ਚਿੱਟੇ ਸੋਨੇ ਦੇ ਘੱਟ ਭਾਅ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਲਿਆਂਦੀ ਉਦਾਸੀ
Tuesday, Sep 22, 2020 - 01:27 PM (IST)
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ, ਪਵਨ ਤਨੇਜਾ) - ਇਸ ਵੇਲੇ ਨਰਮੇ ਦੀ ਫਸਲ ਪੂਰੇ ਜੋਬਨ ’ਤੇ ਹੈ ਅਤੇ ਕੁਝ ਥਾਵਾਂ ’ਤੇ ਨਰਮੇ ਦੀ ਚੁਗਾਈ ਸ਼ੁਰੂ ਹੋ ਗਈ ਹੈ। ਭਾਵੇਂ ਸਾਰੀਆਂ ਅਨਾਜ ਮੰਡੀਆਂ ਵਿਚ ਤਾਂ ਨਰਮੇ ਦੀ ਆਮਦ ਅਜੇ ਸ਼ੁਰੂ ਨਹੀਂ ਹੋਈ ਪਰ ਵਿਰਲੀਆਂ-ਟਾਵੀਆਂ ਅਨਾਜ ਮੰਡੀਆਂ ਵਿਚ ਨਰਮਾ ਆਉਣਾ ਸ਼ੁਰੂ ਹੋ ਗਿਆ ਹੈ। ‘ਜਗ ਬਾਣੀ’ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 26 ਕੁਇੰਟਲ ਨਰਮਾ ਵਿਕਣ ਲਈ ਆਇਆ ਹੈ। ਜ਼ਿਲੇ ਦੀਆਂ ਤਿੰਨ ਪ੍ਰਮੁੱਖ ਮੰਡੀਆਂ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਚ ਨਰਮਾ ਵਿਕਦਾ ਹੈ। ਪਰ ਅਜੇ ਤੱਕ ਸਿਰਫ ਗਿੱਦੜਬਾਹਾ ਦੀ ਮੰਡੀ ਵਿਚ ਹੀ 26 ਕੁਇੰਟਲ ਨਰਮਾ ਆਇਆ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਜਾਂ ਮਲੋਟ ਦੀ ਮੰਡੀ ਵਿਚ ਨਰਮਾ ਨਹੀਂ ਆਇਆ।
ਪੜ੍ਹੋ ਇਹ ਵੀ ਖਬਰ - ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ
ਸਰਕਾਰੀ ਸੂਤਰਾਂ ਅਨੁਸਾਰ ਨਰਮੇ ਦਾ ਭਾਅ ਪ੍ਰਤੀ ਕੁਇੰਟਲ 4671 ਰੁਪਏ ਰਿਹਾ ਹੈ ਜਦ ਕਿ ਜੋ ਸੂਚਨਾਵਾਂ ਹੋਰ ਗੁਆਂਢੀ ਜ਼ਿਲਿਆਂ ਤੋਂ ਮਿਲੀਆਂ ਹਨ, ਉਸ ਅਨੁਸਾਰ ਨਰਮਾ ਪ੍ਰਤੀ ਕੁਇੰਟਲ 4300 ਰੁਪਏ ਤੋਂ 4600 ਰੁਪਏ ਤੱਕ ਵਿਕਿਆ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਚਿੱਟੇ ਸੋਨੇ ਦੀ ਇਸ ਫਸਲ ਤੋਂ ਬਹੁਤ ਸਾਰੀਆਂ ਆਸਾਂ ਅਤੇ ਉਮੀਦਾਂ ਸਨ ਪਰ ਨਰਮੇ ਦੀ ਘੱਟ ਭਾਅ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਇਕ ਵਾਰ ਉਦਾਸੀ ਲਿਆ ਦਿੱਤੀ ਹੈ। ਕਿਉਂਕਿ ਨਰਮੇ ਦੀ ਫਸਲ ’ਤੇ ਬੀਜ-ਬਿਜਾਈ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦਾ ਖਰਚਾ ਬਹੁਤ ਆਇਆ ਹੈ ਪਰ ਜਿਸ ਹਿਸਾਬ ਨਾਲ ਨਰਮਾ ਵਿਕ ਰਿਹਾ ਹੈ, ਉਸ ਹਿਸਾਬ ਨਾਲ ਉਨ੍ਹਾਂ ਦੇ ਪੱਲੇ ਕੱਖ ਨਹੀਂ ਪੈਣਾ।
ਪੜ੍ਹੋ ਇਹ ਵੀ ਖਬਰ - ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ
