ਦੇਸ਼ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਸਰਕਾਰ ਨੇ ਵਿਸਾਰਿਆ
Tuesday, Mar 13, 2018 - 10:34 AM (IST)

ਅੰਮ੍ਰਿਤਸਰ (ਦਲਜੀਤ) - ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਭਾਰਤ ਸਰਕਾਰ ਨੇ ਵਿਸਾਰ ਦਿੱਤਾ ਹੈ। ਭਗਤ ਸਿੰਘ ਸਮੇਤ ਕਈ ਪ੍ਰਮੁੱਖ ਸ਼ਹੀਦਾਂ ਨੂੰ ਅੱਜ ਤੱਕ ਭਾਰਤ ਸਰਕਾਰ ਨੇ ਕੇਂਦਰੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ। ਸੱਤਾ ਵਿਚ ਆਈਆਂ ਸਮੇਂ-ਸਮੇਂ ਦੀਆਂ ਸਰਕਾਰਾਂ ਜਿਥੇ ਉਕਤ ਸ਼ਹੀਦਾਂ ਦਾ ਮਾਨ-ਸਨਮਾਨ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਨਹੀਂ ਹਨ। ਉਥੇ ਹੀ ਚੰਡੀਗੜ੍ਹ ਦੀ ਇਕ ਸਮਾਜ ਸੇਵੀ ਸੰਸਥਾ ਨੇ ਸ਼ਹੀਦਾਂ ਨੂੰ ਰਾਸ਼ਟਰੀ ਪੱਧਰ 'ਤੇ ਪਛਾਣ ਦਿਵਾਉਣ ਲਈ ਬੀੜਾ ਆਪਣੇ ਮੋਢਿਆਂ 'ਤੇ ਚੁੱਕਿਆ ਹੈ।
ਜਲਿਆਂਵਾਲਾ ਬਾਗ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮਾਜ ਸੇਵਾ ਤਰਸੇਮ ਲਾਲ ਸ਼ਰਮਾ ਨੇ ਕਿਹਾ ਕਿ ਸ਼ਹੀਦਾਂ ਵੱਲੋਂ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜ਼ਾਦੀ ਦਾ ਨਿੱਘਾ ਮਾਣ ਰਹੇ ਹਨ ਪਰ ਬੜੀ ਅਫਸੋਸ ਦੀ ਗੱਲ ਹੈ ਕਿ ਉਕਤ ਸ਼ਹੀਦਾਂ ਨੂੰ ਭਾਰਤ ਸਰਕਾਰ ਆਪਣੇ ਦਿਲੋਂ ਵਿਸਾਰ ਰਹੀ ਹੈ। ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਸਮੇਤ ਕਈ ਸ਼ਹੀਦਾਂ ਨੂੰ ਅੱਜ ਤੱਕ ਸਰਕਾਰ ਨੇ ਕੇਂਦਰੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ। ਭਾਰਤ ਸਰਕਾਰ ਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਦੇ ਲੀਡਰ ਉਂਝ ਤਾਂ ਉਕਤ ਸ਼ਹੀਦਾਂ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਯਾਦ ਕਰਦੇ ਬੜੇ ਲੰਬੇ-ਚੌੜੇ ਭਾਸ਼ਣ ਦਿੰਦੇ ਨਹੀਂ ਥੱਕਦੇ ਪਰ ਅੱਜ ਤੱਕ ਕਿਸੇ ਵੀ ਲੀਡਰ ਨੇ ਇਨ੍ਹਾਂ ਨੂੰ ਕੇਂਦਰੀ ਸ਼ਹੀਦਾਂ ਦਾ ਦਰਜਾ ਦਿਵਾਉਣ ਲਈ ਵਕਾਲਤ ਨਹੀਂ ਕੀਤੀ।
ਸ਼ਰਮਾ ਨੇ ਕਿਹਾ ਕਿ ਉਹ ਪੂਰੇ ਭਾਰਤ ਵਿਚ ਯਾਤਰਾ ਕਰਦੇ ਸ਼ਹੀਦਾਂ ਨੂੰ ਕੇਂਦਰੀ ਪੱਧਰ 'ਤੇ ਮਾਣ-ਸਨਮਾਨ ਦਿਵਾਉਣ ਲਈ ਕੰਮ ਕਰ ਰਹੇ ਹਨ ਤੇ 23 ਮਾਰਚ ਤੋਂ ਇਸ ਸਬੰਧੀ ਦਿੱਲੀ ਸ਼ਹੀਦੀ ਮਾਰਗ 'ਤੇ ਅਣਮਿੱਥੇ ਸਮੇਂ ਦੀ ਭੁੱਖ-ਹੜਤਾਲ ਕਰਨ ਜਾ ਰਹੇ ਹਨ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਸ਼ਹੀਦਾਂ ਨੂੰ ਵਿਸ਼ੇਸ਼ ਦਰਜਾ ਦਿਵਾਉਣ ਲਈ ਉਨ੍ਹਾਂ ਵੱਲੋਂ ਵਿੱਢੀ ਮੁਹਿੰਮ 'ਚ ਸਾਥ ਦੇਣ।