3 ਮਹੀਨੇ ਬਾਅਦ ਵੀ ਲਗਭਗ 100 ਡਿਫ਼ਾਲਟਰ ਕਾਲੋਨਾਈਜ਼ਰਾਂ ’ਤੇ FIR ਦਰਜ ਨਹੀਂ ਕਰਵਾ ਸਕਿਆ ਨਿਗਮ
Sunday, Oct 04, 2026 - 11:07 AM (IST)
ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਦੀ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਦਬਾਅ ਕੇ ਬੈਠੇ ਲਗਭਗ 100 ਦੇ ਲਗਭਗ ਕਾਲੋਨਾਈਜ਼ਰਾਂ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਵਾਉਣ ਲਈ ਪੁਲਸ ਕਮਿਸ਼ਨਰ ਨੂੰ ਪੱਤਰ ਭੇਜੇ ਹੋਏ 3 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਤਕ ਇਸ ਮਾਮਲੇ ਵਿਚ ਪੁਲਸ ਕਾਰਵਾਈ ਅੱਗੇ ਨਹੀਂ ਵਧ ਪਾਈ ਹੈ। ਇਸ ਨਾਲ ਨਗਰ ਨਿਗਮ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਉੱਠ ਰਹੇ ਹਨ ਕਿ ਜਦੋਂ ਨਿਗਮ ਖ਼ੁਦ ਡਿਫ਼ਾਲਟਰ ਕਾਲੋਨਾਈਜ਼ਰਾਂ ਦੀ ਸੂਚੀ ਤਿਆਰ ਕਰਕੇ ਪੁਲਸ ਨੂੰ ਭੇਜ ਚੁੱਕਾ ਹੈ ਤਾਂ ਫਿਰ ਐੱਫ਼. ਆਈ. ਆਰ. ਦਰਜ ਕਰਵਾਉਣ ਵਿਚ ਇੰਨੀ ਦੇਰੀ ਕਿਉਂ ਹੋ ਰਹੀ ਹੈ।
ਲਗਭਗ 3 ਮਹੀਨੇ ਪਹਿਲਾਂ ਨਗਰ ਨਿਗਮ ਨੇ ਸਪੱਸ਼ਟ ਕੀਤਾ ਸੀ ਕਿ ਸਬੰਧਤ ਕਾਲੋਨਾਈਜ਼ਰਾਂ ਖ਼ਿਲਾਫ਼ ਬੀ. ਐੱਨ. ਐੱਸ. ਅਤੇ ਪਾਪਰਾ ਐਕਟ ਤਹਿਤ ਅਪਰਾਧਿਕ ਮਾਮਲੇ ਦਰਜ ਕਰਵਾਏ ਜਾਣਗੇ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੂੰ ਪੱਤਰ ਭੇਜ ਕੇ ਇਨ੍ਹਾਂ ਕਾਲੋਨਾਈਜ਼ਰਾਂ ਦੀ ਮਾਲਕੀ ਵਾਲੇ ਖਾਲੀ ਪਲਾਟਾਂ ਦੀਆਂ ਰਜਿਸਟਰੀਆਂ ਅਤੇ ਪ੍ਰਾਪਰਟੀ ਸਬੰਧੀ ਲੈਣ-ਦੇਣ ’ਤੇ ਰੋਕ ਲਾਉਣ ਦੀ ਸਿਫ਼ਾਰਿਸ਼ ਵੀ ਕੀਤੀ ਗਈ ਸੀ ਪਰ ਇੰਨੇ ਸਮੇਂ ਬਾਅਦ ਵੀ ਮਾਮਲਾ ਕਾਗਜ਼ਾਂ ਤੋਂ ਅੱਗੇ ਨਹੀਂ ਵਧ ਸਕਿਆ। ਸਭ ਤੋਂ ਅਹਿਮ ਗੱਲ ਇਹ ਹੈ ਕਿ ਮੇਅਰ ਵਨੀਤ ਧੀਰ ਪਿਛਲੇ ਲਗਭਗ ਇਕ-ਡੇਢ ਸਾਲ ਤੋਂ ਇਨ੍ਹਾਂ ਡਿਫ਼ਾਲਟਰ ਕਾਲੋਨਾਈਜ਼ਰਾਂ ਤੋਂ ਕਰੋੜਾਂ ਰੁਪਏ ਦੀ ਵਸੂਲੀ ਕਰਵਾਉਣ ਦੇ ਯਤਨ ਕਰ ਰਹੇ ਹਨ। ਮੇਅਰ ਦਾ ਲਗਾਤਾਰ ਇਹ ਕਹਿਣਾ ਰਿਹਾ ਹੈ ਕਿ ਨਿਗਮ ਦੀ ਬਕਾਇਆ ਰਾਸ਼ੀ ਹਰ ਹਾਲ ਵਿਚ ਵਸੂਲ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਪੈਸੇ ਨੂੰ ਸ਼ਹਿਰ ਦੇ ਵਿਕਾਸ ਕੰਮਾਂ ’ਤੇ ਲਗਾਇਆ ਜਾ ਸਕਦਾ ਹੈ। ਇਸ ਦੇ ਬਾਵਜੂਦ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਿਲਕੁਲ ਵੀ ਗੰਭੀਰਤਾ ਨਹੀਂ ਦਿਖਾਈ ਗਈ।
ਇਹ ਵੀ ਪੜ੍ਹੋ: ਪਰਗਟ ਸਿੰਘ ਨੂੰ ਹੀ ਕਿਉਂ ਬਣਾਇਆ ਗਿਆ PPCC ਦਾ ਪ੍ਰਧਾਨ! ਜਾਣੋ ਆਖ਼ਰੀ ਸਮੇਂ ਕਿਵੇਂ ਪਲਟ ਗਿਆ ਫ਼ੈਸਲਾ
ਦੱਸਿਆ ਜਾ ਰਿਹਾ ਹੈ ਕਿ ਕਈ ਵਾਰ ਅਧਿਕਾਰੀਆਂ ਨੂੰ ਬਕਾਇਆ ਰਾਸ਼ੀ ਦੀ ਵਸੂਲੀ ਅਤੇ ਡਿਫ਼ਾਲਟਰ ਕਾਲੋਨਾਈਜ਼ਰਾਂ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਪਰ ਜ਼ਮੀਨੀ ਪੱਧਰ ’ਤੇ ਕਾਰਵਾਈ ਦੀ ਰਫ਼ਤਾਰ ਬੇਹੱਦ ਹੌਲੀ ਰਹੀ। ਅਜਿਹੇ ਵਿਚ ਸਵਾਲ ਉੱਠਣਾ ਸੁਭਾਵਿਕ ਹੈ ਕਿ ਜਦੋਂ ਨਗਰ ਨਿਗਮ ਦੇ ਆਰਥਿਕ ਹਾਲਾਤ ਬਹੁਤ ਚੰਗੇ ਨਹੀਂ ਹਨ, ਵਿਕਾਸ ਕੰਮਾਂ ਲਈ ਪੈਸੇ ਦੀ ਲੋੜ ਹੈ ਅਤੇ ਦੂਜੇ ਪਾਸੇ ਕਰੋੜਾਂ ਰੁਪਏ ਦੀ ਰਾਸ਼ੀ ਪਹਿਲਾਂ ਤੋਂ ਹੀ ਨਿਗਮ ਦੇ ਖਾਤੇ ਿਵਚ ਆਉਣੀ ਬਾਕੀ ਹੈ ਤਾਂ ਉਸ ਦੀ ਵਸੂਲੀ ਨੂੰ ਲੈ ਕੇ ਇੰਨੀ ਢਿੱਲ-ਮੱਠ ਕਿਉਂ ਵਰਤੀ ਜਾ ਰਹੀ ਹੈ।
