ਨਰਮਾ/ਕਪਾਹ: ਨਰਮਾ ਪੱਟੀ ਵਿੱਚ ਬਾਸਮਤੀ ਦਾ ਲਾਹੇਵੰਦ ਬਦਲ

Tuesday, May 12, 2020 - 10:35 AM (IST)

ਨਰਮਾ/ਕਪਾਹ: ਨਰਮਾ ਪੱਟੀ ਵਿੱਚ ਬਾਸਮਤੀ ਦਾ ਲਾਹੇਵੰਦ ਬਦਲ

60ਵਿਆਂ ਦੇ ਅੱਧ ਤੱਕ ਭਾਰਤ 'ਚ ਅਨਾਜ ਦੀ ਘਾਟ ਹੋਣ ਕਾਰਨ ਬਹੁਤ ਜ਼ਿਆਦਾ ਮਾਤਰਾ 'ਚ ਅਨਾਜ ਬਾਹਰਲੇ ਮੁਲਕਾਂ ਤੋਂ ਆਯਾਤ ਕਰਨਾ ਪੈਂਦਾ ਸੀ ਤਾਂ ਜੋ ਜਨਤਾ ਨੂੰ ਭੁੱਖਮਰੀ ਤੋਂ ਬਚਾਇਆ ਜਾ ਸਕੇ। ਇਥੋਂ ਤੱਕ ਕਿ ਉਸ ਸਮੇਂ ਦੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸਾਸ਼ਤਰੀ ਜੀ ਨੂੰ ਭਾਰਤੀਆਂ ਨੂੰ ਹਰ ਸੋਮਵਾਰ ਇਕ ਡੰਗ ਦੀ ਰੋਟੀ ਘੱਟ ਖਾਣ ਲਈ ਅਪੀਲ ਕਰਨੀ ਪਈ ਸੀ। ਇਸ ਪਿਛੋਂ ਆਈ ਹਰੀ ਕ੍ਰਾਤੀ, ਜਿਸ 'ਚ ਖੇਤੀ-ਸਾਇੰਸਦਾਨਾਂ, ਕਿਸਾਨਾਂ ਅਤੇ ਸਰਕਾਰੀ ਨੀਤੀਆਂ ਦੇ ਸਮੂਹ ਨੇ ਇਸ ਦੇਸ਼ ਨੂੰ ਭੁੱਖਮਰੀ 'ਚੋਂ ਅਨਾਜ ਨਿਰਯਾਤ ਕਰਨ ਵਾਲੇ ਮੁਲਕਾਂ ਦੀ ਸ਼੍ਰੇਣੀ 'ਚ ਖੜ੍ਹਾ ਕਰ ਦਿੱਤਾ। ਪੰਜਾਬ ਦੇ ਸਮਝਦਾਰ ਅਤੇ ਮਿਹਨਤੀ ਕਿਸਾਨਾਂ ਨੇ ਪੂਰੀ ਤਨਦੇਹੀ ਅਤੇ ਨਿਸ਼ਠਾ ਨਾਲ ਇਸ ਕ੍ਰਾਂਤੀ ਵਿੱਚ ਆਪਣਾ ਰੱਜ ਕੇ ਯੋਗਦਾਨ ਪਾਇਆ।

