ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੇ ਕੀਤੀ ਸੱਤਾਧਾਰੀਆਂ ''ਤੇ ਦੋਸ਼ਾਂ ਦੀ ਵਰਖਾ

Sunday, Feb 25, 2018 - 08:07 AM (IST)

ਲੁਧਿਆਣਾ (ਪੰਕਜ)-ਨਿਗਮ ਚੋਣ ਦੌਰਾਨ ਹੋਈ ਪੋਲਿੰਗ ਦੌਰਾਨ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਸੱਤਾਧਾਰੀਆਂ 'ਤੇ ਗੁੰਡਾਗਰਦੀ, ਬੂਥ ਕੈਪਚਰਿੰਗ, ਹੱਥੋਪਾਈ ਅਤੇ ਧੱਕੇਸ਼ਾਹੀ ਕਰਨ ਵਰਗੇ ਦੋਸ਼ ਲਾਏ ਗਏ। ਪੋਲਿੰਗ ਦੇ ਦੌਰਾਨ ਵੱਖ-ਵੱਖ ਇਲਾਕਿਆਂ 'ਚ ਹਾਲਾਤ ਤਣਾਅਪੂਰਨ ਬਣੇ ਰਹੇ, ਜਿਸ ਕਾਰਨ ਵੋਟਰ ਵੀ ਬਾਹਰ ਨਿਕਲਣ ਤੋਂ ਕਤਰਾਉਂਦੇ ਦਿਖਾਈ ਦਿੱਤੇ।
ਵਿਰੋਧੀ ਨੇਤਾਵਾਂ ਵਲੋਂ ਸੱਤਾਧਾਰੀ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ 'ਤੇ ਪੁਲਸ ਦੇ ਸਮਰਥਨ 'ਚ ਚੋਣ ਜਿੱਤਣ ਲਈ ਲੋਕਤੰਤਰ ਦੀਆਂ ਸਾਰੀਆਂ ਮਰਿਆਦਾਵਾਂ ਨੂੰ ਤਾਰ-ਤਾਰ ਕਰਨ ਦੇ ਦੋਸ਼ ਲਾਏ ਗਏ। ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਹੋਰਨਾਂ ਨੇ ਵਾਰਡ ਨੰ. 49  ਦੇ ਅਧੀਨ ਆਉਂਦੇ ਆਤਮ ਨਗਰ ਇਲਾਕੇ 'ਚ ਕਾਂਗਰਸ ਦੀ ਮਹਿਲਾ ਉਮੀਦਵਾਰ ਦੇ ਬੇਟੇ ਅਤੇ ਸਾਥੀਆਂ 'ਤੇ ਖੁੱਲ੍ਹ ਕੇ ਧੱਕੇਸ਼ਾਹੀ ਕਰਨ ਅਤੇ ਉਨ੍ਹਾਂ ਦੇ ਸਮਰਥੱਕਾਂ ਨੂੰ ਧਮਕਾਉਣ ਦੇ ਦੋਸ਼ ਲਾਏ। ਬੈਂਸ ਨੇ ਕਿਹਾ ਕਿ ਕਾਂਗਰਸੀ ਵਰਕਰ ਚੋਣ ਜਿੱਤਣ ਲਈ ਘਟੀਆ ਰਾਜਨੀਤੀ ਦੀ ਰਿਵਾਇਤ ਪਾ ਰਹੇ ਹਨ, ਜਿਨ੍ਹਾਂ ਦਾ ਸਮਾਂ ਆਉਣ 'ਤੇ ਜਵਾਬ ਦਿੱਤਾ ਜਾਵੇਗਾ। 

ਬੇਟੇ ਨੂੰ ਜਿਤਾਉੁਣ ਲਈ ਕਾਂਗਰਸੀ ਵਿਧਾਇਕ 'ਤੇ ਬੂਥ ਕੈਪਚਰਿੰਗ ਦਾ ਦੋਸ਼ 
ਵਾਰਡ ਨੰ. 44 ਦੇ ਅਧੀਨ ਆਉਂਦੇ ਦੁੱਗਰੀ ਇਲਾਕੇ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਵਿਧਾਇਕ ਕੁਲਦੀਪ ਵੈਦ ਦੇ ਬੇਟੇ ਹਰਕਮਲ ਵੈਦ ਨੂੰ ਚੋਣ ਜਿਤਾਉਣ ਲਈ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਨੇ ਹੰਗਾਮਾ ਕੀਤਾ। ਅਕਾਲੀ ਉਮੀਦਵਾਰ ਮੀਤਪਾਲ ਦੁੱਗਰੀ ਅਤੇ 'ਲਿਪ' ਉਮੀਦਵਾਰ ਹਰਕ੍ਰਿਸ਼ਨ ਮਿੱਤਲ ਦੇ ਪਿਤਾ ਅਤੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੇ ਦੋਸ਼ ਲਾਇਆ ਕਿ ਕਾਂਗਰਸੀਆਂ ਵਲੋਂ ਸੈਂਕੜਿਆਂ ਦੀ ਗਿਣਤੀ 'ਚ ਬਾਹਰ ਤੋਂ ਮੰਗਵਾਏ ਗੁੰਡਿਆਂ ਨੇ ਕਈ ਬੂਥਾਂ ਤੋਂ ਉਨ੍ਹਾਂ ਦੇ ਸਮਰਥਕਾਂ ਨੂੰ ਡਰਾ ਧਮਕਾ ਕੇ ਭਜਾਉਣ ਦੇ ਬਾਅਦ ਜੰਮ ਕੇ ਜਾਅਲੀ ਵੋਟਾਂ ਵੀ ਪਾਈਆਂ। ਉਨ੍ਹਾਂ ਵਲੋਂ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਸ ਅਤੇ ਚੋਣ ਅਧਿਕਾਰੀ ਟਸ ਤੋਂ ਮਸ ਨਹੀਂ ਹੋਏ। 
ਉਥੇ ਦੂਜੇ ਪਾਸੇ ਵਿਧਾਇਕ ਵੈਦ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਆਪਣੀ ਹਾਰ ਸਾਹਮਣੇ ਦੇਖ ਕੇ ਵਿਰੋਧੀ ਇਸ ਤਰ੍ਹਾਂ ਦੀ ਘਟੀਆ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਤੰਤਰੀ ਢੰਗ ਨਾਲ ਚੋਣ ਲੜ ਰਹੀ ਹੈ। ਉਧਰ, ਵਾਰਡ ਨੰ. 49, 60 ਅਤੇ 61 'ਚ ਵੀ ਚੋਣ ਲੜ ਰਹੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਸੱਤਾਧਾਰੀਆਂ 'ਤੇ ਧੱਕੇਸ਼ਾਹੀ ਨਾਲ ਚੋਣ ਜਿੱਤਣ ਦੇ ਯਤਨ ਦਾ ਦੋਸ਼ ਲਾਇਆ ਹੈ। ਮਾਡਲ ਟਾਊਨ ਇਲਾਕੇ 'ਚ ਵੀ ਹਾਲਾਤ ਤਣਾਅਪੂਰਨ ਬਣੇ ਰਹੇ। ਹਾਲਾਂਕਿ ਇਸ ਦੌਰਾਨ ਕੋਈ ਵੱਡੀ ਵਾਰਦਾਤ ਨਹੀਂ ਹੋਈ। 
ਚੋਣ ਤੋਂ ਪਹਿਲਾਂ ਸੀ ਹੋਟਲ ਬੁਕ 
ਜਾਣਕਾਰੀ ਅਨੁਸਾਰ ਚੋਣ ਤੋਂ ਪਹਿਲਾਂ ਸ਼ਹਿਰ ਦੇ ਜ਼ਿਆਦਾਤਰ ਹੋਟਲਾਂ ਦੇ ਕਮਰੇ ਬਾਹਰ ਤੋਂ ਬੁਲਾਏ ਗਏ ਨੌਜਵਾਨਾਂ ਨਾਲ ਭਰੇ ਦੱਸੇ ਜਾਂਦੇ ਹਨ। ਵੱਖ-ਵੱਖ ਵਾਰਡਾਂ ਦੇ ਪੋਲਿੰਗ ਸਟੇਸ਼ਨਾਂ ਦੇ ਕੋਲ ਵੀ ਸਥਾਨਕ ਵੋਟਰ ਬਾਹਰੀ ਲੋਕਾਂ ਦੇ ਜਮਾਵੜੇ ਨੂੰ ਦੇਖ ਕੇ ਸਹਿਮੇ ਰਹੇ। ਅੱਜ 12 ਵਜੇ ਦੇ ਬਾਅਦ ਹੋਟਲਾਂ ਤੋਂ ਬਾਹਰ ਨਿਕਲੇ ਸੈਂਕੜੇ ਨੌਜਵਾਨਾਂ ਦਾ ਗੱਡੀਆਂ 'ਚ ਵੱਖ-ਵੱਖ ਵਾਰਡਾਂ 'ਚ ਘੁੰਮਣਾ ਜਿੱਥੇ ਵਿਰੋਧੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਲਈ ਖਤਰਾ ਬਣਿਆ ਰਿਹਾ, ਉਥੇ ਸੱਤਾਧਾਰੀ ਆਰਾਮ ਨਾਲ ਆਪਣਾ ਕੰਮ ਕਰਦੇ ਰਹੇ। ਸ਼ਾਮ 4 ਵਜੇ ਪੋਲਿੰਗ ਬੰਦ ਹੁੰਦੇ ਹੀ ਇਸ ਤਰ੍ਹਾਂ ਦੇ ਨੌਜਵਾਨ ਵਾਪਸ ਮੁੜ ਗਏ।


Related News