ਮੇਅਰ ਨੂੰ ਨਿਗਮ ਯੂਨੀਅਨਾਂ ਨੇ ਦਿੱਤਾ 72 ਘੰਟਿਅਾਂ ਦਾ ਨੋਟਿਸ ਮੰਗਾਂ ਪੂਰੀਅਾਂ ਕਰਵਾਉਣ ਲਈ ਯੂਨੀਅਨਾਂ ਹੋਈਆਂ ਇਕਜੁੱਟ
Wednesday, Jun 27, 2018 - 05:20 AM (IST)
ਅੰਮ੍ਰਿਤਸਰ, (ਵਡ਼ੈਚ)- ਨਿਗਮ ਪ੍ਰਸ਼ਾਸਨ ਦੀ ਘਟੀਆ ਕਾਰਗੁਜ਼ਾਰੀ ਤੋਂ ਨਿਗਮ ਕਰਮਚਾਰੀ ਖੁਦ ਦੁਖੀ ਤੇ ਪ੍ਰੇਸ਼ਾਨ ਹਨ, ਜਿਨ੍ਹਾਂ 7 ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕਰਦਿਅਾਂ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ 72 ਘੰਟਿਅਾਂ ਦਾ ਸਮਾਂ ਦਿੰਦਿਅਾਂ ਮੰਗ ਪੱਤਰ ਦਿੱਤਾ। ਵੱਖ-ਵੱਖ ਯੂਨੀਅਨਾਂ ਸੈਨੇਟਰੀ ਇੰਸਪੈਕਟਰ ਐਸੋਸੀਏਸ਼ਨ, ਸਫਾਈ ਮਜ਼ਦੂਰ ਯੂਨੀਅਨ (ਏਟਕ), ਨਗਰ ਨਿਗਮ ਜਲ ਸਪਲਾਈ, ਟੈਕਨੀਕਲ ਯੂਨੀਅਨ, ਮਿਊਂਸੀਪਲ ਯੂਥ ਇੰਪਲਾਈਜ਼ ਫੈੱਡਰੇਸ਼ਨ ਤੇ ਆਟੋ ਵਰਕਸ਼ਾਪ ਯੂਨੀਅਨ ਦੇ ਅਹੁਦੇਦਾਰਾਂ ਨੇ ਮੇਅਰ ਨੂੰ ਮੰਗ ਪੱਤਰ ਦਿੱਤਾ।
ਆਗੂਅਾਂ ਵਿਨੋਦ ਬਿੱਟਾ, ਅਮਰ ਸਿੰਘ, ਆਸ਼ੂ ਨਾਹਰ ਤੇ ਕਰਮਜੀਤ ਸਿੰਘ ਕੇ. ਪੀ. ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਮੁਲਾਜ਼ਮ ਸਮੇਂ ਸਿਰ ਤਨਖਾਹਾਂ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ। ਸਾਰੇ ਮੁਲਾਜ਼ਮਾਂ ਨੂੰ ਹਰੇਕ ਮਹੀਨੇ ਦੀ ਪਹਿਲੀ ਤਰੀਕ ਨੂੰ ਤਨਖਾਹ ਜਾਰੀ ਕੀਤੀ ਜਾਵੇ। ਮੁਲਾਜ਼ਮਾਂ ਦੇ ਖਾਤੇ ’ਚ ਪੀ. ਐੱਫ. ਜਮ੍ਹਾ ਕਰਵਾ ਕੇ ਖਾਤੇ ਦੀਅਾਂ ਕਾਪੀਆਂ ਅਪਡੇਟ ਕੀਤੀਅਾਂ ਜਾਣ, ਸੈਨੇਟਰੀ ਸਟਾਫ ਨੂੰ ਦਫਤਰੀ ਸਟਾਫ ਦੀ ਤਰ੍ਹਾਂ ਸ਼ਨੀਵਾਰ, ਐਤਵਾਰ ਤੇ ਗਜ਼ਟਿਡ ਛੁੱਟੀਅਾਂ ਦਿੱਤੀਅਾਂ ਜਾਣ, ਮੁਲਾਜ਼ਮਾਂ ਨੂੰ ਡੀ. ਏ. ਦਾ ਬਕਾਇਆ ਤੇ ਹੋਰ ਬਕਾਏ ਜਾਰੀ ਕੀਤੇ ਜਾਣ, ਦਰਜਾ-4 ਕਰਮਚਾਰੀਆਂ ਤੋਂ ਨਿਗਮ ਦੀ ਹੱਦ ਤੋਂ ਬਾਹਰ ਕੰਮ ਨਾ ਕਰਵਾਇਆ ਜਾਵੇ, ਨਿਗਮ ਕਰਮਚਾਰੀਆਂ ਨੂੰ ਕੌਂਸਲਰਾਂ ਦੇ ਪਰਿਵਾਰਕ ਮੈਂਬਰਾਂ ਜਾਂ ਕਿਸੇ ਹੋਰ ਵਿਅਕਤੀ ਵੱਲੋਂ ਨਹੀਂ, ਸਿਰਫ ਕੌਂਸਲਰ ਜ਼ਰੀਏ ਹੀ ਕੰਮ ਲਿਆ ਜਾਵੇ, ਸਫਾਈ ਸੇਵਕਾਂ ਤੋਂ ਨਗਰ ਨਿਗਮ ਦਫਤਰਾਂ ਤੋਂ ਇਲਾਵਾ ਕਿਸੇ ਹੋਰ ਸਰਕਾਰੀ ਇਮਾਰਤਾਂ ਦੀ ਸਫਾਈ ਨਾ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਯੂਨੀਅਨ ਵੱਲੋਂ ਮੰਨੀਆਂ ਮੰਗਾਂ ਨੂੰ 72 ਘੰਟਿਅਾਂ ’ਚ ਨਾ ਮੰਨਿਆ ਗਿਆ ਤਾਂ ਮੁਲਾਜ਼ਮ ਕੰਮਕਾਜ ਠੱਪ ਕਰ ਕੇ ਹਡ਼ਤਾਲ ਕਰਨਗੇ।
ਬੈਠਕ ਦੌਰਾਨ ਵਿਜੇ ਗਿੱਲ, ਮਨਿੰਦਰਪਾਲ ਸਿੰਘ ਬਾਬਾ, ਸੁਰਿੰਦਰ ਟੋਨਾ, ਸਤਨਾਮ ਸਿੰਘ, ਕੇਵਲ ਕ੍ਰਿਸ਼ਨ, ਅਮਰਜੀਤ ਪੇਡ਼ਾ, ਨਿਰਭੈ ਸਿੰਘ, ਚੈਂਚਲ ਸਿੰਘ, ਸਾਹਿਲ ਮਲਹੋਤਰਾ, ਸਰਬਜੀਤ ਸਿੰਘ, ਅਮਰਜੀਤ ਸਿੰਘ ਆਦਿ ਮੌਜੂਦ ਸਨ।
ਮੁਲਾਜ਼ਮਾਂ ਦੀਆਂ ਮੰਗਾਂ ’ਤੇ ਹੋਵੇਗਾ ਗੌਰ : ਮੇਅਰ
ਯੂਨੀਅਨ ਆਗੂਆਂ ਕੋਲੋਂ ਮੰਗ ਪੱਤਰ ਲੈਣ ਦੌਰਾਨ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਸ਼ਹਿਰਵਾਸੀਆਂ ਦੀਆਂ ਸਹੂਲਤਾਂ ਅਤੇ ਸ਼ਹਿਰ ਦੀ ਖੂਬਸੂਰਤੀ ਨੂੰ ਲੈ ਕੇ ਕੋਈ ਕਸਰ ਨਾ ਛੱਡੀ ਜਾਵੇਗੀ, ਇਸ ਨੂੰ ਧਿਆਨ ਵਿਚ ਰੱਖਦਿਅਾਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਧਿਆਨ ਰੱਖਿਆ ਰੱਖਿਆ ਜਾਵੇਗਾ।
