ਨਿਗਮ ਨੇ ਦੁਕਾਨਾਂ ਤੋਂ 34 ਕਿਲੋ ਪਾਲੀਥੀਨ ਦੇ ਲਿਫਾਫੇ ਕੀਤੇ ਜ਼ਬਤ

Thursday, Mar 08, 2018 - 02:10 AM (IST)

ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)-  ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਵੱਲੋਂ ਸ਼ਹਿਰ 'ਚੋਂ ਤੁਰੰਤ ਲਿਫਾਫਿਆਂ ਨੂੰ ਲੈ ਕੇ ਸਖਤ ਕਾਰਵਾਈ ਕਰਨ ਦੇ ਦਿੱਤੇ ਗਏ ਹੁਕਮਾਂ ਤੋਂ ਬਾਅਦ ਨਿਗਮ ਦੀ ਵਿਸ਼ੇਸ਼ ਟੀਮ ਨੇ ਬੁੱਧਵਾਰ ਨੂੰ ਸ਼ਹਿਰ ਦੇ ਬਾਜ਼ਾਰਾਂ 'ਚ ਵੱਖ-ਵੱਖ ਦੁਕਾਨਾਂ 'ਤੇ ਛਾਪੇਮਾਰੀ ਕਰਦੇ ਹੋਏ 34 ਕਿਲੋ ਲਿਫਾਫੇ ਜ਼ਬਤ ਕੀਤੇ। ਹਾਲਾਂਕਿ ਲਿਫਾਫੇ ਜ਼ਬਤ ਕਰਨ ਦੇ ਇਲਾਵਾ ਟੀਮ ਨੇ ਚਲਾਨ ਆਦਿ ਕਰਨ ਦੀ ਕਾਰਵਾਈ ਨਹੀਂ ਕੀਤੀ ਪਰ ਦੁਕਾਨਦਾਰਾਂ ਨੂੰ ਨਿਗਮ ਵੱਲੋਂ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਜੋ ਕੋਈ ਵੀ ਪਾਲੀਥੀਨ ਦੀ ਵਿਕਰੀ ਜਾਂ ਪ੍ਰਯੋਗ ਕਰੇਗਾ, ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਿਗਮ ਟੀਮ ਦੀ ਅਗਵਾਈ ਕਰ ਰਹੇ ਸੈਨੇਟਰੀ ਇੰਸਪੈਕਟਰ ਵਿਕਾਸ ਕੁਮਾਰ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਉਨ੍ਹਾਂ ਰੇਲਵੇ ਰੋਡ, ਚੈਂਬਰ ਰੋਡ, ਪ੍ਰਤਾਪ ਰੋਡ ਅਤੇ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਪਾਲੀਥੀਨ ਦੀ ਵਿਕਰੀ ਤੇ ਵਰਤੋਂ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ।
 ਮੇਅਰ ਅਕਸ਼ਿਤ ਜੈਨ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਲੀਥੀਨ ਦੀ ਵਰਤੋਂ ਨਾ ਕਰਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਪਾਲੀਥੀਨ ਬੈਗ ਨੂੰ ਬਣਾਉਣ, ਵੇਚਣ ਅਤੇ ਵਰਤੋਂ ਕਰਨ 'ਤੇ ਪਾਬੰਦੀ ਲਾ ਕੇ ਰੱਖੀ ਹੈ। 


Related News