ਨਿਗਮ ਸ਼ਹਿਰ ਵਾਸੀਆਂ ਤੇ ਕਰਮਚਾਰੀਆਂ ਦੇ ਹੱਕ ''ਚ ''ਬੈਕਫੁੱਟ ''ਤੇ''

Friday, Jun 30, 2017 - 03:07 AM (IST)

ਅੰਮ੍ਰਿਤਸਰ,   (ਵੜੈਚ)- ਨਗਰ ਨਿਗਮ ਦੇ ਉੱਚ ਅਧਿਕਾਰੀ 'ਅੱਗਾ ਦੌੜ ਪਿੱਛਾ ਚੌੜ' ਕਹਾਵਤ ਦੀ ਤਰ੍ਹਾਂ ਕੰਮ ਕਰਦੇ ਆ ਰਹੇ ਹਨ ਜਿਸ ਨਾਲ ਸ਼ਹਿਰ ਵਾਸੀਆਂ ਅਤੇ ਮੁਲਾਜ਼ਮਾਂ ਦੋਹਾਂ ਦਾ ਹੀ ਨੁਕਸਾਨ ਹੋ ਰਿਹਾ ਹੈ। ਭਗਤਾਂਵਾਲਾ ਡੰਪ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਪੂਰੀਆਂ ਨਹੀਂ ਹੋ ਸਕੀਆਂ। ਆਉਣ ਵਾਲੇ ਸਮੇਂ ਵਿਚ ਡੰਪ ਦਾ ਪੱਕੇ ਤੌਰ 'ਤੇ ਹੱਲ ਨਾ ਲੱਭਿਆ ਗਿਆ ਤਾਂ ਸ਼ਹਿਰ ਵਾਸੀ ਗੰਦਗੀ ਦੀਆਂ ਮੁਸ਼ਕਲਾਂ ਦੀ ਲਪੇਟ ਵਿਚ ਆ ਸਕਦੇ ਹਨ ਕਿਉਂਕਿ ਸ਼ਹਿਰ ਵਿਚੋਂ ਉੱਠਾਈ ਗੰਦਗੀ ਨੂੰ ਡੰਪ ਤਕ ਪਹੁੰਚਾਉਣ ਲਈ ਨਿਗਮ ਦੇ ਵਾਹਨ ਚਾਲਕ ਮੁਲਾਜ਼ਮਾਂ ਦਾ ਡੰਪ ਤਕ ਪਹੁੰਚਣਾ ਔਖਾ ਹੋ ਰਿਹਾ ਹੈ। 
ਮਿਊਂਸੀਪਲ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਆਸ਼ੂ ਨਾਹਰ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਵਿਚ ਡੰਪ ਦਾ ਕੂੜਾ ਦਲਦਲ ਦਾ ਰੂਪ ਧਾਰ ਲੈਂਦਾ ਹੈ। ਡੰਪ 'ਤੇ ਪਹੁੰਚਣ ਲਈ ਰਸਤਾ ਖਰਾਬ ਹੋ ਜਾਂਦਾ ਹੈ ਪਤਾ ਨਹੀਂ ਕਦੋਂ ਚਲਦੇ-ਚਲਦੇ ਵਾਹਨ ਕੂੜੇ ਵਿਚ ਫਸ ਜਾਂਦੇ ਹਨ ਜਿਸ ਨੂੰ ਪਿੱਛੋਂ ਧੱਕਾ ਮਾਰ ਕੇ ਅੱਗੇ ਤੱਕ ਲੈ ਜਾਣ ਲਈ ਵੱਖਰੇ ਲੋਡਰ ਦੀ ਜ਼ਰੂਰਤ ਹੁੰਦੀ ਹੈ ਜਿਸ ਨਾਲ ਨਿਗਮ ਦੀ ਮਸ਼ੀਨਰੀ ਖਸਤਾ ਹੋ ਰਹੀ ਹੈ ਅਤੇ ਮੁਲਾਜ਼ਮਾਂ ਨੂੰ ਵੀ ਖਤਰਿਆਂ ਵਿਚੋਂ ਨਿਕਲਣਾ ਪੈ ਰਿਹਾ ਹੈ। ਆਸ਼ੂ ਨੇ ਕਿਹਾ ਕਿ ਕਮਿਸ਼ਨਰ ਮੁਲਾਜ਼ਮਾਂ ਨੂੰ ਪਰਿਵਾਰਕ ਮੈਂਬਰ ਕਹਿੰਦੇ ਹਨ ਪਰ ਮੁਲਾਜ਼ਮਾਂ ਨੂੰ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਮੰਨਿਆ ਨਹੀਂ ਜਾ ਰਿਹਾ। ਕਰਮਚਾਰੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਵਰਕਸ਼ਾਪ ਸਥਿਤ ਵਾਹਨਾਂ ਦੀ ਰਿਪੇਅਰ ਕਰਨ ਵਾਲੇ ਸ਼ੈੱਡ ਦਾ ਹਿੱਸਾ ਡਿੱਗ ਗਿਆ ਹੈ ਖਸਤਾਹਾਲ ਇਮਾਰਤ ਦੇ ਡਿਗਣ ਦਾ ਡਰ ਹੈ ਜਿਸ ਨਾਲ ਕਰਮਚਾਰੀ ਡਰ ਦੇ ਮਾਹੌਲ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਮਿਸ਼ਨਰ ਗੁਰਲਵਲੀਨ ਸਿੰਘ ਮੁਲਾਜ਼ਮਾਂ ਦੇ ਕੰਮਾਂ ਦੇ ਨਾਲ ਸਹੂਲਤਾਂ ਵੱਲ ਵੀ ਧਿਆਨ ਦੇਣ ਜੇਕਰ ਸਾਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਰਾਜਨ ਮਲਹੋਤਰਾ, ਮੰਗੂ, ਧਰਮਿੰਦਰ, ਸਿਕੰਦਰ, ਅਮਰ, ਰਮੇਸ਼, ਵਿਜੈ, ਸੰਜੂ, ਨਿਤਿਸ਼, ਰਾਜੂ ਮੌਜੂਦ ਸਨ।
ਸਟੋਰ 'ਤੇ ਲਟਕਿਆ ਤਾਲਾ 
ਵਾਹਨ ਦੀ ਰਿਪੇਅਰ ਦੇ ਸਾਮਾਨ ਵਾਲੇ ਸਟੋਰ 'ਤੇ ਕਈ ਦਿਨਾਂ ਤੋਂ ਤਾਲਾ ਲਟਕਦਾ ਨਜ਼ਰ ਆ ਰਿਹਾ ਹੈ। ਡੰਪ ਦੇ ਖਰਾਬ ਰਸਤਿਆਂ 'ਤੇ ਚਲਦਿਆਂ ਵਾਹਨਾਂ ਦੀ ਹਾਲਤ ਖਸਤਾ ਹੋ ਰਹੀ ਹੈ ਜਿਨ੍ਹਾਂ ਦੀ ਛੋਟੀ-ਮੋਟੀ ਰਿਪੇਅਰ ਲਈ ਟਰੈਕਟਰ-ਟਰਾਲੀਆਂ ਚਲਾਉਣ ਵਾਲੇ ਨੱਟ, ਪੇਚ ਜਾਂ ਹੋਰ ਰਿਪੇਅਰ ਦਾ ਸਾਮਾਨ ਮੁਹੱਈਆ ਨਾ ਹੋਣ ਕਰ ਕੇ ਪ੍ਰੇਸ਼ਾਨ ਹਨ। ਅਗਰ ਇੰਝ ਹੀ ਰਿਹਾ ਤਾਂ ਨਿਗਮ ਦਾ ਬੇੜਾ ਕਿਵੇਂ ਪਾਰ ਲਗੇਗਾ। 
90 ਲੱਖ ਦਾ ਚੇਨ ਬੁਲਡੋਜ਼ਰ ਕੂੜੇ ਵਿਚ ਹੋ ਰਿਹੈ ਕੂੜਾ 