ਇਸ ਕੌਮੀ ਕਾਰਜ ਵਿੱਚ ਰਾਜ ਦੇ ਪਾਣੀ ਦੇ ਸਰੋਤਾਂ, ਘੱਟੋ ਘੱਟ ਸਮਰਥਨ ਮੁੱਲ ਨੀਤੀ, ਜਮੀਨਾਂ ਦੀ ਮੁਰੱਬੇਬੰਦੀ, ਮੰਡੀਆਂ ਅਤੇ ਸੜਕਾਂ ਦੇ ਜਾਲ, ਖੇਤੀ ਵਸਤਾਂ ਲਈ ਆਸਾਨ ਫ਼ਸਲੀ ਕਰਜਾ ਵਿਧੀ, ਆਦਿ ਦਾ ਵੀ ਬਹੁਤ ਸਹਾਰਾ ਮਿਲਿਆ। ਸਿਰਫ 1.53 ਪ੍ਰਤੀਸਤ ਰਕਬੇ ਵਿੱਚੋਂ ਪੰਜਾਬ ਨੇ ਪੂਰੇ ਮੁਲਕ ਦੀ 19 ਪ੍ਰਤੀਸਤ ਕਣਕ, 11 ਪ੍ਰਤੀਸਤ ਚੌਲ ਅਤੇ 12 ਪ੍ਰਤੀਸਤ ਤੱਕ ਨਰਮੇ ਦੀ ਪੈਦਾਵਾਰ ਕਰਕੇ ਰਿਕਾਰਡ ਪੈਦਾ ਕੀਤੇ। ਚਾਹੇ ਇਸ ਬਦਲੇ ਉਸ ਨੂੰ ਆਪਣੇ ਅਨਮੋਲ ਕੁਦਰਤੀ ਸੋਮਿਆਂ ਨੂੰ ਦਾਅ ਤੇ ਲਾਉਣਾ ਪਿਆ। ਖੇਤੀ ਵਿਕਾਸ ਦੀ ਇਸ ਦੌੜ ਵਿੱਚ ਪੰਜਾਬ ਦੇ ਫ਼ਸਲੀ ਚੱਕਰਾਂ ਵਿੱਚ ਹੈਰਾਨੀਜਨਕ ਤਬਦੀਲੀਆਂ ਆਈਆਂ। 1970 ਵਿਆਂ ਦੇ ਸੁਰੁਆਤੀ ਦੌਰ ਵਿੱਚ ਸੁਰੂ ਹੋਏ ਝੋਨੇ ਨੇ ਸਾਢੇ ਚਾਰ ਦਹਾਕਿਆਂ ਵਿੱਚ ਪੰਜਾਬ ਦੇ ਸਮੁੱਚੇ ਫ਼ਸਲੀ ਚੱਕਰ ਦਾ ਸੰਤੁਲਨ ਵਿਗਾੜ ਕੇ ਰੱਖ ਦਿੱਤਾ। ਰਾਜ ਵਿੱਚ ਸਾਉਣੀ ਹੇਠ ਫਸਲਾਂ ਦੇ ਕੁੱਲ ਰਕਬੇ ਦਾ 80 ਪ੍ਰਤੀਸ਼ਤ ਤੋਂ ਜਿਆਦਾ ਹਿੱਸਾ ਝੋਨੇ ਹੇਠ ਹੈ।

PunjabKesari

ਝੋਨੇ ਦੀ ਫਸਲ, ਬਾਕੀ ਫਸਲਾਂ ਜਿਵੇਂ ਦਾਲਾਂ, ਤੇਲਬੀਜ, ਮੱਕੀ, ਨਰਮੇ ਆਦਿ ਦੇ ਰਕਬੇ ਨੂੰ ਕਾਫੀ ਖੋਰਾ ਲਾ ਚੁੱਕੀ ਹੈ। ਪਰਮਲ ਝੋਨੇ ਤੋਂ ਬਿਨਾਂ ਬਾਸਮਤੀ ਦੀਆਂ ਕਿਸਮਾਂ ਨੇ ਵੀ ਆਪਣੇ ਪੈਰ ਨਰਮਾ ਪੱਟੀ ਵਿੱਚ ਪਸਾਰ ਕੇ ਇੱਕ ਨਵੀਂ ਚੁਣੌਤੀ ਦਿੱਤੀ ਹੈ। ਨਰਮਾ ਪੱਟੀ ਦੇ ਕੁਝ ਕੁ ਕਿਸਾਨ ਧਰਤੀ ਹੇਠਲੇ ਮਾੜੇ ਪਾਣੀ 'ਚ ਵੀ ਬਾਸਮਤੀ ਦੀ ਕਾਸਤ ਕਰਨ ਨੂੰ ਤਰਜੀਹ ਦੇਣ ਲੱਗੇ ਹਨ ਜੋ ਕਿ ਇਕ ਬਹੁਤ ਮਾਰੂ ਰੁਝਾਨ ਹੈ। ਧਰਤੀ ਹੇਠਲੇ ਮਾੜੇ ਪਾਣੀ ਦੀ ਵਰਤੋਂ ਨਾਲ ਸਾਡੀਆਂ ਜਮੀਨਾਂ ਦੇ ਬੰਜਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ਜਿਸ ਕਰਕੇ ਇਹ ਕਣਕ ਦੀ ਕਾਸ਼ਤ ਦੇ ਕਾਬਲ ਵੀ ਨਹੀਂ ਰਹਿਣੀਆਂ।