ਨਿਗਮ ਦੀ ਆਪਣੀ ਕਾਰਵਾਈ ਅਨੁਸਾਰ ਸਾਲ 2013 ਅਤੇ 2018 ਵਿਚ ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਸਰਕਾਰ ਵੱਲੋਂ ਪਾਲਿਸੀ ਲਿਆਂਦੀ ਗਈ ਸੀ। ਵੱਡੀ ਗਿਣਤੀ ਵਿਚ ਕਾਲੋਨਾਈਜ਼ਰਾਂ ਨੇ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਲਈ ਬਿਨੈ-ਪੱਤਰ ਦਿੱਤੇ ਪਰ ਨਿਰਧਾਰਿਤ ਵਿਕਾਸ ਫ਼ੀਸ ਅਤੇ ਹੋਰ ਦੇਣਯੋਗ ਰਾਸ਼ੀ ਪੂਰੀ ਤਰ੍ਹਾਂ ਜਮ੍ਹਾ ਨਹੀਂ ਕਰਵਾਈ ਗਈ। ਇਹੀ ਰਕਮ ਹੁਣ ਲੰਮੇ ਸਮੇਂ ਤੋਂ ਨਿਗਮ ਦੀ ਬਕਾਇਆ ਸੂਚੀ ਵਿਚ ਚਲੀ ਆ ਰਹੀ ਹੈ।
ਹੁਣ ਸਵਾਲ ਇਹ ਵੀ ਹੈ ਕਿ ਪੁਲਸ ਨੂੰ ਭੇਜੇ ਗਏ ਪੱਤਰ ਦਾ ਕੀ ਹੋਇਆ ਅਤੇ ਡਿਪਟੀ ਕਮਿਸ਼ਨਰ ਨੂੰ ਭੇਜੀ ਗਈ ਰਜਿਸਟਰੀ ਰੋਕਣ ਦੀ ਸਿਫਾਰਿਸ਼ ’ਤੇ ਕੀ ਕਾਰਵਾਈ ਹੋਈ। ਜੇਕਰ ਨਿਗਮ ਅਸਲ ਵਿਚ ਕਰੋੜਾਂ ਰੁਪਏ ਦੀ ਵਸੂਲੀ ਨੂੰ ਲੈ ਕੇ ਗੰਭੀਰ ਹੈ ਤਾਂ 3 ਮਹੀਨਿਆਂ ਵਿਚ ਘੱਟ ਤੋਂ ਘੱਟ ਐੱਫ਼. ਆਈ. ਆਰ. ਅਤੇ ਜਾਇਦਾਦ ਸਬੰਧੀ ਕਾਰਵਾਈ ਦੀ ਪ੍ਰਕਿਰਿਆ ਅੱਗੇ ਵਧਣੀ ਚਾਹੀਦੀ ਸੀ।
ਇਹ ਵੀ ਪੜ੍ਹੋ: 29 ਨਵੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਕੀਤੇ ਜਾਰੀ
