ਨਗਰ-ਨਿਗਮ ਦਾ ਟਿੱਪਰ ਬਣਿਆ ਯਮਦੂਤ, ਐਕਟਿਵਾ ਸਵਾਰ ਨੂੰ ਦਰੜਿਆ, ਮੌਕੇ ’ਤੇ ਮੌਤ
Monday, Sep 19, 2022 - 06:21 PM (IST)
ਲੁਧਿਆਣਾ (ਬੇਰੀ) : ਨਗਰ ਨਿਗਮ ਦਾ ਕੂੜਾ ਚੁੱਕਣ ਵਾਲਾ ਟਿੱਪਰ ਇਕ ਐਕਟਿਵਾ ਸਵਾਰ ਲਈ ਯਮਦੂਤ ਬਣ ਕੇ ਆਇਆ। ਓਵਰਸਪੀਡ ਟਿੱਪਰ ਚਾਲਕ ਨੇ ਐਕਟਿਵਾ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ ਜਿਸ ਨਾਲ ਐਕਟਿਵਾ ਸਮੇਤ ਵਿਅਕਤੀ ਕਈ ਫੁੱਟ ਦੂਰ ਜਾ ਡਿੱਗਾ ਅਤੇ ਟਿੱਪਰ ਨੇ ਸਿਰ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਚਾਲਕ ਨੇ ਟਿੱਪਰ ਭਜਾਉਣ ਦਾ ਯਤਨ ਕੀਤਾ ਪਰ ਅੱਗੇ ਜਾਮ ਲੱਗਾ ਹੋਣ ਕਾਰਲ ਉਹ ਟਿੱਪਰ ਨਹੀਂ ਭਜਾ ਸਕਿਆ ਅਤੇ ਖੁਦ ਟਿੱਪਰ ਤੋਂ ਉੱਤਰ ਕੇ ਫਰਾਰ ਹੋ ਗਿਆ। ਗੁੱਸੇ ਵਿਚ ਆਏ ਲੋਕਾਂ ਨੇ ਪੱਥਰ ਮਾਰ ਕੇ ਟਿੱਪਰ ਦੇ ਸ਼ੀਸ਼ੇ ਤੋੜ ਦਿੱਤੇ। ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਮੌਕੇ ‘ਤੇ ਪੁੱਜੀ। ਮ੍ਰਿਤਕ ਦੀ ਪਛਾਣ ਰਾਮ ਨਗਰ ਦੇ ਰਹਿਣ ਵਾਲੇ ਜੋਗਿੰਦਰ ਸਿੰਘ (75) ਵਜੋਂ ਹੋਈ ਹੈ। ਪੁਲਸ ਨੇ ਲੋਕਾਂ ਨੂੰ ਕਿਸੇ ਤਰ੍ਹਾਂ ਸ਼ਾਂਤ ਕੀਤਾ। ਫਿਰ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ ਅਤੇ ਟਿੱਪਰ ਕਬਜ਼ੇ ਵਿਚ ਲੈ ਕੇ ਥਾਣੇ ਲੈ ਗਈ। ਇਸ ਮਾਮਲੇ ਵਿਚ ਪੁਲਸ ਨੇ ਟਿੱਪਰ ਚਾਲਕ ਖਿਲਾਫ ਕੇਸ ਦਰਜ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਜੋਗਿੰਦਰ ਸਿੰਘ ਰਾਮ ਨਗਰ ਦੇ ਰਹਿਣ ਵਾਲੇ ਹਨ ਜੋ ਪੈਟਰੋਲ ਪੰਪ ਦੇ ਮਾਲਕ ਸਨ। ਹੁਣ ਉਨ੍ਹਾਂ ਦਾ ਪੰਪ ਬੰਦ ਹੋ ਚੁੱਕਾ ਹੈ। ਸੋਮਵਾਰ ਸਵੇਰ ਉਹ ਐਕਟਿਵਾ ‘ਤੇ ਸਵਾਰ ਹੋ ਕੇ ਆਪਣੇ ਕਿਸੇ ਰਿਸ਼ਤੇਦਾਰ ਦੇ ਕੋਲ ਜਾ ਰਹੇ ਸਨ। ਜਦੋਂ ਸਮਰਾਲਾ ਚੌਕ ਦੇ ਕੋਲ ਪੁੱਜੇ ਤਾਂ ਪਿੱਛੋਂ ਤੇਜ਼ ਰਫਤਾਰ ਆ ਰਹੇ ਨਗਰ ਨਿਗਮ ਦੇ ਟਿੱਪਰ ਨੇ ਉਨ੍ਹਾਂ ਨੂੰ ਕੁਚਲ ਦਿੱਤਾ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਹੀ ਮੁਲਜ਼ਮ ਵਾਹਨ ਛੱੜ ਕੇ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਗੁੱਸੇ ਵਿਚ ਆ ਕੇ ਟਿੱਪਰ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ। ਮਾਹੌਲ ਖਰਾਬ ਨਾ ਹੋਵੇ, ਮੌਕੇ ‘ਤੇ ਪੁੱਜ ਕੇ ਪੁਲਸ ਨੇ ਮੌਕਾ ਸੰਭਾਲ ਲਿਆ। ਉਧਰ, ਸਬ-ਇੰਸਪੈਕਟਰ ਭਜਨ ਸਿੰਘ ਨੇ ਦੱਸਿਆ ਕਿ ਦਿਨ ਵਿਚ ਐਂਟਰੀ ਬੈਨ ਹੈ ਪਰ ਟਿੱਪਰ ਇਸ ਇਲਾਕੇ ਵਿਚ ਕਿਵੇਂ ਆਇਆ, ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟਿੱਪਰ ਕਬਜ਼ੇ ਵਿਚਲੈ ਲਿਆ ਗਿਆ ਹੈ। ਮੁਲ਼ਜਮ ਸਬੰਧੀ ਵੀ ਪਤਾ ਲਗਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।