ਝੋਨੇ ਜਾਂ ਬਾਸਮਤੀ ਦੇ ਮੁਕਾਬਲੇ ਨਰਮਾ ਇਕ ਬਹੁਤ ਹੀ ਮਹੱਤਵਪੂਰਣ ਫਸਲ ਹੈ, ਜਿਸ ਦੀ ਕਿ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੰਡੀ 'ਚ ਬਹੁਤ ਮੰਗ ਹੈ। ਗੁਣਵੱਤਾ ਪੱਖੋਂ ਪੰਜਾਬ 'ਚ ਪੈਦਾ ਹੋਈ ਰੂੰ ਉੱਚੇ ਦਰਜੇ ਦੀ ਹੈ ਅਤੇ ਇਸ ਦੀ ਮੰਗ ਵੀ ਹੈ। ਸਾਲ 2016 ਤੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਨਰਮੇ/ਕਪਾਹ ਦੀ ਸਫਲ ਕਾਸ਼ਤ ਲਈ ਵੱਡੇ ਪੱਧਰ ਤੇ ਚਲਾਈ ਗਈ ਮੁਹਿੰਮ ਦੇ ਸਾਰਥਿਕ ਸਿੱਟੇ ਨਿਕਲ ਰਹੇ ਹਨ। ਸਾਲ 2017-18 ਵਿੱਚ ਪੰਜਾਬ ਵਿੱਚ ਨਰਮੇ ਦਾ ਝਾੜ 750 ਕਿਲੋ ਰੂੰ ਪ੍ਰਤੀ ਹੈਕਟੇਅਰ ਨਿੱਕਲਿਆ ਜੋ ਕਿ ਸਾਲ 2018-19 ਵਿੱਚ ਵਧ ਕੇ 776 ਕਿਲੋ ਪ੍ਰਤੀ ਹੈਕਟੇਅਰ ਤੇ ਪਹੁੰਚ ਗਿਆ ਜੋ ਕਿ ਹੁਣ ਤੱਕ ਦਾ ਰਿਕਾਰਡ ਝਾੜ ਹੈ। ਬਾਸਮਤੀ ਲਈ 15-20 ਪਾਣੀਆਂ ਦੇ ਮੁਕਾਬਲੇ ਨਰਮੇ ਦੀ ਫਸਲ ਸਿਰਫ 4-6 ਪਾਣੀਆਂ ਨਾਲ ਪਲਦੀ ਹੈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਸ਼ਿਫਾਰਿਸਾਂ ਮੁਤਾਬਕ ਨਰਮੇ ਦੀ ਫਸਲ ਤੋਂ 29808 ਰੁਪਏ ਪ੍ਰਤੀ ਏਕੜ ਦਾ ਸ਼ੁੱਧ ਮੁਨਾਫਾ ਹੋ ਸਕਦਾ ਹੈ ਜਦੋਂ ਕਿ ਬਾਸਮਤੀ ਵਿੱਚ 18365 ਰੁਪਏ ਪ੍ਰਤੀ ਏਕੜ ਦਾ ਮੁਨਾਫਾ ਹੁੰਦਾ ਹੈ।

PunjabKesari

ਇਸ ਤੋਂ ਇਲਾਵਾ ਨਰਮੇ ਵਿੱਚ ਘੱਟੋ ਘੱਟ ਸਮੱਰਥਨ ਮੁੱਲ ਦੇ ਮੁਕਾਬਲੇ ਬਾਸਮਤੀ ਦੀ ਫਸਲ ਦਾ ਕੋਈ ਸਮੱਰਥਨ ਮੁੱਲ ਨਹੀਂ ਹੁੰਦਾ ਅਤੇ ਇਸ ਦੀਆਂ ਮੰਡੀ ਵਿਚਲੀਆਂ ਕੀਮਤਾਂ ਵਿੱਚ ਪ੍ਰਾਈਵੇਟ ਖਰੀਦਦਾਰਾਂ ਕਰਕੇ ਬਹੁਤ ਉਤਰਾਅ ਚੜ੍ਹਾਅ ਆਉਂਦਾ ਰਹਿੰਦਾ ਹੈ। ਪਿਛਲੇ ਦਹਾਕੇ ਵਿੱਚ ਬਾਸਮਤੀ ਦੀ ਮੰਡੀ 'ਚ ਕੀਮਤ 1200 ਰੁਪਏ ਪ੍ਰਤੀ ਕੁਇੰਟਲ ਤੋਂ ਲੈ ਕੇ 3500 ਰੁਪਏ ਪ੍ਰਤੀ ਕੁਇੰਟਲ ਤੱਕ ਰਹੀ ਹੈ। ਜੇ ਪਿਛਲੇ ਸਾਲਾਂ ਦੀਆਂ ਮੰਡੀਆਂ ਵਿਚਲੀਆਂ ਕੀਮਤਾਂ ਦੇ ਰੁਝਾਨ ਤੇ ਨਿਗਾਹ ਮਾਰੀਏ ਤਾਂ ਇਕ ਗੱਲ ਸਪਸ਼ਟ ਹੈ ਕਿ ਬਾਸਮਤੀ ਹੇਠ ਰਕਬਾ ਵੱਧਣ ਨਾਲ ਇਸ ਦੀਆਂ ਕੀਮਤਾਂ 'ਚ ਕਾਫੀ ਗਿਰਾਵਟ ਆਉਂਦੀ ਹੈ ਜਦੋਂ ਕਿ ਨਰਮੇ ਵਿੱਚ ਘੱਟੋ ਘੱਟ ਸਮੱਰਥਨ ਮੁੱਲ ਵੱਧਦਾ ਹੀ  ਰਹਿੰਦਾ ਹੈ। ਕੇਂਦਰ ਸਰਕਾਰ ਨੇ ਫਸਲਾਂ ਦਾ ਘੱਟੋ-ਘੱਟ ਸਮੱਰਥਨ ਮੁੱਲ ਨਿਰਧਾਰਿਤ ਕਰਨ ਲਈ ਹੁਣ ਨਵੀਂ ਨੀਤੀ ਬਣਾਈ ਹੈ ਜਿਸ ਤਹਿਤ A2 ਕੀਮਤਾਂ ਅਤੇ ਘਰ ਦੇ ਕਾਮਿਆਂ ਦੀ ਲਾਗਤ ਉੱਪਰ 50 ਪ੍ਰਤੀਸ਼ਤ ਮੁਨਾਫਾ ਯਕੀਨੀ ਬਣਾਇਆ ਜਾਵੇਗਾ। ਸਰਕਾਰ ਦੇ ਇਸ ਨੀਤੀਗਤ ਫੈਸਲੇ ਨਾਲ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੇ ਮੁਨਾਫੇ ਵਿੱਚ ਹੋਰ ਵਾਧਾ ਹੋਵੇਗਾ ਅਤੇ ਨਰਮਾ/ਕਪਾਹ ਫਸਲ ਦਾ ਭਵਿੱਖ ਹੋਰ ਉੱਜਲਾ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।

