'ਕੋਰੋਨਾ' ਦਾ ਹੱਬ ਬਣਿਆ ਜਲੰਧਰ ਜ਼ਿਲ੍ਹਾ, ਗਿਣਤੀ 1300 ਤੋਂ ਪਾਰ, ਵੇਖੋ ਅੱਜ ਆਏ ਮਰੀਜ਼ਾਂ ਦੀ ਸੂਚੀ

07/14/2020 9:15:46 PM

ਜਲੰਧਰ ( ਰੱਤਾ, ਵੈੱਬ ਡੈਸਕ)— ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਪੰਜਾਬ 'ਚ ਮਾਰੂ ਹੁੰਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਪੰਜਾਬ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਹੀ ਕੋਰੋਨਾ ਕਾਰਨ ਮਰਨ ਵਾਲੇ ਮਰੀਜ਼ਾਂ ਦਾ ਅੰਕੜਾ ਵੀ ਵੱਧਦਾ ਜਾ ਰਿਹਾ ਹੈ। ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਸੰਗਰੂਰ 'ਚੋਂ ਸਾਹਮਣੇ ਆ ਰਹੇ ਹਨ। ਜਲੰਧਰ 'ਚ ਅੱਜ ਕੁੱਲ 63 ਪਾਜ਼ੇਟਿਵ ਕੇਸ ਪਾਏ ਗਏ ਹਨ ਅਤੇ ਇਕ ਮਰੀਜ਼ ਦੀ ਵੀ ਕੋਰੋਨਾ ਕਾਰਨ ਮੌਤ ਹੋਈ ਹੈ। ਇਸ ਦੇ ਨਾਲ ਹੀ ਜਲੰਧਰ 'ਚ ਹੁਣ ਤੱਕ ਪਾਜ਼ੇਟਿਵ ਕੇਸਾਂ ਦਾ ਅੰਕੜਾ 1300 ਤੋਂ ਪਾਰ ਹੋ ਚੁੱਕਾ ਹੈ।

PunjabKesari

ਇਨ੍ਹਾਂ ਇਲਾਕਿਆਂ 'ਚੋਂ ਮਿਲੇ ਅੱਜ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸ
ਅੱਜ ਜਲੰਧਰ ਜ਼ਿਲ੍ਹੇ 'ਚੋਂ ਜਿਹੜੇ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ, ਉਨ੍ਹਾਂ 'ਚ ਭੂਰ ਮੰਡੀ ਦੇ 8 ਮਰੀਜ਼, ਸੰਜੇ ਗਾਂਧੀ ਨਗਰ ਦੇ 4 ਮਰੀਜ਼, ਦਿਓਲ ਨਗਰ, ਨਿਊ ਜਵਾਹਰ ਨਗਰ, ਰਸਤਾ ਮੁਹੱਲਾ, ਟੈਗੋਰ ਨਗਰ, ਗੋਲਡਨ ਐਵੇਨਿਊ ਆਦਿ ਖੇਤਰਾਂ ਦੇ ਸ਼ਾਮਲ ਹਨ। ਇਸ ਦੇ ਨਾਲ ਹੀ ਕੁਝ ਮਰੀਜ਼ ਵਿਦੇਸ਼ ਤੋਂ ਵੀ ਵਾਪਸ ਪਰਤੇ ਹਨ, ਜਿਨ੍ਹਾਂ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।

PunjabKesari

ਕੋਰੋਨਾ ਦੇ ਮਾਮਲੇ 'ਚ ਅੰਮ੍ਰਿਤਸਰ ਨੂੰ ਪਿੱਛੇ ਛੱਡ ਦੂਜੇ ਨੰਬਰ 'ਤੇ ਚੱਲ ਰਿਹੈ ਮਹਾਨਗਰ ਜਲੰਧਰ
ਜਲੰਧਰ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਜਲੰਧਰ ਸ਼ਹਿਰ 'ਚੋਂ 50 ਤੋਂ ਵੱਧ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਜਲੰਧਰ ਸ਼ਹਿਰ ਅੰਮ੍ਰਿਤਸਰ ਨੂੰ ਪਿੱਛੇ ਛੱਡਦੇ ਹੋਏ ਹੁਣ ਪੰਜਾਬ 'ਚੋਂ ਦੂਜੇ ਨੰਬਰ 'ਤੇ ਪਹੁੰਚ ਚੁੱਕਾ ਹੈ, ਜਿੱਥੇ ਹੁਣ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1300 ਤੋਂ ਵੱਧ ਹੋ ਚੁੱਕਾ ਹੈ। ਇਥੇ ਦੱਸ ਦੇਈਏ ਕਿ ਕੋਰੋਨਾ ਦੇ ਮਾਮਲਿਆਂ 'ਚ ਪੰਜਾਬ 'ਚ ਸਭ ਤੋਂ ਪਹਿਲੇ ਨੰਬਰ 'ਤੇ ਲੁਧਿਅਣਾ ਸ਼ਹਿਰ ਚੱਲ ਰਿਹਾ ਹੈ, ਜਿੱਥੇ ਪਾਜ਼ੇਟਿਵ ਕੇਸਾਂ ਦਾ ਅੰਕੜਾ 1400 ਤੋਂ ਵੱਧ ਦਾ ਹੋ ਚੁੱਕਾ ਹੈ ਅਤੇ 32 ਲੋਕਾਂ ਦੀ ਮੌਤ ਹੋ ਚੁੱਕੀ ਹੈ।

PunjabKesari

ਉਥੇ ਹੀ ਤੀਜੇ ਨੰਬਰ 'ਤੇ ਚੱਲ ਰਹੇ ਅੰਮ੍ਰਿਤਸਰ ਜ਼ਿਲ੍ਹੇ 'ਚ ਅੱਜ 15 ਕੇਸ ਪਾਜ਼ੇਟਿਵ ਮਿਲਣ ਨਾਲ ਅੰਕੜਾ 1136 ਤੱਕ ਪਹੁੰਚ ਚੁੱਕਾ ਹੈ ਜਦਕਿ ਇਥੇ 56 ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਚੌਥੇ ਨੰਬਰ 'ਤੇ ਚੱਲ ਰਹੇ ਸੰਗਰੂਰ ਜ਼ਿਲ੍ਹੇ 'ਚ ਹੁਣ ਤੱਕ ਪਾਜ਼ੇਟਿਵ ਕੇਸਾਂ ਦਾ ਅੰਕੜਾ 647 ਤੱਕ ਪਹੁੰਚ ਚੁੱਕਾ ਹੈ ਜਦਕਿ ਕੋਰੋਨਾ ਨਾਲ ਇਸ ਜ਼ਿਲ੍ਹੇ 'ਚ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਵੇਂ ਨੰਬਰ 'ਤੇ ਪਟਿਆਲਾ ਸ਼ਹਿਰ ਚੱਲ ਰਿਹਾ ਹੈ, ਜਿੱਥੇ 635 ਪਾਜ਼ੇਟਿਵ ਕੇਸ ਪਾਏ ਗਏ ਹਨ ਅਤੇ ਇਸ ਜ਼ਿਲ੍ਹੇ 'ਚ ਮੌਤਾਂ ਦੀ ਗਿਣਤੀ 12 ਤੱਕ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਜੇਕਰ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 8 ਹਜ਼ਾਰ ਤੋਂ ਪਾਰ ਹੋ ਚੁੱਕਾ ਹੈ ਅਤੇ 5 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।


shivani attri

Content Editor

Related News