ਕੌਂਸਲਰ ਰੋਹਣ ਸਹਿਗਲ ਦੇ ਅਸਤੀਫੇ ਦਾ ਮਾਮਲਾ ਪਹੁੰਚਿਆ ਚੰਡੀਗੜ੍ਹ

Tuesday, Mar 19, 2019 - 03:27 PM (IST)

ਕੌਂਸਲਰ ਰੋਹਣ ਸਹਿਗਲ ਦੇ ਅਸਤੀਫੇ ਦਾ ਮਾਮਲਾ ਪਹੁੰਚਿਆ ਚੰਡੀਗੜ੍ਹ

ਜਲੰਧਰ (ਚੋਪੜਾ) - ਕੌਂਸਲਰ ਰੋਹਣ ਸਹਿਗਲ ਦੇ ਅਸਤੀਫੇ ਦਾ ਮਾਮਲਾ ਚੰਡੀਗੜ੍ਹ ਪਹੁੰਚ ਗਿਆ ਹੈ। ਬੀਤੇ ਦਿਨੀਂ ਕੌਂਸਲਰ ਰੋਹਣ ਸਹਿਗਲ ਨੇ ਉਨ੍ਹਾਂ ਦੇ ਵਾਰਡ ਨਾਲ ਸਬੰਧਿਤ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਰੋਸ ਵਜੋਂ ਆਪਣਾ ਅਸਤੀਫਾ ਦੇ ਦਿੱਤਾ ਸੀ। ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਨੇ ਕੌਂਸਲਰ ਖਿਲਾਫ ਕਾਰਵਾਈ ਕਰਦਿਆਂ ਉਨ੍ਹਾਂ ਕੋਲੋਂ  ਅਸਤੀਫੇ ਦੇ ਮਾਮਲੇ ਨੂੰ ਲੈ ਕੇ ਪਾਰਟੀ ਦੇ ਵਿਗਾੜੇ ਅਕਸ 'ਤੇ ਸਫਾਈ ਦੇਣ ਲਈ ਕਿਹਾ ਗਿਆ ਸੀ। ਜ਼ਿਲਾ ਪ੍ਰਧਾਨ ਨੇ ਕੌਂਸਲਰ ਰੋਹਣ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਪਾਰਟੀ ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਈ ਤਾਂ ਉਨ੍ਹਾਂ ਖਿਲਾਫ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ। ਬਲਦੇਵ ਦੇਵ ਨੇ ਦੱਸਿਆ ਕਿ ਉਨ੍ਹਾਂ ਕੌਂਸਲਰ ਰੋਹਣ ਸਹਿਗਲ ਦਾ ਜਵਾਬ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਤੇ ਚੰਡੀਗੜ੍ਹ ਕਾਂਗਰਸ ਦਫਤਰ ਦੇ ਇੰਚਾਰਜ ਕੈਪਟਨ ਮਹੀਪ ਸੰਧੂ ਨੂੰ ਭੇਜ ਦਿੱਤਾ ਹੈ ਅਤੇ ਹਾਈਕਮਾਨ ਦੇ ਨਿਰਦੇਸ਼ਾਂ 'ਤੇ ਹੀ ਉਨ੍ਹਾਂ ਅਸਤੀਫੇ ਤੋਂ ਬਾਅਦ ਨੋਟਿਸ ਜਾਰੀ ਕੀਤਾ ਸੀ। ਹੁਣ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੀ ਇਸ ਮਾਮਲੇ 'ਚ ਫੈਸਲਾ ਕਰਨਗੇ। 

