ਕਪੂਰਥਲਾ: ਕੋਰੋਨਾ ਨੇ ਲਈ 18 ਸਾਲਾ ਕੁੜੀ ਦੀ ਜਾਨ, 104 ਨਵੇਂ ਮਾਮਲਿਆਂ ਦੀ ਪੁਸ਼ਟੀ
Saturday, Oct 03, 2020 - 11:38 AM (IST)
ਕਪੂਰਥਲਾ/ਫਗਵਾੜਾ (ਮਹਾਜਨ, ਹਰਜੋਤ)— ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਆਈ ਕੋਰੋਨਾ ਰਿਪੋਰਟ ਨੇ ਇਕ ਵਾਰ ਫਿਰ ਲੋਕਾਂ 'ਚ ਦਹਿਸ਼ਤ ਵਧਾ ਦਿੱਤੀ ਹੈ। ਸਿਹਤ ਮਹਿਕਮੇ ਵੱਲੋਂ ਜਾਰੀ ਰਿਪੋਰਟ ਅਨੁਸਾਰ ਜ਼ਿਲ੍ਹੇ 'ਚ 104 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ, ਜਦਕਿ ਇਕ ਮਰੀਜ਼ ਦੀ ਮੌਤ ਹੋ ਗਈ। ਮ੍ਰਿਤਕ 18 ਸਾਲਾ ਲੜਕੀ ਵਾਸੀ ਪਿੰਡ ਉੱਚਾ ਬੇਟ ਜੋ ਕਿ ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ ਅਤੇ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਹੀ ਸੀ ਪਰ ਹਾਲਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ। ਕੋਰੋਨਾ ਪੀੜਤ 18 ਸਾਲਾ ਲੜਕੀ ਦੀ ਮੌਤ ਹੋਣ ਨਾਲ ਸ਼ਹਿਰ ਵਾਸੀਆਂ 'ਚ ਡਰ ਵੱਧ ਗਿਆ ਹੈ। ਲੋਕ ਆਪਣੇ ਛੋਟੇ ਬੱਚਿਆਂ ਤੇ ਘਰ ਦੇ ਬਜ਼ੁਰਗਾਂ ਨੂੰ ਲੈ ਕੇ ਕਾਫ਼ੀ ਚੌਕਸ ਹੋ ਗਏ ਹਨ।
ਇਹ ਮਿਲੇ ਕੋਰੋਨਾ ਪਾਜ਼ੇਟਿਵ ਕੇਸ
ਪਾਜ਼ੇਟਿਵ ਪਾਏ ਗਏ 104 ਮਰੀਜ਼ਾਂ 'ਚੋਂ ਕਪੂਰਥਲਾ ਸਬ ਡਿਵੀਜ਼ਨ ਨਾਲ 15, ਫਗਵਾੜਾ ਸਬ ਡਵੀਜ਼ਨ ਨਾਲ 18, ਭੁਲੱਥ ਸਬ ਡਿਵੀਜ਼ਨ ਨਾਲ 3 ਅਤੇ ਸੁਲਤਾਨਪੁਰ ਲੋਧੀ ਸਬ ਡਿਵੀਜ਼ਨ ਨਾਲ 3 ਮਰੀਜ਼ ਸਬੰਧਤ ਹਨ। ਇਸ ਤੋਂ ਇਲਾਵਾ 1 ਮਰੀਜ਼ ਜਲੰਧਰ ਅਤੇ 1 ਮਰੀਜ਼ ਲੁਧਿਆਣਾ ਨਾਲ ਸਬੰਧਤ ਹੈ, ਜਦਕਿ ਹੋਰ ਮਾਮਲੇ ਕਪੂਰਥਲਾ ਅਤੇ ਆਸ-ਪਾਸ ਦੇ ਖੇਤਰਾਂ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ: ਸਮਾਜਿਕ ਦੂਰੀ ਦੀਆਂ ਉੱਡੀਆਂ ਧੱਜੀਆਂ, ਲੁਧਿਆਣਾ ਦੇ ਸਿਵਲ ਹਸਪਤਾਲ 'ਚ ਚੱਲੀ ਡੀ. ਜੇ. ਪਾਰਟੀ
36 ਮਰੀਜ਼ ਹੋਏ ਸਿਹਤਮੰਦ
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਜ਼ਿਲ੍ਹੇ 'ਚ 1689 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਸ 'ਚ ਕਪੂਰਥਲਾ ਤੋਂ 249, ਫਗਵਾੜਾ ਤੋਂ 291, ਭੁਲੱਥ ਤੋਂ 64, ਸੁਲਤਾਨਪੁਰ ਲੋਧੀ ਤੋਂ 116, ਬੇਗੋਵਾਲ ਤੋਂ 120, ਢਿਲਵਾਂ ਤੋਂ 202, ਕਾਲਾ ਸੰਘਿਆਂ ਤੋਂ 196, ਫੱਤੂਢੀਂਗਾ ਤੋਂ 101, ਪਾਂਛਟਾ ਤੋਂ 218 ਤੇ ਟਿੱਬਾ ਤੋਂ 132 ਲੋਕਾਂ ਦੀ ਸੈਂਪਲਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਜੇਰੇ ਇਲਾਜ ਚੱਲ ਰਹੇ ਕੋਰੋਨਾ ਪੀੜਤਾਂ 'ਚੋਂ 36 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਸਿਹਤ ਮਹਿਕਮੇ ਵੱਲੋਂ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਤੱਕ 2673 ਲੋਕ ਠੀਕ ਹੋ ਚੁੱਕੇ ਹਨ, ਜਦਕਿ 3418 ਲੋਕ ਸੰਕਰਮਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ 600 ਮਰੀਜ ਐਕਟਿਵ ਚੱਲ ਰਹੇ ਹਨ ਅਤੇ 146 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੇ 'ਪੰਜਾਬ ਦੌਰੇ' 'ਚ ਫਿਰ ਫੇਰਬਦਲ, ਨਵੀਆਂ ਤਾਰੀਖ਼ਾਂ ਦਾ ਐਲਾਨ