ਡੰਪ ਦੇ ਕੂੜੇ ਨੂੰ ਇਕੱਠਾ ਕਰ ਕੇ ਸਮੇਟਣ ਵਾਲਾ ਨਿਗਮ ਦਾ 90 ਲੱਖ ਰੁਪਏ ਦਾ ਚੇਨ ਬੁਲਡੋਜ਼ਰ ਭਗਤਾਂਵਾਲਾ ਡੰਪ ਦੇ ਕੂੜੇ ਵਿਚ ਕੂੜਾ ਹੋ ਰਿਹਾ ਹੈ। ਇਸ ਦੀ ਰਿਪੇਅਰ ਲਈ ਕਰੀਬ ਇਕ ਲੱਖ ਦਾ ਖਰਚਾ ਦੱਸਿਆ ਜਾਂਦਾ ਰਿਹਾ ਹੈ। ਇਸ ਨੂੰ ਠੀਕ ਨਹੀਂ ਕਰਵਾਇਆ ਗਿਆ ਜਦਕਿ ਬਰਸਾਤ ਦੇ ਦਿਨਾਂ ਵਿਚ ਕਰੀਬ 3 ਮਹੀਨਿਆਂ ਲਈ ਕਿਰਾਏ ਦੇ ਲੋਡਰ 'ਤੇ ਕਰੀਬ 5 ਲੱਖ ਰੁਪਏ ਕਿਰਾਇਆ ਦਿੱਤਾ ਜਾਂਦਾ ਹੈ।
ਆਰਥਿਕ ਪੱਖੋਂ ਕਮਜ਼ੋਰ ਨਿਗਮ 
ਪਿਛਲੇ ਕਈ ਸਾਲਾਂ ਤੋਂ ਆਰਥਿਕ ਪੱਖੋਂ ਕਮਜ਼ੋਰ ਨਗਰ ਨਿਗਮ ਮੁਲਾਜ਼ਮਾਂ ਨੂੰ ਖੁਸ਼ ਨਹੀਂ ਕਰ ਸਕਿਆ। ਝੂਠੇ ਲਾਰੇ ਲਾਉਂਦਿਆਂ 40 ਕਰੋੜ ਰੁਪਏ ਦਾ ਚੈੱਕ ਯੂਨੀਅਨ ਨੇਤਾਵਾਂ ਨੂੰ ਦਿੱਤਾ ਗਿਆ। ਮੁਲਾਜ਼ਮਾਂ ਦੇ ਪੀ. ਐੱਫ. ਖਾਤੇ ਖਾਲੀ ਹਨ। ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀ। ਕਈ ਕਈ ਮਹੀਨੇ ਦੀਆਂ ਐੱਲ. ਆਈ. ਸੀ. ਦੀਆਂ ਕਿਸ਼ਤਾਂ ਨਾ ਜਾਣ ਕਾਰਨ ਜ਼ਿਆਦਾਤਰ ਕਰਮਚਾਰੀ ਆਊਟ ਆਫ ਰਿਸਕ ਚਲ ਰਹੇ ਹਨ। 
ਅਧਿਕਾਰੀਆਂ ਦੀ ਲਾਵਾਂਗੇ ਡਿਊਟੀ : ਕਮਿਸ਼ਨਰ 
ਨਗਰ ਨਿਗਮ ਕਮਿਸ਼ਨਰ ਲਵਲੀਨ ਸਿੰਘ ਨੇ ਕਿਹਾ ਕਿ ਵਾਹਨਾਂ ਦੀ ਰਿਪੇਅਰ ਵਾਲਾ ਸ਼ੈੱਡ ਸਬੰਧੀ ਐਕਸੀਅਨ ਤਿਲਕ ਰਾਜ ਨੇ ਕਿਹਾ ਹੈ ਕਿ ਸ਼ੈੱਡ ਹੇਠਾਂ ਕੋਈ ਕੰਮ ਨਹੀਂ ਕੀਤਾ ਜਾਂਦਾ ਹੈ। ਓਧਰ ਚੇਨ ਬੁਲਡੋਜ਼ਰ ਦੀ ਖਰਾਬੀ ਅਤੇ ਕਿਰਾਏ ਸਬੰਧੀ ਪੂਰੀ ਜਾਣਕਾਰੀ ਨਹੀਂ ਹੈ। ਇਸ ਲਈ ਅਧਿਕਾਰੀਆਂ ਦੀ ਡਿਊਟੀ ਲਗਾਈ ਜਾਵੇਗੀ।


Related News