ਨਵਾਂਸ਼ਹਿਰ ਇਕ ਵਾਰ ਫਿਰ ਹੋਇਆ ਕੋਰੋਨਾ ਮੁਕਤ, ਆਖਰੀ ਦੋ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ
Monday, May 25, 2020 - 04:45 PM (IST)
ਨਵਾਂਸ਼ਹਿਰ (ਤ੍ਰਿਪਾਠੀ, ਜੋਬਨਪ੍ਰੀਤ)— ਕੋਰੋਨਾ ਵਾਇਰਸ ਖਿਲਾਫ ਇਕ ਮਹੀਨੇ ਦੀ ਲੰਬੀ ਲੜਾਈ ਬਾਅਦ ਤੋਂ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਇਕ ਵਾਰ ਫਿਰ ਤੋਂ ਕੋਰੋਨਾ ਮੁਕਤ ਹੋ ਗਿਆ ਹੈ। ਆਖਰੀ ਰਹਿੰਦੇ ਕੋਰੋਨਾ ਦੇ ਦੋ ਮਰੀਜ਼ਾਂ ਨੇ ਕੋਰੋਨਾ 'ਤੇ ਫਤਿਹ ਹਾਸਲ ਕਰ ਲਈ ਹੈ, ਜਿਨ੍ਹਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅੱਜ ਘਰਾਂ ਨੂੰ ਭੇਜੇ ਗਏ ਦੋਵੇਂ ਮਰੀਜ਼ ਜ਼ਿਲੇ ਦੀ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਵਿਖੇ ਸਥਾਪਤ ਦੂਜੀ ਆਈਸੋਲੇਸ਼ਨ ਸੁਵਿਧਾ 'ਚ ਇਲਾਜ ਅਧੀਨ ਸਨ।
ਮੁੜ ਮਰੀਜ਼ਾਂ ਦੀ ਗਿਣਤੀ ਵੱਧਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ
ਆਈਸੋਲੇਸ਼ਨ ਸੁਵਿਧਾ ਦੇ ਇੰਚਾਰਜ ਅਤੇ ਬੰਗਾ ਦੇ ਐੱਸ. ਐੱਮ. ਓ. ਡਾ. ਕਵਿਤਾ ਭਾਟੀਆ ਨੇ ਆਪਣੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਇਸ ਸਫਲਤਾ ਨੂੰ ਬਿਆਨ ਕਰਦੇ ਦੱਸਿਆ ਕਿ ਇਸ ਆਈਸੋਲੇਸ਼ਨ ਸੁਵਿਧਾ 'ਚ ਸਾਡੇ ਕੋਲ 21 ਕੋਵਿਡ ਪਾਜ਼ੇਟਿਵ ਮਰੀਜ਼ ਆਏ ਸਨ। ਸਾਡੇ ਲਈ ਆਈਸੋਲੇਸ਼ਨ ਵਾਰਡ ਦੀ ਨਵੀਂ ਸ਼ੁਰੂਆਤ ਹੋਣ ਕਾਰਨ ਇਹ ਸਾਡੇ ਲਈ ਕਿਸੇ ਚਣੌਤੀ ਤੋਂ ਘੱਟ ਨਹੀਂ ਸੀ ਪਰ ਅਸੀਂ ਖੁਸ਼ਕਿਸਮਤ ਰਹੇ ਕਿ ਸਾਡੀ ਟੀਮ ਦੀ ਮਿਹਨਤ ਸਕਦਾ ਸਾਰੇ ਹੀ ਮਰੀਜ਼ ਬਿਨਾਂ ਕਿਸੇ ਜਾਨੀ ਨੁਸਕਾਨ ਤੋਂ ਸਿਹਤਯਾਬ ਹੋ ਕੇ ਘਰਾਂ ਨੂੰ ਜਾਣ 'ਚ ਸਫਲ ਰਹੇ ਹਨ।
ਡਾ. ਭਾਟੀਆ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਸਰਜਨ ਦਫਤਰ ਪਾਸੋਂ 12 ਮੈਡੀਕਲ ਅਫਸਰਾਂ (ਸਮੇਤ ਦੋ ਮੈਡੀਸਨ ਮਾਹਿਰ), 10 ਪ੍ਰਤੀਬੱਧ ਸਟਾਫ ਨਰਸਾਂ ਜਿਨ੍ਹਾਂ ਨੂੰ ਨਵਾਂਸ਼ਹਿਰ ਦੇ ਜ਼ਿਲਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦਾ ਤਜ਼ਰਬਾ ਸੀ, ਪੰਜ ਮੈਡੀਕਲ ਲੈਬ ਤਕਨੀਸ਼ੀਅਨ, 8 ਫਾਰਮਾਸਿਸਟ, 4 ਵਾਰਡ ਅਟੈਂਡੈਂਟ ਅਤੇ ਤਿੰਨ ਸਫਾਈ ਸੇਵਕਾਂ ਦਾ ਦਿਨ ਰਾਤ ਕੰਮ ਕਰਨ ਵਾਲਾ ਸਟਾਫ ਮਿਲਿਆ ਸੀ, ਜਿਨ੍ਹਾਂ ਨੇ ਤਿੰਨ ਸ਼ਿਫਟਾਂ 'ਚ ਕੰਮ ਕਰਕੇ ਮਾਨਵਤਾ ਪ੍ਰਤੀ ਆਪਣੀ ਡਿਊਟੀ ਨੂੰ ਬਹੁਤ ਹੀ ਤਨਦੇਹੀ ਨਾਲ ਨਿਭਾਇਆ।
ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਦੀ ਮੈਨੇਜਮੈਂਟ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ, ਡਾ. ਕਵਿਤਾ ਭਾਟੀਆ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਿੱਥੇ ਇਸ ਆਫਤ ਦੀ ਘੜੀ 'ਚ ਮਾਨਵਤਾ ਦੀ ਸੇਵਾ ਲਈ ਕੀਤੇ ਜਾਣ ਵਾਲੇ ਕਾਰਜ ਲਈ ਆਪਣੇ ਹਸਪਤਾਲ ਦੇ ਵਾਰਡਾਂ ਦੀ ਪੇਸ਼ਕਸ਼ ਕੀਤੀ ਗਈ, ਉੱਥੇ ਹੀ ਲੋੜੀਂਦੀ ਢਾਂਚਾਗਤ ਤਬਦੀਲੀ ਵੀ ਖੁਦ ਕਰਵਾ ਕੇ ਯੋਗਦਾਨ ਪਾਇਆ ਗਿਆ।
ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ ਸਿਹਤਯਾਬ ਹੋਏ ਕੇਸਾਂ 'ਚੋਂ 101 ਜ਼ਿਲ੍ਹੇ ਨਾਲ ਸਬੰਧਤ ਸਨ ਜਦਕਿ 11 ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਨਾਂਦੇੜ ਤੋਂ ਜ਼ਿਲ੍ਹੇ 'ਚ ਆਏ ਲੋਕਾਂ ਦੇ 'ਇਕਾਂਤਵਾਸ' 'ਚ ਰੱਖੇ ਜਾਣ ਦੌਰਾਨ ਲਏ ਗਏ ਸੈਂਪਲਾਂ ਬਾਅਦ ਜ਼ਿਲ੍ਹੇ 'ਚ ਇਕ ਦਮ ਕੋਵਿਡ ਕੇਸਾਂ 'ਚ ਤੇਜ਼ੀ ਆ ਗਈ ਸੀ ਪਰ ਸਾਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਅਸੀਂ ਹਰ ਇਕ ਨੂੰ ਠੀਕ ਕਰਕੇ ਘਰ ਭੇਜਣ 'ਚ ਸਫਲ ਹੋਏ ਹਾਂ।
ਪਹਿਲੀ ਵਾਰ 22 ਅਪ੍ਰੈਲ ਨੂੰ ਹੋਇਆ ਨਵਾਂਸ਼ਹਿਰ ਕੋਰੋਨਾ ਮੁਕਤ
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਕਿਹਾ ਕਿ ਬੀਤੀ 22 ਅਪ੍ਰੈਲ ਨੂੰ ਪਠਲਾਵਾ ਨਾਲ ਸਬੰਧਤ ਆਖਰੀ ਮਰੀਜ਼ ਨੂੰ ਘਰ ਭੇਜਣ ਤੋਂ ਬਾਅਦ ਕੋਵਿਡ ਮੁਕਤ ਹੋਏ ਜ਼ਿਲ੍ਹੇ 'ਚ 25 ਅਪ੍ਰੈਲ ਨੂੰ ਆਏ ਨਵੇਂ ਕੇਸ ਤੋਂ ਬਾਅਦ ਸੂਚੀ ਲਗਾਤਾਰ ਲੰਬੀ ਹੁੰਦੀ ਗਈ ਸੀ ਪਰ ਸਾਡੇ ਸਮੁੱਚੇ ਸਿਹਤ ਅਮਲੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਗਿਆਨੀ ਬਲਦੇਵ ਸਿੰਘ ਪਠਲਾਵਾ ਦੀ ਦੁੱਖਦਾਈ ਮੌਤ ਤੋਂ ਬਾਅਦ ਜ਼ਿਲ੍ਹੇ 'ਚ ਹੋਰ ਕੋਈ ਅਜਿਹਾ ਦੁੱਖਾਂਤ ਵਾਪਰਨ ਤੋਂ ਪਹਿਲਾਂ ਹੀ ਸਮੁੱਚੀ ਸਥਿਤੀ ਨੂੰ ਸੰਭਾਲ ਲਿਆ ਗਿਆ।
ਨਵਾਂਸ਼ਹਿਰ ਅਤੇ ਢਾਹਾਂ ਕਲੇਰਾਂ ਆਈਸੋਲੇਸ਼ਨ ਕੇਂਦਰਾਂ ਦੀਆਂ ਸਮੁੱਚੀਆਂ ਮੈਡੀਕਲ ਟੀਮਾਂ ਦੀ ਮੇਹਨਤ ਅਤੇ ਸੇਵਾ ਭਾਵ ਦੀ ਪ੍ਰਸ਼ੰਸਾ ਕਰਦੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਦੀਆਂ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਵੀ ਤਿਆਰ ਰਹਿਣ ਕਿਉਂ ਵਿਸ਼ਵ ਵਿਆਪੀ ਮਹਾਮਾਰੀ ਹਾਲੇ ਵੀ ਉਸੇ ਤਰ੍ਹਾਂ ਫੈਲੀ ਹੋਈ ਹੈ। ਸ੍ਰੀ ਬਬਲਾਨੀ ਨੇ ਆਈਸੋਲੇਸ਼ਨ ਕੇਂਦਰਾਂ 'ਚੋਂ ਘਰ ਭੇਜੇ ਗਏ ਕੋਵਿਡ ਮਰੀਜ਼ਾਂ ਨੂੰ ਵੀ ਤਾਕੀਦ ਕੀਤੀ ਕਿ ਉਹ ਘਰਾਂ 'ਚ 7 ਦਿਨ ਦਾ ਆਈਸੋਲੇਸ਼ਨ ਸਮਾਂ ਜ਼ਰੂਰ ਪੂਰਾ ਕਰਨ ਤਾਂ ਜੋ ਉਹ ਮੁਕੰਮਲ ਤੌਰ 'ਤੇ ਸਿਹਤਯਾਬ ਹੋ ਸਕਣ।