ਨੋਟਿਸ ਦੇ ਜਵਾਬ 'ਚ ਅਸਤੀਫੇ ਦਾ ਕੋਈ ਜ਼ਿਕਰ ਨਹੀਂ
ਕਾਂਗਰਸ ਦਫਤਰ 'ਚ ਜ਼ਿਲਾ ਪ੍ਰਧਾਨ ਨੂੰ ਕੋਰੀਅਰ ਰਾਹੀਂ ਪਹੁੰਚੇ ਨੋਟਿਸ ਦੇ ਜਵਾਬ 'ਚ ਅਸਤੀਫਾ ਦਾ ਕੋਈ ਜ਼ਿਕਰ ਨਹੀਂ ਹੈ ਕਿ ਉਨ੍ਹਾਂ ਪਾਰਟੀ ਦੇ ਨਿਯਮਾਂ ਦੇ ਉਲਟ ਜਾ ਕੇ ਅਸਤੀਫਾ ਕਿਉਂ ਦਿੱਤਾ? ਕੌਂਸਲਰ ਰੋਹਣ ਨੇ ਰਟਿਆ ਰਟਾਇਆ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਵਾਰਡ 'ਚ 19 ਕਾਲੋਨੀਆਂ ਤੇ 8 ਵੱਡੀਆਂ ਮਾਰਕੀਟਾਂ ਆਉਂਦੀਆਂ ਹਨ, ਜਿਨ੍ਹਾਂ ਦੀ ਸਫਾਈ ਵਿਵਸਥਾ ਲਈ ਉਨ੍ਹਾਂ ਨੂੰ 13 ਸਫਾਈ ਸੇਵਕ ਦਿੱਤੇ ਗਏ ਹਨ। ਮੈਂ ਉਨ੍ਹਾਂ ਕੋਲੋਂ ਹਰੇਕ ਵਾਰਡ 'ਚ ਨਿਯੁਕਤ ਕੀਤੇ ਸਫਾਈ ਸੇਵਕਾਂ ਦੀ ਲਿਸਟ ਮੰਗੀ ਜਿਸ ਬਾਰੇ ਉਨ੍ਹਾਂ ਕਈ ਵਾਰ ਮੇਅਰ ਜਗਦੀਸ਼ ਰਾਜਾ ਤੇ ਚੀਫ ਹੈਲਥ ਆਫੀਸਰ ਨੂੰ ਦੱਸਿਆ ਪਰ ਕੋਈ ਸੁਣਵਾਈ ਨਾ ਹੋਈ। ਉਹ ਪਾਰਟੀ ਦੇ ਸੱਚੇ ਸਿਪਾਹੀ ਹਨ ਤੇ ਕੌਂਸਲਰਾਂ ਦੀ ਟੀਮ ਨਾਲ ਮਿਲ ਕੇ ਕਾਂਗਰਸ ਦੇ ਮਿਸ਼ਨ 13 ਨੂੰ ਸਫਲ ਕਰਨਗੇ। 

ਅਸਤੀਫੇ ਦੀ ਕਾਪੀ 'ਤੇ ਬਣਿਆ ਸਸਪੈਂਸ ਅੱਜ ਵੀ ਬਰਕਰਾਰ
ਸੂਬੇ ਦੀ ਸੱਤਾ ਤੇ ਨਿਗਮ 'ਤੇ ਕਾਂਗਰਸ ਕਾਬਜ਼ ਹੋਣ ਦੇ ਬਾਵਜੂਦ ਕਾਂਗਰਸੀ ਕੌਂਸਲਰ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਨਾਲ ਕਾਂਗਰਸੀ ਗਲਿਆਰਿਆਂ 'ਚ ਹਲਚਲ ਮਚ ਗਈ ਹੈ। ਖਬਰਾਂ ਦੀਆਂ ਸੁਰਖੀਆਂ ਬਣੇ ਕੌਂਸਲਰ ਰੋਹਣ ਦੇ ਅਸਤੀਫੇ ਤੋਂ ਬਾਅਦ ਪੈਦਾ ਹੋਇਆ ਸਸਪੈਂਸ ਅਜੇ  ਤੱਕ ਬਰਕਰਾਰ ਹੈ ਕਿ ਆਖਿਰ ਕੌਂਸਲਰ ਨੇ ਅਸਤੀਫਾ ਕਿਸ ਨੂੰ ਦਿੱਤਾ। ਕਾਂਗਰਸ ਦੇ ਜ਼ਿਲਾ  ਪ੍ਰਧਾਨ, ਮੇਅਰ, ਵਿਧਾਇਕ ਸਣੇ ਕਈ ਸੀਨੀਅਰ ਅਹੁਦੇਦਾਰ ਅਸਤੀਫੇ ਦੀ ਝਲਕ ਵੇਖਣ ਲਈ ਉਸਦੀ ਕਾਪੀ ਦੀ ਬੇਸਬਰੀ ਨਾਲ ਉਡੀਕ ਕਰਦੇ ਰਹੇ। ਕੌਂਸਲਰ ਨੇ ਕਦੇ ਨਿਗਮ 'ਚ ਤੇ ਕਦੇ ਈ-ਮੇਲ ਜ਼ਰੀਏ ਅਸਤੀਫਾ ਮੇਅਰ ਜਗਦੀਸ਼ ਰਾਜਾ, ਵਿਧਾਇਕ ਪਰਗਟ ਸਿੰਘ, ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਭੇਜਣ ਦੀ ਗੱਲ ਕਹੀ ਪਰ ਅੱਜ ਤੱਕ ਨਾ ਤਾਂ ਕਿਸੇ ਨੂੰ ਅਸਤੀਫੇ ਦੀ ਕਾਪੀ ਮਿਲੀ ਅਤੇ ਨਾ ਹੀ ਈ-ਮੇਲ।   