ਕਿਸਾਨ ਪਰਮਿੰਦਰ ਸਿੰਘ ਕੌੜਿਆਂਵਾਲੀ, ਅਮਰਜੀਤ ਸਿੰਘ ਕੌੜਿਆਂਵਾਲੀ, ਸੁਖਪਾਲ ਸਿੰਘ ਬਰਾੜ ਰਾਮਗੜ੍ਹ ਚੂੰਘਾਂ, ਜਗਸੀਰ ਸਿੰਘ ਰਾਮਗੜ੍ਹ ਚੂੰਘਾਂ, ਰਾਜਵੀਰ ਸਿੰਘ ਬਰਾੜ ਅਤੇ ਪ੍ਰਗਟ ਸਿੰਘ ਗੰਧੜ ਆਦਿ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਨਰਮੇ ਦਾ ਬੀ. ਟੀ. ਕਾਟਨ ਬੀਜ ਪੰਜਾਬ ਵਿਚ ਕਿਧਰੇ ਤਿਆਰ ਨਹੀਂ ਹੁੰਦਾ। ਕਿਸਾਨਾਂ ਨੂੰ ਬਾਹਰਲੇ ਸੂਬਿਆਂ ਤੋਂ ਇਹ ਬੀਜ ਮਹਿੰਗੇ ਭਾਅ ਖਰੀਦਣਾ ਪੈਂਦਾ ਹੈ ਉੱਤੋਂ 75 ਰੁਪਏ ਪ੍ਰਤੀ ਲਿਟਰ ਡੀਜ਼ਲ ਦਾ ਰੇਟ ਹੋਇਆ ਪਿਆ ਹੈ। ਇਸ ਤੋਂ ਇਲਾਵਾ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਬਹੁਤ ਮਹਿੰਗੀਆਂ ਹਨ ਅਤੇ ਲੇਬਰ ਵੀ ਮਹਿੰਗੀ ਪੈਂਦੀ ਹੈ। ਜਿਸ ਕਰਕੇ ਨਰਮੇ ਦੇ ਐਨੇ ਘੱਟ ਭਾਅ ਨੇ ਕਿਸਾਨ ਵਰਗ ਨੂੰ ਨਿਚੋੜ ਕੇ ਰੱਖ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰਾਂ ਇਹ ਕਹਿੰਦੀਆਂ ਹਨ ਕਿ ਕਿਸਾਨ ਝੋਨੇ ਹੇਠਲਾ ਰਕਬਾ ਘਟਾਉਣ ਅਤੇ ਨਰਮਾ ਵੱਧ ਬੀਜਣ ਪਰ ਦੂਜੇ ਪਾਸੇ ਨਰਮੇ ਦੇ ਭਾਅ ਵਿਚ ਵਾਧਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਨਰਮੇ ਦਾ ਘੱਟੋ-ਘੱਟ ਭਾਅ 10 ਹਜ਼ਾਰ ਪ੍ਰਤੀ ਕੁਇੰਟਲ ਕੀਤਾ ਜਾਵੇ।
ਪੜ੍ਹੋ ਇਹ ਵੀ ਖਬਰ - Health Tips: ਕੀ ਤੁਹਾਨੂੰ ਵੀ ਦੁਪਹਿਰ ਦੇ ਸਮੇਂ ਹੈ ‘ਸੌਣ ਦੀ ਆਦਤ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਨਰਮੇ ਦੀ ਖਰੀਦ ਸਰਕਾਰੀ ਖਰੀਦ ਏਜੰਸੀ ਦੇ ਨੁਮਾਇੰਦੇ ਕਰਨ : ਬੀ. ਕੇ. ਯੂ .
ਵਰਨਣਯੋਗ ਹੈ ਕਿ ਹੁਣ ਨਰਮੇ ਦੀ ਖਰੀਦ ਸਿਰਫ ਪ੍ਰਾਈਵੇਟ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਹੈ, ਜਿਸ ਕਰਕੇ ਕਿਸਾਨਾਂ ਦਾ ਨਰਮਾ ਪ੍ਰਾਈਵੇਟ ਵਪਾਰੀਆਂ ਵੱਲੋਂ ਘੱਟ ਰੇਟ ਵਿਚ ਖਰੀਦਿਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਜ਼ਿਲਾ ਪ੍ਰਧਾਨ ਪੂਰਨ ਸਿੰਘ ਦੋਦਾ, ਗੁਰਾਂਦਿੱਤਾ ਸਿੰਘ ਭਾਗਸਰ, ਗੁਰਭਗਤ ਸਿੰਘ ਭਲਾਈਆਣਾ, ਰਾਜਾ ਸਿੰਘ ਮਹਾਂਬੱਧਰ, ਕਾਮਰੇਡ ਜਗਦੇਵ ਸਿੰਘ, ਸੁਖਰਾਜ ਸਿੰਘ ਰਹੂੜਿਆਂਵਾਲੀ ਅਤੇ ਹਰਫੂਲ ਸਿੰਘ ਭਾਗਸਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਰਮੇ ਦੀ ਖਰੀਦ ਸਾਰੀਆਂ ਮੰਡੀਆਂ ਵਿਚ ਸਰਕਾਰੀ ਖਰੀਦ ਏਜੰਸੀ ਸੀ. ਸੀ. ਆਈ. ਦੇ ਨੁਮਾਇੰਦੇ ਕਰਨ। ਉਨ੍ਹਾਂ ਦੋਸ਼ ਲਾਇਆ ਕਿ ਹਰ ਸਾਲ ਸਰਕਾਰੀ ਖਰੀਦ ਏਜੰਸੀ ਦੇ ਨੁਮਾਇੰਦੇ ਦੀ ਖਰੀਦ ਨਹੀਂ ਕਰਦੇ ਜਿਸ ਕਰਕੇ ਕਿਸਾਨਾਂ ਦੀ ਲੁੱਟ ਹੁੰਦੀ ਹੈ।
