ਨਵਾਂਸ਼ਹਿਰ ਦੇ ਬੰਗਾ ''ਚ ਕੋਰੋਨਾ ਵਾਇਰਸ ਕਾਰਨ ਹੋਈ ਦੂਜੀ ਮੌਤ

Wednesday, Jul 15, 2020 - 06:00 PM (IST)

ਨਵਾਂਸ਼ਹਿਰ ਦੇ ਬੰਗਾ ''ਚ ਕੋਰੋਨਾ ਵਾਇਰਸ ਕਾਰਨ ਹੋਈ ਦੂਜੀ ਮੌਤ

ਨਵਾਂਸ਼ਹਿਰ (ਜੋਬਨਪ੍ਰੀਤ, ਤ੍ਰਿਪਾਠੀ, ਚਮਨ ਲਾਲ, ਰਾਕੇਸ਼)— ਨਵਾਂਸ਼ਹਿਰ ਦੇ ਹਲਕਾ ਬੰਗਾ 'ਚ ਕੋਰੋਨਾ ਵਾਇਰਸ ਕਾਰਨ ਅੱਜ ਦੂਜੀ ਮੌਤ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਗੁਣਾਚੌਰ ਦੀ ਸੱਤਿਆ ਦੇਵੀ ਪਤਨੀ ਜਸਵਿੰਦਰ ਪਾਲ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸੱਤਿਆ ਦੇਵੀ ਪਤਨੀ ਜਸਵਿੰਦਰ ਕੁਮਾਰ ਵਾਸੀ ਗੁਣਾਚੌਰ ਦੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਦੀ ਸ਼ਿਕਾਰ ਸੀ। ਉਕਤ ਮਹਿਲਾ 1 ਜੁਲਾਈ ਤੋਂ ਮੋਹਨ ਦੇਈ ਓਸਵਾਲ ਕੈਂਸਰ ਹਸਪਤਾਲ ਵਿਖੇ ਜ਼ੇਰੇ ਇਲਾਜ ਸੀ, ਜਿਸ ਦੀ ਬੀਤੇ ਦਿਨੀਂ ਸ਼ਾਮ ਨੂੰ ਕਰੀਬ 7 ਵਜੇ ਮੌਤ ਹੋ ਗਈ ਹੈ।

ਇਥੇ ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦੇ ਮ੍ਰਿਤਕ ਸੱਤਿਆ ਦੇਵੀ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਸਨ, ਜਿਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਮ੍ਰਿਤਕ ਮਹਿਲਾ ਦੀ ਦੇਖਭਾਲ ਉਸਦਾ ਲੜਕਾ ਸੰਦੀਪ ਕੁਮਾਰ ਕਰਦਾ ਸੀ, ਜਿਸ ਦੇ ਵੀ ਨਮੂਨੇ ਲਏ ਗਏ ਸਨ ਪਰ ਸੰਦੀਪ ਕੁਮਾਰ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਸ ਮੌਕੇ ਥਾਣਾ ਮੁਕੰਦਪੁਰ ਦੇ ਐੱਸ. ਐੱਚ. ਓ. ਪਵਨ ਕੁਮਾਰ ਨੇ ਆਮ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਨਾਮੁਰਾਦ ਬੀਮਾਰੀ ਤੋਂ ਬਚਣ ਲਈ ਮਾਕਸ ਪਹਿਣ ਕੇ ਰੱਖੋ ਅਤੇ ਸਿਰਫ ਜਰੂਰੀ ਕੰਮ ਪੈਣ 'ਤੇ ਹੀ ਘਰੋਂ ਬਾਹਰ ਨਿਕਲੋ ਅਤੇ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਸਮੇਂ-ਸਮੇਂ 'ਤੇ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾਂ ਕਰਨੀ ਜ਼ਰੂਰੀ ਹੈ। ਸੱਤਿਆ ਦੇਵੀ ਦੀ ਮੌਤ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਸੱਤਿਆ ਦੇਵੀ ਦੀ ਲੜਕੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਸਾਨੂੰ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਸੂਚਨਾ ਦਿੱਤੀ ਸੀ ਕਿ ਉਸ ਦੀ ਮਾਂ ਦਾ ਕੋਰੋਨਾ ਦੀ ਜਾਂਚ ਲਏ ਲਏ ਗਏ ਨਮੂਨੇ ਪਾਜ਼ੇਟਿਵ ਪਏ ਗਏ ਸਨ। ਉਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਵੀ ਸਿਹਤ ਮਹਿਕਮੇ ਨੇ ਸੈਂਪਲ ਲਏ ਹਨ।

ਇਥੇ ਦੱਸਣਯੋਗ ਹੈ ਕਿ ਕਰੀਬ 4 ਮਹੀਨੇ ਪਹਿਲਾਂ ਬੰਗਾ ਹਲਕੇ 'ਚ ਪਹਿਲੀ ਮੌਤ ਗਿਆਨੀ ਬਲਦੇਵ ਸਿੰਘ ਦੀ ਹੋਈ ਸੀ। ਗਿਆਨੀ ਬਲਦੇਵ ਸਿੰਘ ਨੂੰ ਜਰਮਨ ਵਾਇਆ ਇਟਲੀ ਤੋਂ ਪਰਤੇ ਸਨ ਅਤੇ ਕੋਰੋਨਾ ਦੇ ਲੱਛਣ ਦਿੱਸਣ ਤੋਂ ਬਾਅਦ ਉਨ੍ਹਾਂ ਨੂੰ ਬੰਗਾ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਕੋਰੋਨਾ ਦੀ ਜਾਂਚ ਕਰਨ ਤੋਂ ਬਾਅਦ ਉਕਤ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਹੀ ਬੰਗਾ ਸਮੇਤ ਪੰਜਾਬ 'ਚ ਕੋਰੋਨਾ ਵਾਇਰਸ ਦੀ ਲੜੀ ਬਣੀ ਸੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਕਈ ਲੋਕ ਉਨ੍ਹਾਂ ਦੀ ਲਪੇਟ 'ਚ ਆਉਣ ਕਰਕੇ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਸਨ।


author

shivani attri

Content Editor

Related News