ਵਿਦੇਸ਼ੀ ਕੰਪਨੀ ਵੱਲੋਂ ਪੰਜਾਬ ''ਚ 150 ਕਰੋੜ ਦਾ ਨਿਵੇਸ਼, CM ਮਾਨ ਨੇ ਕੀਤਾ ਪਲਾਂਟ ਦਾ ਉਦਘਾਟਨ
Wednesday, Oct 01, 2025 - 06:15 PM (IST)

ਰਾਜਪੁਰਾ: ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਉਮੀਦ ਜਤਾਈ ਕਿ ਆਪਣੀਆਂ ਸਨਅਤ ਪੱਖੀ ਤੇ ਕਾਰੋਬਾਰ ਲਈ ਅਨੁਕੂਲ ਮਾਹੌਲ ਕਾਰਨ ਸੂਬਾ ਮੁਲਕ ਦੇ ਅਗਲੇ ਵਪਾਰਕ ਗੜ੍ਹ ਵਜੋਂ ਉੱਭਰੇਗਾ। ਇੱਥੇ ਹਾਲੈਂਡ ਆਧਾਰਤ ਬਹੁਕੌਮੀ ਕੰਪਨੀ ਡੀ ਹਿਊਜ਼ ਦੇ ਪਸ਼ੂ ਫੀਡ ਪਲਾਂਟ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਨਅਤੀ ਤਰੱਕੀ ਨੂੰ ਹੁਲਾਰਾ ਦੇਣ ਲਈ ਕਾਰੋਬਾਰ ਵਿੱਚ ਸੌਖ ਸਣੇ ਕਈ ਅਹਿਮ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਤੋਂ ਮਿਹਨਤੀ, ਉੱਦਮੀ ਅਤੇ ਅਮੀਰ ਵਿਰਾਸਤ ਦੀ ਧਰਤੀ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭਾਰਤ ਦਾ ਅਨਾਜ ਭੰਡਾਰ ਹੋਣ ਉੱਤੇ ਮਾਣ ਹੈ ਕਿਉਂਕਿ ਦੇਸ਼ ਦੇ ਅਨਾਜ ਭੰਡਾਰ ਵਿੱਚ ਸੂਬਾ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਦੇ ਸਨਅਤੀ ਸਫ਼ਰ ਵਿੱਚ ਸਿਫ਼ਤੀ ਤਬਦੀਲੀ ਆਈ ਹੈ, ਜਿਸ ਨਾਲ ਇਸ ਖ਼ੇਤਰ ਵਿੱਚ ਤੇਜ਼ ਰਫ਼ਤਾਰ ਦੇਖਣ ਨੂੰ ਮਿਲੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਪੰਜਾਬ ਸਨਅਤੀ ਪਾਵਰਹਾਊਸ ਬਣ ਗਿਆ ਹੈ ਅਤੇ ਫੂਡ ਪ੍ਰਾਸੈਸਿੰਗ, ਟੈਕਸਟਾਇਲ, ਆਟੋ ਕੰਪੋਨੈਂਟ, ਹੈਂਡ ਟੂਲਜ਼, ਸਾਈਕਲ, ਆਈ.ਟੀ., ਟੂਰਿਜ਼ਮ ਤੇ ਹੋਰ ਖ਼ੇਤਰਾਂ ਵਿੱਚ ਮੋਹਰੀ ਭੂਮਿਕਾ ਵਿੱਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਨਅਤੀ ਤਰੱਕੀ ਅਸਲ ਵਿੱਚ ਆਲਮੀ ਮੁਹਾਂਦਰਾ ਰੱਖਦੀ ਹੈ ਕਿਉਂਕਿ ਸੂਬੇ ਦੀਆਂ ਸੰਭਾਵਨਾਵਾਂ ਨੂੰ ਪਛਾਣਦਿਆਂ ਵਿਸ਼ਵ ਦੇ ਕਈ ਨਿਵੇਸ਼ਕ ਪੰਜਾਬ ਵੱਲ ਰੁਖ਼ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਹੁਣ ਤੱਕ 1.23 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ, ਜਿਸ ਨਾਲ ਨੌਕਰੀਆਂ ਦੇ 4.7 ਲੱਖ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਨਾਲ ਪੰਜਾਬ ਸਨਅਤੀ ਤਰੱਕੀ ਤੇ ਨਵੀਨਾਕਾਰੀ ਵਿੱਚ ਉੱਭਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਨੈਸਲੇ, ਕਲਾਸ, ਫਰੈਡਨਬਰਗ, ਕਾਰਗਿਲ, ਵਰਬਿਓ, ਡੈਨੋਨ ਤੇ ਹੋਰ ਕਈ ਵਿਸ਼ਵ ਪ੍ਰਸਿੱਧ ਕੰਪਨੀਆਂ ਨੇ ਪੰਜਾਬ ਨੂੰ ਆਪਣੇ ਕਾਰੋਬਾਰ ਲਈ ਚੁਣਿਆ ਅਤੇ ਇੱਥੇ ਆਪਣਾ ਕੰਮਕਾਜ ਸ਼ੁਰੂ ਕੀਤਾ, ਜਿਸ ਨਾਲ ਉਹ ਸੂਬੇ ਦੇ ਅਰਥਚਾਰੇ ਦੀ ਤਬਦੀਲੀ ਵਿੱਚ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੌਮਾਂਤਰੀ ਕੰਪਨੀਆਂ ਨੇ ਪੰਜਾਬ ਦੀ ਸੰਭਾਵਨਾ ਅਤੇ ਵਪਾਰ ਨੂੰ ਹੁਲਾਰਾ ਦੇਣ ਲਈ ਸੂਬੇ ਵੱਲੋਂ ਦਿੱਤੇ ਅਨੁਕੂਲ ਮਾਹੌਲ ਨੂੰ ਪਛਾਣਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਆਲਮੀ ਪਹੁੰਚ ਜੱਗ-ਜ਼ਾਹਰ ਹੈ ਕਿਉਂਕਿ ਜਾਪਾਨ, ਅਮਰੀਕਾ, ਜਰਮਨੀ, ਇੰਗਲੈਂਡ, ਸੰਯੁਕਤ ਅਰਬ ਅਮੀਰਾਤ, ਸਵਿੱਟਜ਼ਰਲੈਂਡ, ਫਰਾਂਸ, ਸਪੇਨ ਤੇ ਹੋਰ ਮੁਲਕਾਂ ਤੋਂ ਨਿਵੇਸ਼ ਆ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਆਪਣਾ ਅਹੁਦਾ ਸੰਭਾਲਣ ਮਗਰੋਂ ਉਨ੍ਹਾਂ ਨਿਵੇਸ਼ ਪੱਖੀ ਮਾਹੌਲ ਸਿਰਜਿਆ, ਜਿਸ ਨਾਲ ਵਪਾਰ ਲਈ ਸੌਖ ਵਾਲੇ ਮਾਹੌਲ ਨੂੰ ਠੁੰਮਣਾ ਮਿਲਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਸਨਅਤ ਪੱਖੀ ਨੀਤੀਆਂ ਕਾਰਨ ਪੰਜਾਬ ਨੇ ‘ਵਪਾਰ ਲਈ ਸੌਖ’ ਦੇ ਖ਼ੇਤਰ ਵਿੱਚ ਮੋਹਰੀ ਸਥਾਨ ਹਾਸਲ ਕੀਤਾ। ਪੰਜਾਬ ਸਰਕਾਰ ਨੇ ਭਾਰਤ ਦਾ ਸਭ ਤੋਂ ਆਧੁਨਿਕ ਸਿੰਗਲ ਵਿੰਡੋ ਸਿਸਟਮ ‘ਫਾਸਟ ਟਰੈਕ ਪੰਜਾਬ ਪੋਰਟਲ’ ਲਾਂਚ ਕੀਤਾ ਹੈ, ਜੋ ਵਪਾਰ ਲਈ ਸਾਰੀਆਂ ਸੇਵਾਵਾਂ ਨੂੰ ਇੱਕੋ ਜਗ੍ਹਾ ਮੁਹੱਈਆ ਕਰਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਨੇ ਮੋਹਰੀ ਸਨਅਤਕਾਰਾਂ ਦੀ ਪ੍ਰਧਾਨਗੀ ਹੇਠ ਵੱਖ-ਵੱਖ ਸ਼੍ਰੇਣੀਆਂ ਦੇ ਕਾਰੋਬਾਰਾਂ ਦੇ ਪੱਖ ਵਿਚ ਨੀਤੀਆਂ ਬਣਾਉਣ ਲਈ 24 ਸੈਕਟਰਲ ਕਮੇਟੀਆਂ ਕਾਇਮ ਕੀਤੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਡੀ ਹਿਊਜ਼ ਕੰਪਨੀ ਨੇ ਪੰਜਾਬ ਵਿੱਚ 150 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜਿਸ ਨਾਲ ਨੌਜਵਾਨਾਂ ਲਈ ਨੌਕਰੀਆਂ ਦੇ ਨਵੇਂ ਮੌਕੇ ਖੁੱਲ੍ਹਣਗੇ ਅਤੇ ਸੂਬੇ ਨੂੰ ਲੰਮੇ ਸਮੇਂ ਵਿੱਚ ਫਾਇਦਾ ਹੋਵੇਗਾ। ਉਨ੍ਹਾਂ ਉਮੀਦ ਜਤਾਈ ਕਿ ਹੋਰ ਕੰਪਨੀਆਂ ਵੀ ਡੀ ਹਿਊਜ਼ ਦੇ ਰਾਹ ਉੱਤੇ ਚੱਲਦਿਆਂ ਮੌਕਿਆਂ ਦੀ ਧਰਤੀ ਪੰਜਾਬ ਨੂੰ ਨਿਵੇਸ਼ ਲਈ ਚੁਣਨਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਲਾਂਟ ਦੀ ਸਮਰੱਥਾ 180 ਕਿਲੋ ਮੀਟਰਿਕ ਟਨ ਦੀ ਹੈ, ਜਿਸ ਨੂੰ 240 ਕਿਲੋ ਮੀਟਰਿਕ ਟਨ ਤੱਕ ਵਧਾਇਆ ਜਾ ਸਕਦਾ ਹੈ ਕਿਉਂਕਿ ਕੰਪਨੀ ਦੀ ਆਲਮੀ ਪੱਧਰ ਉੱਤੇ ਪਸ਼ੂਆਂ ਦਾ ਫੀਡ ਬਣਾਉਣ ਦੀ ਕੁੱਲ ਸਮਰੱਥਾ 120 ਲੱਖ ਟਨ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਅਤਿ-ਆਧੁਨਿਕ ਪਲਾਂਟ ਪ੍ਰਦੂਸ਼ਣ ਮੁਕਤ ਤਕਨਾਲੋਜੀ ਨਾਲ ਲੈਸ ਹੈ, ਜੋ ਵਧੀਆ ਵਾਤਾਵਰਨ ਸਿਰਜਣ ਵਿੱਚ ਮਦਦਗਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸੂਬੇ ਲਈ ਇਤਿਹਾਸਕ ਦਿਨ ਹੈ ਕਿਉਂਕਿ ਇਕ ਹੋਰ ਬਹੁਕੌਮੀ ਕੰਪਨੀ ਨੇ ਇੱਥੇ ਆਪਣਾ ਕੰਮਕਾਜ ਅਤੇ ਮੈਨੂਫੈਕਚਰਿੰਗ ਸ਼ੁਰੂ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਟਾਟਾ ਸਟੀਲ ਤੋਂ ਬਾਅਦ ਇਹ ਦੂਜਾ ਵੱਡਾ ਨਿਵੇਸ਼ ਹੈ। ਇਸ ਤੋਂ ਇਲਾਵਾ ਵਰਬਿਓ, ਜੇ.