ਨਿਗਮ ਸੁਪਰਡੈਂਟ ਨੂੰ ਲੋਕਲ ਬਾਡੀ ਮੰਤਰੀ ਬ੍ਰਹਮ ਮੋਹਿੰਦਰਾ ਦੇ ਪੁੱਤ ਦੀ ਫਲੈਕਸ ਉਤਾਰਨੀ ਪਈ ਮਹਿੰਗੀ

04/28/2021 2:43:20 PM

ਪਟਿਆਲਾ (ਮਨਦੀਪ ਜੋਸਨ) : ਨਗਰ-ਨਿਗਮ ਪਟਿਆਲਾ ਦੇ ਸੁਪਰਡੈਂਟ ਨੂੰ ਲੋਕਲ ਬਾਡੀ ਮੰਤਰੀ ਬ੍ਰਹਮ ਮੋਹਿੰਦਰਾ ਦੇ ਪੁੱਤਰ ਮੋਹਿਤ ਮੋਹਿੰਦਰਾ ਦੀ ਕਈ ਮਹੀਨੇ ਪਹਿਲਾਂ ਲੱਗੀ ਫਲੈਕਸ ਨੂੰ ਉਤਾਰਨਾ ਇਸ ਕਦਰ ਮਹਿੰਗਾ ਪੈ ਗਿਆ ਕਿ ਉਨ੍ਹਾਂ ਦਾ ਤਬਾਦਲਾ ਪਟਿਆਲਾ ਨਗਰ-ਨਿਗਮ ਤੋਂ ਪਠਾਨਕੋਟ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਇਕ ਹੋਰ ਬਿਲਡਿੰਗ ਬਰਾਂਚ ਦੀ ਇੰਸਪੈਕਟਰ ਸੁਖਮਨ ਜੋ ਕਿ ਹੈਂਡੀਕੈਪਡ ਹਨ, ਨੂੰ ਵੀ ਬਦਲ ਦਿੱਤਾ ਗਿਆ ਹੈ। ਨਿਗਮ ਐਂਡ ਪਾਲਿਸੀ ਅਧੀਨ ਕਿਸੇ ਵੀ ਤਰ੍ਹਾਂ ਦੀ ਐਡ ਜਨਤਕ ਥਾਂ ’ਤੇ ਬਿਨਾਂ ਨਿਗਮ ਦੀ ਮਨਜ਼ੂਰੀ ਦੇ ਨਹੀਂ ਲਾਈ ਜਾ ਸਕਦੀ ਪਰ ਸਿਆਸੀ ਲਾਹਾ ਲੈਂਦੇ ਹੋਏ ਸ਼ਿਵਰਾਤਰੀ ’ਤੇ ਧਾਰਮਿਕ ਫਲੈਕਸ ਨੂੰ ਕਈ ਥਾਵਾਂ ’ਤੇ ਲਾਇਆ ਗਿਆ ਤਾਂ ਉਨ੍ਹਾਂ ਨੂੰ ਉਤਾਰਨ ਦੀ ਜ਼ਿੰਮੇਵਾਰੀ ਨਿਗਮ ਨੇ ਹਰ ਹਾਲ ’ਚ ਨਿਭਾਉਣੀ ਸੀ। ਲੋਕਲ ਬਾਡੀ ਮੰਤਰੀ ਦੇ ਪੁੱਤਰ ਨੂੰ ਨਿਗਮ ਦੀ ਇਹ ਕਾਰਵਾਈ ਨਾਗਵਾਰ ਗੁਜਰੀ ਅਤੇ ਉਨ੍ਹਾਂ ਨੇ ਆਪਣੇ ਪਿਤਾ ਦੇ ਮੰਤਰੀ ਹੋਣ ਦਾ ਭਰਪੂਰ ਫਾਇਦਾ ਚੁੱਕਦੇ ਹੋਏ ਉਸ ਅਧਿਕਾਰੀ ਦਾ ਤਬਾਦਲਾ ਪਟਿਆਲਾ ਤੋਂ ਪਠਾਨਕੋਟ ਕਰਵਾ ਦਿੱਤਾ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਬਿਆਨਾਂ ’ਤੇ ਕੈਪਟਨ ਵਲੋਂ ਹੁਣ ਤਕ ਦਾ ਸਭ ਤੋਂ ਵੱਡਾ ਹਮਲਾ, ਦਿੱਤੀ ਚੋਣ ਲੜਨ ਦੀ ਚੁਣੌਤੀ

