'ਕੋਰੋਨਾ' ਤੋਂ ਬਚਾਅ ਲਈ ਨਵਾਂਸ਼ਹਿਰ ਪ੍ਰਸ਼ਾਸਨ ਨੇ ਬਣਾਈ ਇਹ ਰਣਨੀਤੀ
Monday, May 04, 2020 - 05:37 PM (IST)
ਨਵਾਂਸ਼ਹਿਰ (ਮਨੋਰੰਜਨ)— ਜ਼ਿਲਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੇ ਕੋਵਿਡ-19 ਰੋਕਥਾਮ ਤਹਿਤ ਜ਼ਿਲੇ 'ਚ ਸਿਰਫ 14 ਰਸਤਿਆਂ ਰਾਹੀਂ ਦਾਖਲ ਹੋਣ ਦੀ ਰਣਨੀਤੀ ਬਾਅਦ, ਹੁਣ ਇਨ੍ਹਾਂ ਨਾਕਿਆਂ 'ਤੇ ਆਪਣਾ ਨਾਮ-ਪਤਾ ਦਰਜ ਕਰਵਾਉਣ ਵਾਲੇ ਬਾਹਰੋਂ ਆਏ ਵਿਅਕਤੀਆਂ ਦਾ ਪਿੰਡ/ਵਾਰਡ ਪੱਧਰ ਤੱਕ ਰਿਕਾਰਡ ਰੱਖਣ ਦੀ ਯੋਜਨਾ ਅਮਲ 'ਚ ਲਿਆਉਣੀ ਸ਼ੁਰੂ ਕਰ ਦਿੱਤੀ ਹੈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਬਾਹਰੋਂ ਆਉਣ ਵਾਲੇ ਵਿਅਕਤੀਆਂ ਨੂੰ ਕੁਆਰੰਟਾਈਨ ਕਰਨ ਦੀਆਂ ਹਦਾਇਤਾਂ ਤਹਿਤ ਨਾਕੇ 'ਤੇ ਆਉਣ ਵਾਲੇ ਕਿਸੇ ਵੀ ਵਿਅਕਤੀ ਦੇ ਆਪਣੇ ਪਿੰਡ ਜਾਂ ਸ਼ਹਿਰ ਦੇ ਵਾਰਡ ਤੱਕ ਪਹੁੰਚਣਾ ਯਕੀਨੀ ਬਣਾਉਣ ਲਈ, ਨੋਡਲ ਅਫਸਰਾਂ ਦੀਆਂ ਸੂਚੀਆਂ ਬਣਾਈਆਂ ਜਾ ਰਹੀਆਂ ਹਨ। ਇਹ ਨੋਡਲ ਅਫਸਰ ਪੰਚਾਇਤਾਂ ਦੇ ਸਰਪੰਚ ਜਾਂ ਸ਼ਹਿਰਾਂ ਦੇ ਐੱਮ. ਸੀ. ਨਾਲ ਵੀ ਤਾਲਮੇਲ 'ਚ ਹੋਣਗੇ, ਜਿਨ੍ਹਾਂ ਦੀਆਂ ਸੂਚੀਆਂ ਨਾਕੇ 'ਤੇ ਮੌਜੂਦ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਕੋਈ ਵਿਅਕਤੀ ਬਾਹਰੋਂ ਜ਼ਿਲੇ 'ਚ ਦਾਖਲ ਹੋਣ 'ਤੇ ਨਾਕੇ 'ਤੇ ਸਥਿਤ ਰਜਿਸਟਰ 'ਚ ਆਪਣੀ ਐਂਟਰੀ ਕਰਵਾ ਰਿਹਾ ਹੋਵੇਗਾ ਤਾਂ ਉਸ ਬਾਰੇ ਤੁਰੰਤ ਨੋਡਲ ਅਫਸਰ ਨੂੰ ਸੂਚਿਤ ਕੀਤਾ ਜਾਵੇਗਾ ਕਿ ਫਲਾਂ ਵਿਅਕਤੀ ਤੁਹਾਡੇ ਪਿੰਡ/ਸ਼ਹਿਰ ਦੇ ਵਾਰਡ 'ਚ ਆ ਰਿਹਾ ਹੈ ਅਤੇ ਇਸ ਨੂੰ ਪਿੰਡ ਪੱਧਰ 'ਤੇ ਕੁਆਰਨਟੀਨ ਕਰਨਾ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਨਾਕੇ 'ਤੇ ਪੁੱਜੇਗਾ ਤਾਂ ਉਸ ਦੀ ਐਂਟਰੀ ਕਰਨ ਬਾਅਦ ਹੀ ਉਸ ਨੂੰ ਅੱਗੇ ਭੇਜਿਆ ਜਾਵੇਗਾ ਅਤੇ ਨਾਲ ਹੀ ਸਬੰਧਤ ਨੋਡਲ ਅਫਸਰ ਨੂੰ ਉਸ ਦੇ ਪਿੰਡ ਪੁੱਜਣ 'ਤੇ ਸਬੰਧਤ ਨਾਕੇ 'ਤੇ ਮੋੜਵੀਂ ਸੂਚਨਾ ਦੇਣ ਲਈ ਪਾਬੰਦ ਕੀਤਾ ਜਾਵੇਗਾ। ਜੇਕਰ ਕਿਸੇ ਮਾਮਲੇ 'ਚ ਸਬੰਧਤ ਵਿਅਕਤੀ ਦੱਸੇ ਪਤੇ 'ਤੇ ਨਹੀਂ ਪਹੁੰਚਦਾ ਤਾਂ ਨੋਡਲ ਅਫਸਰ ਤੋਂ ਪ੍ਰਾਪਤ ਸੂਚਨਾ ਦੇ ਆਧਾਰ 'ਤੇ ਤੁਰੰਤ ਸਬੰਧਤ ਨਾਕਾ ਇੰਚਾਰਜ ਜ਼ਿਲਾ ਕੰਟਰੋਲ ਰੂਮ 'ਤੇ ਸੁਪਰਡੈਂਟ (ਮਾਲ) ਹਰਵਿੰਦਰ ਸਿੰਘ ਨੂੰ ਸੂਚਨਾ ਦੇਵੇਗਾ ਅਤੇ ਅੱਗੋਂ ਸੁਪਰਡੈਂਟ ਮਾਲ ਉਸ ਦੀ ਭਾਲ ਲਈ ਕੋਸ਼ਿਸ਼ ਕਰਨਗੇ ਅਤੇ ਨਾ ਮਿਲਣ 'ਤੇ ਸੂਚਨਾ ਉੱਪ ਮੰਡਲ ਮੈਜਿਸਟ੍ਰੇਟ ਨੂੰ ਭੇਜਣਗੇ। ਡਿਪਟੀ ਕਮਿਸ਼ਨਰ ਅਨੁਸਾਰ ਕੋਈ ਵੀ ਵਿਅਕਤੀ ਆਪਣੇ ਪਿੰਡ 'ਚ ਬਾਹਰੋਂ ਆਉਣ ਵਾਲੇ ਵਿਅਕਤੀ ਦੀ ਸਿੱਧੇ ਤੌਰ 'ਤੇ ਵੀ ਜ਼ਿਲਾ ਕੰਟਰੋਲ ਰੂਮ ਨੰਬਰਾਂ 01823-227470, 227471, 227473, 227474, 227476, 227478, 227479 ਅਤੇ 227480 'ਤੇ ਵੀ ਸੂਚਨਾ ਦੇ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਨਾਕਿਆਂ 'ਚ ਨਵਾਂਸ਼ਹਿਰ ਸਬ ਡਿਵੀਜ਼ਨ 'ਚ ਫਿਲੌਰ ਨਵਾਂਸ਼ਹਿਰ ਰੋਡ 'ਤੇ ਚੱਕਦਾਨਾ, ਮੱਤੇਵਾਵਾਂ ਪੁੱਲ, ਮਾਛੀਵਾੜਾ-ਰਾਹੋਂ ਪੁੱਲ 'ਤੇ ਕਨੌਣ, ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਅਲਾਚੌਰ, ਬੰਗਾ ਸਬ ਡਿਵੀਜ਼ਨ 'ਚ ਬੇਈਂ ਪੁੱਲ 'ਤੇ ਕਟਾਰੀਆਂ, ਫਗਵਾੜਾ-ਬੰਗਾ ਰੋਡ 'ਤੇ ਮੇਹਲੀ, ਗੜ੍ਹਸ਼ੰਕਰ-ਬੰਗਾ ਰੋਡ 'ਤੇ ਕੋਟ ਪੱਤੀ, ਬੱਸ ਅੱਡਾ ਚਾਹਲ ਕਲਾਂ, ਬਲਾਚੌਰ ਸਬ ਡਿਵੀਜ਼ਨ 'ਚ ਬਲਾਚੌਰ-ਰੋਪੜ ਰੋਡ 'ਤੇ ਆਸਰੋਂ, ਗੜ੍ਹਸ਼ੰਕਰ-ਬਲਾਚੌਰ ਰੋਡ 'ਤੇ ਬਕਾਪੁਰ, ਸ੍ਰੀ ਆਨੰਦਪੁਰ ਸਾਹਿਬ-ਪੋਜੇਵਾਲ ਰੋਡ 'ਤੇ ਸਿੰਘਪੁਰ, ਨਵਾਂਗਰਾਂ, ਨੈਣਵਾਂ ਰੋਡ 'ਤੇ ਟਰੋਵਾਲ ਅਤੇ ਭੱਦੀ ਅੱਡੇ 'ਤੇ ਭੱਦੀ ਸ਼ਾਮਿਲ ਹਨ।