ਗੈਰ-ਕਾਨੂੰਨੀ ਕੰਮਾਂ ਖਿਲਾਫ ਨਿਗਮ ਕਮਿਸ਼ਨਰ ਦੀ ਛਾਪੇਮਾਰੀ
Friday, Feb 23, 2018 - 05:37 AM (IST)

ਅੰਮ੍ਰਿਤਸਰ, (ਵੜੈਚ)- ਆਟੋ ਵਰਕਸ਼ਾਪ 'ਚ ਨਗਰ ਨਿਗਮ ਕਮਿਸ਼ਨਰ ਵੱਲੋਂ ਬੁੱਧਵਾਰ ਦੇਰ ਸ਼ਾਮ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਵੀਰਵਾਰ ਨੂੰ ਕਰਮਚਾਰੀਆਂ 'ਚ ਹਫੜਾ-ਦਫੜੀ ਦਾ ਮਾਹੌਲ ਬਣਿਆ ਰਿਹਾ। ਛਾਪੇਮਾਰੀ ਦੌਰਾਨ ਕਮਿਸ਼ਨਰ ਸੋਨਾਲੀ ਗਿਰੀ ਨੇ ਗਹਿਰਾਈ ਨਾਲ ਵਰਕਸ਼ਾਪ ਦੀ ਚੈਕਿੰਗ ਕੀਤੀ। ਵਾਹਨਾਂ ਦੇ ਤੇਲ ਦੀ ਕਾਲਾ-ਬਾਜ਼ਾਰੀ ਲਈ ਰੱਖੇ ਕੈਨ, ਭੰਗ ਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਮਿਲਣ ਉਪਰੰਤ ਸਰਕਾਰੀ ਸੇਵਾਦਾਰ ਅਤੇ ਇਕ ਪ੍ਰਾਈਵੇਟ ਵਿਅਕਤੀ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ।
ਜਿਸ ਕਮਰੇ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਸਾਮਾਨ ਰੱਖਿਆ ਗਿਆ ਸੀ, ਉਹ ਖਸਤਾਹਾਲ ਕਮਰਾ ਵੀਰਵਾਰ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਕਮਿਸ਼ਨਰ ਨੇ ਸ੍ਰੀ ਦੁਰਗਿਆਣਾ ਮੰਦਰ ਸਥਿਤ ਪੁਲਸ ਚੌਕੀ ਦੇ ਕਰਮਚਾਰੀਆਂ ਨਾਲ ਜਦੋਂ ਛਾਪੇਮਾਰੀ ਕੀਤੀ ਸੀ ਤਾਂ ਉਸ ਵੇਲੇ ਵਰਕਸ਼ਾਪ ਵਿਚ ਚੌਕੀਦਾਰ ਵਿਜੇ ਕੁਮਾਰ ਅਤੇ ਕਿਸ਼ਨ ਦੀ ਡਿਊਟੀ ਸੀ, ਕਮਰੇ ਦਾ ਤਾਲਾ ਤੁੜਵਾ ਕੇ ਨਸ਼ੇ ਦੇ ਸਾਮਾਨ ਦੀ ਬਰਾਮਦਗੀ ਤੋਂ ਬਾਅਦ ਤਾਇਨਾਤ ਚੌਕੀਦਾਰ ਤੋਂ ਸਵਾਲ-ਜਵਾਬ ਕੀਤੇ ਤਾਂ ਚੌਕੀਦਾਰ ਕੋਈ ਸੰਤੁਸ਼ਟ ਜਵਾਬ ਦੇਣ 'ਚ ਅਸਮਰੱਥ ਰਿਹਾ, ਜਿਸ ਉਪਰੰਤ ਫਿਲਹਾਲ 2 ਵਿਅਕਤੀਆਂ ਖਿਲਾਫ ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਅਤੇ ਪੂਰੇ ਮਾਮਲੇ ਦਾ ਪਰਦਾਫਾਸ਼ ਕਰਨ ਲਈ ਜਾਂਚ ਦੇ ਹੁਕਮ ਵੀ ਦਿੱਤੇ ਗਏ। ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਦਫਤਰ ਜਾਂ ਵਰਕਸ਼ਾਪ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਹੋਣ ਵਾਲੇ ਕੰਮ ਬਰਦਾਸ਼ਤ ਨਹੀਂ ਕੀਤੇ ਜਾਣਗੇ, ਜੋ ਵੀ ਇਨ੍ਹਾਂ ਕੰਮਾਂ ਵਿਚ ਸ਼ਾਮਲ ਹੋਵੇਗਾ, ਉਸ ਨੂੰ ਸਸਪੈਂਡ ਤੱਕ ਕਰ ਦਿੱਤਾ ਜਾਵੇਗਾ।
ਮਿਊਂਸੀਪਲ ਯੂਥ ਇੰਪਲਾਈਜ਼ ਫੈੱਡਰੇਸ਼ਨ ਦੇ ਪ੍ਰਧਾਨ ਆਸ਼ੂ ਨਾਹਰ ਨੇ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਡਿਊਟੀ ਤੋਂ ਬਾਅਦ ਕੀਤੀ ਛਾਪੇਮਾਰੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਵਰਕਸ਼ਾਪ ਵਿਚ ਨਸ਼ੇ ਨਾਲ ਮਿਲਿਆ ਸਾਮਾਨ ਘਿਨੌਣੀ ਹਰਕਤ ਹੈ। ਕਮਿਸ਼ਨਰ ਦੇ ਕੀਤੇ ਕੰਮਾਂ ਦੀ ਇੱਜ਼ਤ ਕਰਦਿਆਂ ਚੰਗੇ ਕੰਮਾਂ ਲਈ ਹਰ ਪੱਖੋਂ ਸਾਥ ਦਿੱਤਾ ਜਾਵੇਗਾ।
ਵਰਕਸ਼ਾਪ 'ਚ ਚੱਲਦਾ ਸੀ ਸ਼ਰਾਬ-ਕਬਾਬ : ਖੁਦ ਨੂੰ ਆਗੂ ਅਖਵਾਉਣ ਵਾਲੇ ਕਈ ਲੋਕਾਂ ਵੱਲੋਂ ਵਰਕਸ਼ਾਪ ਵਿਚ ਸ਼ਰਾਬ-ਕਬਾਬ ਦੀ ਮਹਿਫਲ ਲੱਗਦੀ ਸੀ। ਜਾਮ ਛਲਕਦੇ ਅਤੇ ਗੱਲਾਂ ਦਾ ਦੌਰ ਚੱਲਦਾ ਰਹਿੰਦਾ ਸੀ। ਉਧਰ ਸਰਕਾਰੀ ਤੇਲ ਦੀ ਕਾਲਾ-ਬਾਜ਼ਾਰੀ ਹੋਣ ਦੇ ਸ਼ੱਕ ਵਜੋਂ ਰੱਖੇ ਕੈਨਾਂ ਜ਼ਰੀਏ ਕਿਵੇਂ ਤੇਲ ਅੱਗੇ-ਪਿੱਛੇ ਕੀਤਾ ਜਾਂਦਾ ਹੈ, ਇਸ ਦੀ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਅੱਗੇ ਹੋ ਕੇ ਨਾਅਰੇ ਲਾਉਣ ਵਾਲੇ ਆਗੂ ਤੇ ਉਨ੍ਹਾਂ ਦੇ ਰਿਸ਼ਤੇਦਾਰ ਕਰਮਚਾਰੀਆਂ ਦੇ ਨਾਂ ਸਾਹਮਣੇ ਆ ਸਕਦੇ ਹਨ।