੁੱਲਪੁਰ,  ਬਲਵੰਤ ਰਾਏ,  ਮੈਡਮ ਮਨੀਸ਼ਾ, ਰਵੀਨਾ ਸ਼ਰਮਾ,  ਜਸਪ੍ਰੀਤ ਕੌਰ, ਸੋਨੀਆ ਛਦੌੜੀ ਅਤੇ ਰਾਜ ਕੁਮਾਰ ਸਕੁਅਰਟੀ ਇੰਚਾਰਜ ਆਦਿ ਹਾਜ਼ਰ ਸਨ ।


Related News