ਪੜ੍ਹੋ ਇਹ ਵੀ ਖਬਰ - Health Tips: ਸ਼ੂਗਰ ਨੂੰ ਕਾਬੂ ਕਰਨ ’ਚ ਤੁਹਾਡੀ ਮਦਦ ਕਰਨਗੀਆਂ ਇਹ 8 ਚੀਜ਼ਾਂ
ਨਰਮੇ ਦਾ ਬੀਜ
ਇਸ ਖੇਤਰ ਵਿਚ ਕਿਸਾਨਾਂ ਨੇ ਬੀ. ਟੀ. ਕਾਟਨ ਬੀਜ ਜੋ ਗੁਜਰਾਤ ਵਿਚ ਤਿਆਰ ਹੁੰਦੇ ਹਨ ਦੀ ਵਰਤੋਂ ਕੀਤੀ ਹੈ। ਜ਼ਿਆਦਾ ਥਾਵਾਂ ’ਤੇ ਨਰਮੇ ਦੀ ਕਿਸਮ 776 ਅਤੇ 773 ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਬੀ. ਟੀ. ਕਾਟਨ ਨਰਮੇ ਦਾ ਬੀਜ ਅਜੇ ਤੱਕ ਤਿਆਰ ਹੀ ਨਹੀਂ ਹੋ ਰਿਹਾ।
ਨਹਿਰੀ ਪਾਣੀ ਦੀ ਘਾਟ ਦੇ ਬਾਵਜੂਦ ਨਰਮਾ ਨਿਖਰਿਆ
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਤੇ ਜ਼ਿਲਾ ਫਾਜ਼ਿਲਕਾ ਵਿਚ ਨਰਮੇ ਦੀ ਕਾਫੀ ਫਸਲ ਹੈ। ਪਰ ਦੋਵਾਂ ਜ਼ਿਲਿਆਂ ਵਿਚ ਹੀ ਇਸ ਵਾਰ ਨਹਿਰੀ ਪਾਣੀ ਦੀ ਵੱਡੀ ਘਾਟ ਰਹੀ ਹੈ। ਨਹਿਰਾਂ, ਰਜਬਾਹੇ ਅਤੇ ਕੱਸੀਆਂ ਨਹਿਰ ਵਿਭਾਗ ਨੇ ਬੰਦ ਰੱਖੀਆਂ ਹਨ। ਪਰ ਇਸਦੇ ਬਾਵਜੂਦ ਵੀ ਨਰਮੇ ਦੀ ਫਸਲ ਨਿਖਰ ਕੇ ਸਾਹਮਣੇ ਆਈ ਹੈ।
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਸਾਰਾ ਦਿਨ ਥਕਾਵਟ ਤੇ ਕਮਜ਼ੋਰੀ ਹੁੰਦੀ ਹੈ ਮਹਿਸੂਸ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
4 ਲੱਖ ਤੋਂ ਵੱਧ ਹੈਕਟੇਅਰ ਰਕਬੇ ਵਿਚ ਹੋਈ ਹੈ ਨਰਮੇ ਦੀ ਬਿਜਾਈ
ਮਾਲਵਾ ਖੇਤਰ ਦੇ ਕੁਝ ਜ਼ਿਲਿਆਂ ਵਿਚ ਨਰਮੇ ਦੀ ਫਸਲ ਪ੍ਰਮੁੱਖ ਹੈ ਅਤੇ ਕਿਸਾਨ ਵੱਡੀ ਪੱਧਰ ’ਤੇ ਨਰਮਾ ਬੀਜਦੇ ਹਨ। ਭਾਵੇਂ ਝੋਨੇ ਵੱਲ ਵੱਧ ਰੁਝਾਨ ਹੋਣ ਕਰਕੇ ਕਿਸਾਨਾਂ ਨੇ ਨਰਮੇ ਨਾਲੋਂ ਵੱਧ ਝੋਨਾ ਲਾਇਆ ਹੈ। ਪਰ ਖੇਤੀਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਭਰ ਵਿਚ ਕਿਸਾਨਾਂ ਨੇ 4 ਲੱਖ ਤੋਂ ਵੱਧ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਈ ਕੀਤੀ ਹੈ। ਕਈ ਥਾਵਾਂ ’ਤੇ ਨਰਮੇ ਦੇ ਟੀਡੇਂ ਖਿੜ ਪਏ ਹਨ ਅਤੇ ਕਿਸਾਨਾਂ ਨੇ ਨਰਮਾ ਚੁੱਗਣਾ ਸ਼ੁਰੂ ਕਰ ਦਿੱਤਾ ਹੈ।
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