ਐਸ.ਡਬਲਯੂ. ਪਲਾਂਟ, ਕਾਰਗਿਲ, ਵਰਧਮਾਨ ਤੇ ਓਸਵਾਲ ਨੇ ਵੀ ਸੂਬੇ ਵਿਚ ਨਿਵੇਸ਼ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਹਾਏ ਓਏ... ਆਹ ਕੀ ਹੋਈ ਜਾਂਦਾ ਪੰਜਾਬ 'ਚ! ਹੁਸ਼ਿਆਰਪੁਰ ਵਰਗਾ ਘਿਨੌਣਾ ਕਾਂਡ ਕਰ ਚੱਲਿਆ ਸੀ ਪ੍ਰਵਾਸੀ
ਹਾਲੈਂਡ ਨਾਲ ਭਾਵੁਕ ਸਾਂਝ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਘੁੰਮਣ ਦੌਰਾਨ ਉਨ੍ਹਾਂ ਨੂੰ ਹਾਲੈਂਡ ਦੇ ਸ਼ਹਿਰ ਐਮਸਟਰਡਮ ਵੀ ਜਾਣ ਦਾ ਮੌਕਾ ਮਿਲਿਆ, ਜਿਹੜਾ ਵਿਸ਼ਵ ਭਰ ਦੇ ਮਹਾਨ ਸ਼ਹਿਰਾਂ ਵਿੱਚੋਂ ਇਕ ਹੈ। ਉਨ੍ਹਾਂ ਕਿਹਾ ਕਿ ਹਾਲੈਂਡ ਤੇ ਪੰਜਾਬ ਦੇ ਸੱਭਿਆਚਾਰ ਵਿੱਚ ਕਈ ਸਮਾਨਤਾਵਾਂ ਹਨ। ਉਨ੍ਹਾਂ ਕਿਹਾ ਕਿ ਇਸ ਅਹਿਮ ਪ੍ਰਾਜੈਕਟ ਰਾਹੀਂ ਪੰਜਾਬ ਨੂੰ ਵੱਡਾ ਫਾਇਦਾ ਮਿਲੇਗਾ। ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਇਸ ਅਤਿ-ਆਧੁਨਿਕ ਪਲਾਂਟ ਨਾਲ ਪੰਜਾਬ ਦੇ ਡੇਅਰੀ ਉਦਯੋਗ ਨੂੰ ਵਧਣ-ਫੁੱਲਣ ਵਿੱਚ ਮਦਦ ਮਿਲੇਗੀ ਅਤੇ ਸੂਬੇ ਦੀ ਸਨਅਤੀ ਤਰੱਕੀ ਨੂੰ ਵੱਡਾ ਹੁਲਾਰਾ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਗੁਰੂ ਸਾਹਿਬ ਦੀ ਵਰੋਸਾਈ ਧਰਤੀ ਹੈ ਅਤੇ ਸੂਬੇ ਦੇ ਲੋਕ ਹਰੇਕ ਹਾਲਾਤ ਵਿੱਚ ਢਲਣ ਦੇ ਹੁਨਰ ਨਾਲ ਲੈਸ ਹਨ ਕਿਉਂਕਿ ਪੰਜਾਬੀਆਂ ਨੂੰ ‘ਗਲੋਬਲ ਸਿਟੀਜ਼ਨ’ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ ਕੌਮੀ ਪੂਲ ਵਿੱਚ 180 ਲੱਖ ਟਨ ਝੋਨਾ ਅਤੇ 125 ਲੱਖ ਟਨ ਕਣਕ ਦਾ ਯੋਗਦਾਨ ਪਾਉਣ ਕਾਰਨ ਪੰਜਾਬ ਨੂੰ ਭਾਰਤ ਦਾ ਅਨਾਜ ਭੰਡਾਰ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਾਲੈਂਡ ਵਾਂਗ ਪੰਜਾਬ ਦਾ ਵੀ ਅਮੀਰ ਖੇਡ ਵਿਰਸਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਦੇ ਨੌਂ ਮੈਂਬਰ ਪੰਜਾਬ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਭਾਰਤੀ ਪੁਰਸ਼ ਫੁਟਬਾਲ ਟੀਮ ਦੇ ਕਪਤਾਨ ਵੀ ਪੰਜਾਬੀ ਹਨ।
ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੇ ਕਈ ਦਹਾਕਿਆਂ ਮਗਰੋਂ ਇਸ ਤਰ੍ਹਾਂ ਦੀ ਕੁਦਰਤੀ ਆਫ਼ਤ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਕਿਹਾ ਕਿ 2300 ਪਿੰਡ ਪੂਰੀ ਤਰ੍ਹਾਂ ਡੁੱਬ ਗਏ, ਜਿਸ ਕਾਰਨ 20 ਲੱਖ ਲੋਕ ਪ੍ਰਭਾਵਿਤ ਹੋਏ ਅਤੇ ਤਕਰੀਬਨ ਪੰਜ ਲੱਖ ਏਕੜ ਰਕਬੇ ਵਿੱਚ ਫ਼ਸਲਾਂ ਪ੍ਰਭਾਵਿਤ ਹੋਈਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੜ੍ਹਾਂ ਕਾਰਨ 60 ਜਾਨਾਂ ਚਲੀਆਂ ਗਈਆਂ ਅਤੇ ਸੱਤ ਲੱਖ ਤੋਂ ਵੱਧ ਲੋਕ ਬੇਘਰ ਹੋ ਗਏ। ਇਸ ਨਾਲ ਸੂਬੇ ਵਿੱਚ ਬੁਨਿਆਦੀ ਢਾਂਚੇ ਦਾ ਵੱਡੇ ਪੱਧਰ ਉੱਪਰ ਨੁਕਸਾਨ ਹੋਇਆ।
ਮੁੱਖ ਮੰਤਰੀ ਨੇ ਕਿਹਾ ਕਿ 3200 ਸਰਕਾਰੀ ਸਕੂਲ, 19 ਕਾਲਜ, 1400 ਕਲੀਨਿਕ ਅਤੇ ਹਸਪਤਾਲਾਂ ਨੂੰ ਨੁਕਸਾਨ ਪੁੱਜਿਆ। ਇਸ ਤੋਂ ਇਲਾਵਾ 8500 ਕਿਲੋਮੀਟਰ ਸੜਕਾਂ ਤੇ 2500 ਪੁਲਾਂ ਦਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਮੁੱਢਲੇ ਅਨੁਮਾਨਾਂ ਅਨੁਸਾਰ ਲਗਪਗ 13800 ਕਰੋੜ ਰੁਪਏ ਦੀ ਸੰਪੱਤੀ ਨੁਕਸਾਨੀ ਗਈ, ਹਾਲਾਂਕਿ ਅਸਲ ਅੰਕੜੇ ਇਸ ਤੋਂ ਵੀ ਕਿਤੇ ਵੱਧ ਹੋ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਹਮੇਸ਼ਾ ਤੋਂ ਹਰੇਕ ਵਿਰੋਧ ਦੇ ਸਾਹਮਣੇ ਹਿੱਕ ਡਾਹ ਕੇ ਖੜ੍ਹਦਾ ਆਇਆ ਹੈ ਅਤੇ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਆਪਣੇ ਸ਼ਾਨਾਮੱਤੇ ਇਤਿਹਾਸ ਨੂੰ ਦੁਨੀਆ ਭਰ ਵਿਚ ਦੁਹਰਾਏਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8