ਯੂਰਪੀਅਨ ਯੂਨੀਅਨ ਵੱਲੋਂ ਬਾਸਮਤੀ 'ਚ ਵਰਤੇ ਜਾਂਦੇ ਉੱਲੀਨਾਸ਼ਕ ਰਸਾਇਣ(ਟਰਾਈਸਾਈਕਲਾਜੋਲ) ਦੀ ਰਹਿੰਦ-ਖੂੰਹਦ ਸਬੰਧੀ ਕਰੜੇ ਮਾਪ-ਦੰਡ ਅਪਣਾਏ ਜਾਣ ਕਾਰਨ ਆਉਣ ਵਾਲੇ ਸਮੇਂ ਦੌਰਾਨ ਯੂਰਪੀਅਨ ਦੇਸ਼ਾਂ ਨੂੰ ਇਸਦੇ ਨਿਰਯਾਤ ਉੱਪਰ ਨਕਾਰਾਤਮਿਕ ਪ੍ਰਭਾਵ ਪੈ ਸਕਦਾ ਹੈ। ਬਾਸਮਤੀ ਦਾ ਖਰੀਦਦਾਰ ਪ੍ਰਾਈਵੇਟ ਵਪਾਰੀ ਵਰਗ ਹੀ ਹੈ। ਬਾਸਮਤੀ ਦੇ ਭਾਅ ਵੀ ਮੁਲਕ 'ਚੋਂ ਹੋਣ ਵਾਲੇ ਫਸਲ ਦੇ ਨਿਰਯਾਤ 'ਤੇ ਨਿਰਭਰ ਕਰਦੇ ਹਨ। ਇਸ ਲਈ ਕਿਸਾਨਾਂ ਨੂੰ ਸਲਾਹ ਹੈ ਕਿ ਪੰਜਾਬ ਦੀ ਨਰਮਾ ਪੱਟੀ 'ਚ ਧਰਤੀ ਹੇਠਲੇ ਮਾੜੇ ਪਾਣੀ ਨਾਲ ਬਾਸਮਤੀ ਉਗਾਉਣ ਨਾਲੋਂ ਨਹਿਰੀ ਪਾਣੀ ਨਾਲ ਨਰਮੇ ਦੀ ਫਸਲ ਲੈਣੀ ਇੱਕ ਸਿਆਣਾ ਫੈਸਲਾ ਹੋਵੇਗਾ। ਇਹ ਫੈਸਲਾ ਜਿਥੇ ਸਾਡੀ ਜਮੀਨ ਨੂੰ ਬੰਜਰ ਹੋਣ ਤੋਂ ਬਚਾਉਣ ਵਿੱਚ ਸਹਾਈ ਹੋਵੇਗਾ ਉਥੇ ਖੇਤੀ ਵਿਭਿੰਨਤਾ ਵੱਲ ਵੀ ਇਕ ਉੱਦਮ ਹੋਵੇਗਾ।

ਜੀ. ਐੱਸ. ਰੋਮਾਣਾ ਅਤੇ ਰਾਜ ਕੁਮਾਰ
ਇਕੋਨੋਮਿਕਸ ਅਤੇ ਸ਼ੋਸ਼ਿਆਲੋਜੀ ਵਿਭਾਗ, ਪੀ.ਏ.ਯੂ., ਲੁਧਿਆਣਾ।


author

shivani attri

Content Editor

Related News