ਸ਼ਹਿਰ ਵਿਚ ਵਿਕਾਸ ਕੰਮਾਂ ਲਈ ਫੰਡ ਦੀ ਕਮੀ ਦਾ ਹਵਾਲਾ ਅਕਸਰ ਦਿੱਤਾ ਜਾਂਦਾ ਹੈ। ਅਜਿਹੇ ਵਿਚ ਨਿਗਮ ਦੇ ਆਪਣੇ ਰਿਕਾਰਡ ਵਿਚ ਦਰਜ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਦੀ ਵਸੂਲੀ ਨਾ ਹੋਣਾ ਨਾ ਸਿਰਫ਼ ਆਰਥਿਕ ਨੁਕਸਾਨ ਹੈ, ਸਗੋਂ ਨਿਗਮ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਹੁਣ ਵੇਖਣਾ ਹੋਵੇਗਾ ਕਿ ਨਿਗਮ ਪ੍ਰਸ਼ਾਸਨ ਅਤੇ ਬਿਲਡਿੰਗ ਵਿਭਾਗ ਇਨ੍ਹਾਂ ਡਿਫ਼ਾਲਟਰ ਕਾਲੋਨਾਈਜ਼ਰਾਂ ਖ਼ਿਲਾਫ਼ ਕਾਰਵਾਈ ਕਦੋਂ ਸ਼ੁਰੂ ਕਰਦਾ ਹੈ ਅਤੇ ਨਿਗਮ ਨੂੰ ਉਸ ਦੀ ਬਕਾਇਆ ਰਕਮ ਕਦੋਂ ਮਿਲਦੀ ਹੈ।
ਇਹ ਵੀ ਪੜ੍ਹੋ: LPU ਮਾਮਲੇ 'ਚ ਇੰਫਲੂਐਂਸਰ ਜੇਮਸ ਦਹੀਆ ਦੀ ਵੀਡੀਓ ਆਈ ਸਾਹਮਣੇ! ਖੋਲ੍ਹੇ ਕਈ ਰਾਜ਼
ਇਨ੍ਹਾਂ ਕਾਲੋਨੀਆਂ ਨੂੰ ਕੱਟਣ ਵਾਲਿਆਂ ’ਤੇ ਕਾਰਵਾਈ ਦੀ ਉਡੀਕ
ਲੱਧੇਵਾਲੀ-ਹਿਮਾਚਲ ਜਨਹਿੱਤ ਸਭਾ ਸੋਸਾਇਟੀ, ਚੋਹਕਾਂ-ਸ਼ਾਲੀਮਾਰ ਗਾਰਡਨ ਕਾਲੋਨੀ ਫੇਜ਼-11, ਬਸਤੀ ਬਾਵਾ ਖੇਲ-ਪੰਨੂ ਇੰਡਸਟਰੀਅਲ ਅਸਟੇਟ, ਮਕਸੂਦਾਂ-ਅਮਨਦੀਪ ਐਵੇਨਿਊ ਐਕਸਟੈਨਸ਼ਨ, ਚੋਹਕਾਂ-ਅਮਨ ਕਾਲੋਨੀ, ਕਿੰਗਰਾ, ਸਤਕਰਤਾਰ ਨਗਰ, ਨੰਗਲਸ਼ਾਮਾ ਕੈਪਟਨ ਪ੍ਰੀਤਮ ਸਿੰਘ ਪਾਰਟਨਰ ਕਾਲੋਨੀ, ਸੁੱਚੀ ਪਿੰਡ ਦੀ ਕਾਲੋਨੀ, ਪਾਰਕ ਇੰਡਸਟਰੀਅਲ ਅਸਟੇਟ, ਲੱਧੇਵਾਲੀ-ਕਬੀਰ ਐਵੇਨਿਊ, ਬੂਟਾ ਪਿੰਡ ਕਿੰਗਰਾ, ਸਿਲਵਰ ਓਕ ਮਾਰਕੀਟ, ਕਾਲੀਆ ਕਾਲੋਨੀ ਐਕਸਟੈਨਸ਼ਨ, ਬੜਿੰਗ ਮਾਸਟਰ ਮਹਿੰਗਾ ਸਿੰਘ ਐਕਸਟੈਨਸ਼ਨ, ਬੜਿੰਗ ਕਾਲੋਨੀ, ਬੜਿੰਗ ਕਾਲੋਨੀ ਫੇਜ਼-2, ਨਿਊ ਉਦੈ ਨਗਰ, ਦਕੋਹਾ ਮਾਡਰਨ ਅਸਟੇਟ, ਬਸੰਤ ਕੁੰਜ, ਢਿੱਲਵਾਂ-ਸੈਨਿਕ ਵਿਹਾਰ, ਢਿੱਲਵਾਂ-ਤਾਰਾ ਐਨਕਲੇਵ, ਵਰਿਆਣਾ ਕਾਲੋਨੀ, ਕਿੰਗਰਾ ਮਹਿਤਾ ਐਨਕਲੇਵ, ਮਿੱਠਾਪੁਰ ਨਿਊ ਕਬੀਰ ਐਵੇਨਿਊ, ਚੋਹਕਾਂ ਸ਼ਿਵਪੁਰੀ ਵਿਹਾਰ, ਲੱਧੇਵਾਲੀ ਦੀਆਂ ਕਾਲੋਨੀਆਂ, ਗ੍ਰੀਨ ਫੀਲਡ ਵਰਿਆਣਾ, ਪਰਾਗਪੁਰ, ਕੋਟ ਸਦੀਕ, ਬੂਟਾ, ਚੱਕ ਜਿੰਦਾ, ਸੀ. ਟੀ. ਰੋਡ ਕਾਲੋਨੀ, ਫੋਲੜੀਵਾਲ, ਦਕੋਹਾ ਦੀ ਕਾਲੋਨੀ, ਸੁੱਚੀ ਪਿੰਡ-ਮੋਤੀ ਬਾਗ, ਢੱਡਾ ਕਿੰਗਜ਼ ਸਿਟੀ ਐਕਸਟੈਨਸ਼ਨ, ਮਿੱਠਾਪੁਰ, ਸ਼ੇਖੇ-ਧਰਮ ਸੋਸਾਇਟੀ, ਗਦਾਈਪੁਰ, ਪਟਵਾਰੀ ਕਾਲੋਨੀ, ਚੱਕ ਹੁਸੈਨਾ, ਲੰਮਾ ਪਿੰਡ, ਐੱਚ. ਐੱਸ. ਚੱਢਾ ਕੰਪਲੈਕਸ, ਦਕੋਹਾ ਰਾਮ ਨਗਰ, ਗੁਲਮਰਗ ਐਵੇਨਿਊ ਐਕਸਟੈਨਸ਼ਨ, ਨਿਊ ਦਸਮੇਸ਼ ਨਗਰ ਐਕਸਟੈਨਸ਼ਨ, ਚੋਹਕਾਂ ਦੀ ਕਾਲੋਨੀ, ਕੈਪਟਨ ਕਾਲੋਨੀ, ਢਿੱਲੋਂ ਕਾਲੋਨੀ, ਜੀ. ਪੀ. ਡੀ. ਐਨਕਲੇਵ, ਚੌਗਿੱਟੀ ਪਟੇਲ ਨਗਰ ਕਾਲੋਨੀ, ਤਰਲੋਕ ਐਵੇਨਿਊ, ਗੁਰੂ ਨਾਨਕ ਐਵੇਨਿਊ, ਲਕਸ਼ਮੀ ਇੰਡਸਟਰੀਅਲ ਕੰਪਲੈਕਸ, ਕ੍ਰਿਸ਼ਨਾ ਐਨਕਲੇਵ, ਰੋਜ਼ ਐਨਕਲੇਵ, ਕਬੀਰ ਵਿਹਾਰ ਐਕਸਟੈਨਸ਼ਨ, ਤਲਵਿੰਦਰ ਕਾਲੋਨੀ, ਨੰਗਲ ਐਸਟੇਟ, ਬਸੰਤ ਨਗਰ, ਸ਼ਾਲੀਮਾਰ ਐਨਕਲੇਵ, ਗਦਾਈਪੁਰ, ਕਾਲੀਆ ਕਾਲੋਨੀ, ਸੰਜੇ ਗਾਂਧੀ ਨਗਰ, ਗੁਰੂ ਅੰਗਦ ਐਵੇਨਿਊ, ਤੂਰ ਐਨਕਲੇਵ, ਸ਼ਿਵ ਨਗਰ, ਨਿਊ ਕਾਲੋਨੀ, ਸਟਾਰ ਸਿਟੀ, ਵਿਕਾਸ ਪੁਰੀ, ਪੰਚਸ਼ੀਲ ਐਵੇਨਿਊ, ਨਿਊ ਡਿਫੈਂਸ ਕਾਲੋਨੀ ਫੇਜ਼-1, ਰਾਮ ਨਗਰ, ਰੈਡੀਸਨ ਐਨਕਲੇਵ ਫੇਜ਼-1.
ਇਹ ਵੀ ਪੜ੍ਹੋ: LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ ਨਵੀਂ ਅਪਡੇਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
