ਨਿਗਮ ਨੇ ਫਿਰ ਲਿਆ ਕਿੰਨਰਾਂ ਦਾ ਸਹਾਰਾ
Sunday, Jan 19, 2020 - 12:18 AM (IST)
ਜਲੰਧਰ, (ਖੁਰਾਣਾ)-ਸਰਕਾਰ ਤੇ ਨਿਗਮ ਨੂੰ ਪਲਾਸਟਿਕ ਦੇ ਲਿਫਾਫਿਆਂ 'ਤੇ ਪਾਬੰਦੀ ਲਾਇਆਂ ਕਈ ਸਾਲ ਹੋ ਚੁੱਕੇ ਹਨ ਪਰ ਨਿਗਮ ਇਸ ਨੂੰ ਸਖ਼ਤੀ ਨਾਲ ਲਾਗੂ ਨਹੀਂ ਕਰਵਾ ਪਾ ਰਿਹਾ। ਨਿਗਮ ਅਧਿਕਾਰੀਆਂ 'ਚ ਇੱਛਾ ਸ਼ਕਤੀ ਦੀ ਕਮੀ ਨੂੰ ਦੇਖਦਿਆਂ ਹੁਣ ਸਵੱਛ ਭਾਰਤ ਮਿਸ਼ਨ ਤਹਿਤ ਨਿਗਮ ਨੇ ਥਰਡ ਜੈਂਡਰ ਭਾਵ ਕਿੰਨਰਾਂ ਦੀ ਇਕ ਟੀਮ ਤਿਆਰ ਕੀਤੀ ਹੈ, ਜਿਸ ਨੇ ਬੀਤੇ ਦਿਨ ਰੈਣਕ ਬਾਜ਼ਾਰ ਇਲਾਕੇ 'ਚ ਆਪਣੀਆਂ ਖਾਸ ਅਦਾਵਾਂ ਦਿਖਾ ਕੇ ਲੋਕਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਪ੍ਰੇਰਿਤ ਕੀਤਾ ਸੀ।
ਅੱਜ ਕਿੰਨਰਾਂ ਦੀ ਇਸ ਟੀਮ ਨੇ ਮਾਡਲ ਟਾਊਨ ਮਾਰਕੀਟ 'ਚ ਨੱਚ-ਗਾ ਕੇ ਰਾਹ ਚੱਲਦੇ ਉਨ੍ਹਾਂ ਲੋਕਾਂ ਨੂੰ ਸ਼ਰਮਿੰਦਾ ਕੀਤਾ, ਜੋ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰ ਰਹੇ ਸਨ। ਇਸ ਦੌਰਾਨ ਕਿੰਨਰਾਂ ਨੇ ਖਾਸ ਤੌਰ 'ਤੇ ਤਿਆਰ ਗੀਤ ਅਤੇ ਸਲੋਗਨ ਵੀ ਲੋਕਾਂ ਨੂੰ ਸੁਣਾਏ। ਇਸ ਮੌਕੇ ਨਿਗਮ ਦੀ ਐਡੀਸ਼ਨਲ ਕਮਿਸ਼ਨਰ ਬਬੀਤਾ ਕਲੇਰ ਅਤੇ ਕੌਂਸਲਰ ਅਰੁਣਾ ਅਰੋੜਾ ਖਾਸ ਤੌਰ 'ਤੇ ਮੌਜੂਦ ਰਹੀਆਂ।
ਕਾਲਜੀਏਟ ਬੱਚਿਆਂ ਨੇ ਫਿਰ ਸੜਕਾਂ 'ਤੇ ਫੇਰਿਆ ਝਾੜੂ
ਸਵੱਛਤਾ ਸਰਵੇਖਣ 'ਚ ਚੰਗੀ ਰੈਂਕਿੰਗ ਹਾਸਲ ਕਰਨ ਲਈ ਨਿਗਮ ਨੇ ਅੱਜ ਵੀ ਵੱਖ-ਵੱਖ ਕਾਲਜਾਂ ਦੇ ਬੱਚਿਆਂ ਕੋਲੋਂ ਸ਼ਹਿਰ ਦੀਆਂ ਸੜਕਾਂ ਸਾਫ ਕਰਵਾਈਆਂ। ਇਸ ਦੌਰਾਨ 6 ਕਾਲਜਾਂ ਦੇ ਦਰਜਨਾਂ ਬੱਚਿਆਂ ਅਤੇ ਲਾਲੀ ਇਨਫੋਸਿਸ ਵੱਲੋਂ ਚਲਾਈ ਜਾ ਰਹੀ ਐੱਨ. ਓ. ਜੀ. 'ਫਿਕਰ-ਏ-ਹੋਂਦ' ਦੇ ਵਾਲੰਟੀਅਰਾਂ ਨੇ ਨਾ ਸਿਰਫ ਸੜਕਾਂ 'ਤੇ ਝਾੜੂ ਫੇਰਿਆ, ਸਗੋਂ ਤਸਲੇ ਅਤੇ ਬੇਲਚੇ ਨਾਲ ਕੂੜਾ ਵੀ ਚੁੱਕਿਆ।