ਸ਼ਹਿਰ ਦੇ ਕਈ ਮਹੱਤਵਪੂਰਨ ਪ੍ਰਾਜੈਕਟਾਂ ’ਤੇ ਕੰਮ ਕਰ ਰਹੇ ਸੁਪਰਡੈਂਟ ਸੁਨੀਲ ਮਹਿਤਾ ਦਾ ਤਬਾਦਲਾ ਬੇਸ਼ੱਕ ਵਿਭਾਗੀ ਤੌਰ ’ਤੇ ਰੂਟੀਨ ਤਬਾਦਲਾ ਦੱਸਿਆ ਜਾ ਰਿਹਾ ਹੋਵੇ ਪਰ ਰਾਜਨੀਤਕ ਜਿੱਦ ਜਾਂ ਇੰਝ ਕਹਿ ਲਵੋ ਕਿ ਸੱਤਾ ਦੀ ਲਾਲਸਾ ਪੂਰੀ ਕਰਨ ’ਤੇ ਉਤਾਰੂ ਮੰਤਰੀ ਦੇ ਪੁੱਤਰ ਨੇ ਮਾਮੂਲੀ ਜਿਹੀ ਗਲਤੀ ’ਤੇ ਅਧਿਕਾਰੀ ਦੀ ਤਬਾਦਲੇ ਦੇ ਰੂਪ ’ਚ ‘ਬਲੀ’ ਲੈ ਲਈ। ਅਕਾਲੀ ਦਲ ਸਮੇਤ ਹੋਰ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੇ ਮੰਤਰੀ ਦੇ ਪੁੱਤਰ ਦੀ ਇਸ ਹਰਕਤ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ।

ਇਹ ਵੀ ਪੜ੍ਹੋ : ਸੂਬਾ ਸਰਕਾਰ ਦੀਆਂ ਨਵੀਂਆਂ ਪਾਬੰਦੀਆਂ, ਪੰਜਾਬ ਦੇ ਨਿੱਜੀ ਦਫ਼ਤਰਾਂ ਨੂੰ ਸਿਰਫ਼ ਘਰੋਂ ਕੰਮ ਕਰਨ ਦੇ ਹੁਕਮ

ਮੰਤਰੀ ਦਾ ਪੁੱਤਰ ਹੀ ਚਲਾ ਰਿਹੈ ਲੋਕਲ ਬਾਡੀ ਵਿਭਾਗ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਤੋਂ ਸਭ ਤੋਂ ਅਹਿਮ ਵਿਭਾਗ ਲੈ ਕੇ ਬ੍ਰਹਮ ਮੋਹਿੰਦਰਾ ਨੂੰ ਦਿੱਤਾ ਸੀ ਪਰ ਪਿਛਲੇ ਸਮੇਂ ਤੋਂ ਇਸ ਨੂੰ ਬ੍ਰਹਮ ਮੋਹਿੰਦਰਾ ਨਹੀਂ, ਬਲਕਿ ਉਨ੍ਹਾਂ ਦੇ ਪੁੱਤਰ ਮੋਹਿਤ ਮੋਹਿੰਦਰਾ ਹੀ ਚਲਾ ਰਹੇ ਹਨ। ਉਹੀ ਸਾਰੀ ਬਦਲੀਆਂ ਨੂੰ ਦੇਖਦੇ ਹਨ ਅਤੇ ਸਾਰੇ ਕੰਮ ਕਰਦੇ ਹਨ। ਇਥੋਂ ਤੱਕ ਕਿ ਬ੍ਰਹਮ ਮੋਹਿੰਦਰਾ ਦੇ ਆਪਣੇ ਹਲਕੇ ਪਟਿਆਲਾ ਦਿਹਾਤੀ ’ਚ ਜਿੰਨੇ ਵੀ ਵਿਕਾਸ ਕਾਰਜ ਦੇ ਸਰਕਾਰੀ ਪੱਥਰ ਲੱਗੇ ਹਨ, ਉਨ੍ਹਾਂ ’ਚ ਵੀ ਮੋਹਿਤ ਮੋਹਿੰਦਰਾ ਬਿਨਾਂ ਕਿਸੇ ਸੰਵਿਧਾਨਿਕ ਅਹੁਦੇ ਦੇ ਆਪਣਾ ਨਾਂ ਪ੍ਰਮੁੱਖਤਾ ਨਾਲ ਪਾਉਂਦੇ ਹਨ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਨਾਲ ਆਈ ਤਲਖ਼ੀ ਦਰਮਿਆਨ ਨਵਜੋਤ ਸਿੱਧੂ ਨੇ ਫਿਰ ਦਿੱਤਾ ਵੱਡਾ ਬਿਆਨ