ਸੁਰਖੀਆਂ 'ਚ ਆਉਣ ਦਾ ਦਾਅ ਕਿਤੇ ਪੈ ਨਾ ਜਾਵੇ ਉਲਟਾ 
ਐੱਲ. ਈ.  ਡੀ. ਲਾਈਟਾਂ ਦੇ ਪ੍ਰਾਜੈਕਟ 'ਚ ਘਪਲੇ ਨੂੰ ਲੈ ਕੇ ਚਰਚਾ ਖੱਟ ਚੁੱਕੇ ਕੌਂਸਲਰ ਰੋਹਣ ਸਹਿਗਲ ਦਾ ਸੁਰਖੀਆਂ 'ਚ ਰਹਿਣ ਦਾ ਦਾਅ ਕਿਤੇ ਉਲਟਾ ਨਾ ਪੈ ਜਾਵੇ। ਇਸ ਤੋਂ ਪਹਿਲਾਂ ਉਹ ਸਾਥੀਆਂ ਸਣੇ ਮੇਅਰ ਨੂੰ ਸੁਮੱਤ ਬਖਸ਼ਣ ਦੀ ਪ੍ਰਾਰਥਨਾ ਨਗਰ ਨਿਗਮ ਦਫਤਰ 'ਚ ਕਰਵਾਏ ਹਵਨ ਯੱਗ 'ਚ ਕਰ ਚੁੱਕੇ ਹਨ। ਐੱਲ. ਈ. ਡੀ. ਪ੍ਰਾਜੈਕਟ ਰੱਦ ਕਰਨ ਦੀ ਮੰਗ ਨੂੰ ਲੈ ਕੇ ਕੌਂਸਲਰ ਰੋਹਣ ਨੇ ਜਲੰਧਰ ਸਰਕਟ ਹਾਊਸ ਤੋਂ ਬਾਹਰ ਨਿਕਲਣ ਦੌਰਾਨ ਪੰਜਾਬ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸਾਥੀਆਂ ਸਣੇ ਕਾਲੀਆਂ ਝੰਡੀਆਂ ਦਿਖਾਈਆਂ ਸਨ। ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਅਸਤੀਫਾ ਕਿਸੇ ਨੂੰ ਭੇਜ ਕੇ ਉਨ੍ਹਾਂ ਸਿਆਸੀ ਮਾਹੌਲ ਨੂੰ ਇਕ ਵਾਰ ਫਿਰ ਤੋਂ ਹੌਟ ਬਣਾ ਦਿੱਤਾ ਹੈ।

ਅਨੁਸ਼ਾਸਨਹੀਣਤਾ ਕਦੇ ਬਰਦਾਸ਼ਤ ਨਾ ਕਰਨ ਦਾ ਜਾਖੜ ਨੇ ਚੁੱਕਿਆ ਬਿਆਨ
ਪਿਛਲੇ ਦਿਨੀਂ ਹੋਈ ਪ੍ਰੈੱਸ ਕਾਨਫਰੰਸ 'ਚ ਕਾਂਗਰਸੀ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸੀ ਕੌਂਸਲਰ ਵਲੋਂ ਅਸਤੀਫਾ ਦੇਣ ਦੇ ਮਾਮਲੇ 'ਚ ਵਰਤੀ ਅਨੁਸ਼ਾਸਨਹੀਣਤਾ ਨੂੰ ਕਦੇ ਬਰਦਾਸ਼ਤ ਨਾ ਕਰਨ ਦਾ ਬਿਆਨ ਦਿੱਤਾ ਸੀ। ਜਾਖੜ ਨੇ ਕਿਹਾ ਕਿ ਕਦੀ ਹਵਨ ਕਰਵਾਉਣ, ਕਦੀ ਅਸਤੀਫਾ ਦੇਣ ਜਿਹੇ ਹਥਕੰਡਿਆਂ ਨੂੰ ਪਾਰਟੀ ਕਦੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਲੋਕਲ ਲੈਵਲ 'ਤੇ ਇਸ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ ਪਰ ਜ਼ਿਲਾ ਪ੍ਰਧਾਨ ਨੇ ਨੋਟਿਸ ਦੀ ਰਿਪਲਾਈ ਚੰਡੀਗੜ੍ਹ ਭੇਜ ਕੇ ਗੇਂਦ ਨੂੰ ਸੂਬਾ ਪ੍ਰਧਾਨ ਦੇ ਪਾਲੇ 'ਚ ਸੁੱਟ ਦਿੱਤਾ ਹੈ।ਹੁਣ ਵੇਖਣਾ ਹੈ ਕਿ ਜਾਖੜ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦਿਆਂ ਕੌਂਸਲਰ ਰੋਹਣ ਦੇ ਖਿਲਾਫ ਕਾਰਵਾਈ ਕਰਦੇ ਹਨ ਜਾਂ ਲੋਕ ਸਭਾ ਚੋਣਾਂ ਨੂੰ ਵੇਖਦਿਆਂ ਇਸ ਮਾਮਲੇ ਨੂੰ ਠੰਡੇ ਬਸਤੇ 'ਚ ਪਾ ਦੇਣਗੇ।


author

rajwinder kaur

Content Editor

Related News