ਪਿਛਲੇ ਤਿੰਨ ਦਿਨਾਂ ਤੋਂ ਦੂਸ਼ਿਤ ਹੋਈ ਹਵਾ ਨੇ ਲੋਕਾਂ ਦਾ ਕੀਤਾ ਬੁਰਾ ਹਾਲ

Sunday, Jun 17, 2018 - 03:57 AM (IST)

ਪਿਛਲੇ ਤਿੰਨ ਦਿਨਾਂ ਤੋਂ ਦੂਸ਼ਿਤ ਹੋਈ ਹਵਾ ਨੇ ਲੋਕਾਂ ਦਾ ਕੀਤਾ ਬੁਰਾ ਹਾਲ

ਤਰਨਤਾਰਨ,   (ਰਮਨ)-  ਅਾਸਮਾਨ ਵਿਚ ਪਿਛਲੇ ਤਿੰਨ ਦਿਨਾਂ ਤੋ ਛਾਈ ਮਿੱਟੀ ਨੇ ਹਵਾ ਨੂੰ ਬੁਰੀ ਤਰਾਂ ਦੂਸ਼ਿਤ ਕਰ ਕੇ ਰੱਖ ਦਿੱਤਾ ਹੈ, ਜਿਸ ਨੇ ਲੋਕਾਂ ਦਾ ਜਿਊਣਾ ਔਖਾ ਕਰ ਦਿੱਤਾ ਹੈ। ਇਸ ਦੂਸ਼ਿਤ ਹੋਈ ਹਵਾ ਨੇ ਜਿਥੇ ਲੋਕਾਂ ਦਾ ਘਰਾਂ ਤੋ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ, ਉਥੇ ਇਸ ਨਾਲ ਕਈ ਸਾਹ ਦੇ ਮਰੀਜ਼ਾਂ ਨੂੰ ਜ਼ਿਆਦਾ ਮੁਸ਼ਕਲ ਵਿਚ ਪਾ ਕੇ ਰੱਖ ਦਿੱਤਾ ਹੈ। ਭਾਵੇਂ ਬੀਤੇ ਤਿੰਨ ਦਿਨਾਂ ਤੋਂ ਹਵਾ ਵਿਚ ਮਿੱਟੀ ਮਿਲਣ ਨਾਲ ਲੋਕ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਸਨ ਪਰ ਅੱਜ ਦੇਰ ਸ਼ਾਮ ਨੂੰ ਕਾਲੇ ਬੱਦਲਾਂ ਅਤੇ ਠੰਡੀ ਹਵਾ ਨੇ ਮੌਸਮ ਦਾ ਮਿਜ਼ਾਜ ਬਦਲ ਕੇ ਰੱਖ ਦਿੱਤਾ, ਜਿਸ ਦਾ ਸ਼ਹਿਰ ਵਾਸੀਆਂ ਨੇ ਖੂਬ ਆਨੰਦ ਮਾਣਿਆ।
ਬਜ਼ੁਰਗ ਅਤੇ ਬੱਚੇ ਹੋਣ ਲੱਗੇ ਬੀਮਾਰ
 ਆਸਮਾਨ ਵਿਚ ਫੈਲੀ ਮਿੱਟੀ ਘੱਟੇ ਨਾਲ ਦੂਸ਼ਿਤ ਹੋਈ ਹਵਾ ਨੇ ਜ਼ਿਆਦਾਤਰ ਸਾਹ ਅਤੇ ਦਮੇ ਦੇ ਰੋਗੀਆਂ ਨੂੰ ਮੁਸ਼ਕਲ ਵਿਚ ਪਾ ਦਿੱਤਾ ਹੈ, ਜਿਸ ਨਾਲ ਉਨ੍ਹਾਂ ਨੂੰ ਇਸ ਦੂਸ਼ਿਤ ਹੋ ਚੁੱਕੀ ਹਵਾ ਵਿਚ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ। ਇਸ ਦੇ ਨਾਲ ਛੋਟੇ ਬੱਚੇ ਵੀ ਦੂਸ਼ਿਤ ਹਵਾ ਦੇ ਸ਼ਿਕਾਰ ਹੋ ਰਹੇ ਹਨ, ਜਿਨਾਂ ਨੂੰ ਜੁਕਾਮ, ਅੈਲਰਜੀ, ਛਾਤੀ ਦੀ ਇਨਫੈਕਸ਼ਨ ਨਾਲ ਸਬੰਧਤ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਹਸਪਤਾਲਾਂ ਵਿਚ ਵਧ ਰਹੀ ਮਰੀਜ਼ਾਂ ਦੀ ਗਿਣਤੀ
 ਦੂਸ਼ਿਤ ਹੋਈ ਹਵਾ ਕਾਰਨ ਅਸਥਮਾ, ਛਾਤੀ ਦੀ ਇਨਫੈਕਸ਼ਨ, ਜੁਕਾਮ, ਅੱਖਾਂ ਦੀ ਅੈਲਰਜੀ ਆਦਿ ਨਾਲ ਪੀਡ਼ਤ ਮਰੀਜ਼ਾਂ ਦੇ ਇਲਾਜ ਸਬੰਧੀ ਹਸਪਤਾਲਾਂ ਵਿਚ ਗਿਣਤੀ ਵਧ ਰਹੀ ਹੈ। ਸਥਾਨਕ ਸਿਵਲ ਹਸਪਤਾਲ ਵਿਚ ਮਰੀਜ਼ਾ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ।
ਸ਼ਾਮ ਨੂੰ ਮੌਸਮ ਹੋਇਆ ਸੁਹਾਵਣਾ
 ਸ਼ਾਮ ਕਰੀਬ 5 ਵਜੇ ਮੌਸਮ ਵਿਚ ਤਬਦੀਲੀ ਹੋਣ ਦੇ ਨਾਲ ਹਵਾ ਕਾਫੀ ਠੰਡੀ ਹੋ ਗਈ, ਜਿਸ ਦਾ ਛੋਟੇ ਬੱਚਿਆਂ ਨੇ ਕਾਫੀ ਅਨੰਦ ਮਾਣਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਤਿਆਰੀਆਂ ਕਰਦੇ ਹੋਏ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਲੰਗਰ ਥਾਂ-ਥਾਂ ਲਾਏ ਜਾ ਰਹੇ ਹਨ।
 


Related News