ਪੁੱਤਰ ਮੋਹ ’ਚ ਤਬਾਦਲਿਆਂ ਦਾ ਖਾਮਿਆਜ਼ਾ ਕਾਂਗਰਸ ਨੂੰ ਚੋਣਾਂ ’ਚ ਭੁਗਤਣਾ ਪਵੇਗਾ : ਅਮਰਿੰਦਰ ਬਜਾਜ
 ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਨਗਰ ਨਿਗਮ ਪਟਿਆਲਾ ਦੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਨੇ ਕਿਹਾ ਕਿ ਮੰਤਰੀ ਨੇ ਪੁੱਤਰ ਮੋਹ ’ਚ ਸੁਪਰਡੈਂਟ ਅਤੇ ਇੰਸਪੈਕਟਰ ਦਾ ਬਿਨਾਂ ਕਿਸੇ ਠੋਸ ਕਾਰਣ ਤਬਾਦਲਾ ਕਰਨ ਨਾਲ ਪੂਰੇ ਪੰਜਾਬ ਦੀ ਨਗਰ ਨਿਗਮਾਂ ਦੇ ਅਧਿਕਾਰੀਆਂ ਦਾ ਮਨੋਬਲ ਡਿੱਗਿਆ ਹੈ, ਜਿਸ ਦਾ ਖਾਮਿਆਜ਼ਾ ਆਉਣ ਵਾਲੀਆਂ ਚੋਣਾਂ ’ਚ ਕਾਂਗਰਸ ਨੂੰ ਭੁਗਤਣਾ ਪਵੇਗਾ। ਅਮਰਿੰਦਰ ਬਜਾਜ ਨੇ ਕਿਹਾ ਕਿ ਸੁਪਰਡੈਂਟ ਸੁਨੀਲ ਮਹਿਤਾ ਦੇ ਕੰਮਕਾਜ ਨੂੰ ਉਹ ਬੇਹੱਦ ਕਰੀਬ ਤੋਂ ਜਾਣਦੇ ਹਨ। ਲੈਂਡ ਸ਼ਾਖਾ ਹੋਵੇ ਜਾਂ ਜਲ ਸੀਵਰੇਜ ਸ਼ਾਖਾ, ਹਰ ਥਾਂ ’ਤੇ ਰਹਿੰਦੇ ਹੋਏ ਉਨ੍ਹਾਂ ਨੇ ਹਮੇਸ਼ਾ ਨਿਗਮ ਦੇ ਹਿੱਤ ’ਚ ਬੇਹਤਰੀਨ ਕੰਮ ਕੀਤਾ ਹੈ। ਸੁਨੀਲ ਮਹਿਤਾ ਦੀ ਤਰ੍ਹਾਂ ਬਿਲਡਿੰਗ ਬਰਾਂਚ ਇੰਸਪੈਕਟਰ ਨੇ ਵੀ ਮੰਤਰੀ ਜਾਂ ਉਸ ਦੇ ਚਹੇਤਿਆਂ ਦੀ ਮਨਮਰਜ਼ੀ ਅਨੁਸਾਰ ਕੰਮ ਨਾ ਕੀਤੇ ਜਾਣ ਦਾ ਖਾਮਿਆਜ਼ਾ ਪਟਿਆਲਾ ਤੋਂ ਬਠਿੰਡਾ ਤਬਾਦਲਾ ਕਰ ਕੇ ਭੁਗਤਿਆ ਹੈ। ਸਾਬਕਾ ਮੇਅਰ ਬਜਾਜ ਨੇ ਕਿਹਾ ਕਿ ਸੱਤਾ ਦੀ ਲਾਲਸਾ ’ਚ ਨਿਯਮ ਅਤੇ ਕਾਨੂੰਨਾਂ ਦੀ ਅਨਦੇਖੀ ਹਮੇਸ਼ਾ ਕਾਂਗਰਸ ਸਰਕਾਰ ’ਚ ਹੀ ਦੇਖਣ ਨੂੰ ਮਿਲਦੀ ਹੈ।

ਇਹ ਵੀ ਪੜ੍ਹੋ : ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਦੇ ਮਾਮਲੇ ’ਚ ਪੰਜਾਬ-ਹਰਿਆਣਾ ਹਾਈਕੋਰਟ ਦੀ ਵੱਡੀ ਕਾਰਵਾਈ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News