ਕੋਰੋਨਾ ਨੇ ਵਧਾਇਆ 'ਡਿਪਰੈਸ਼ਨ', ਬਚਣ ਲਈ ਸੁਣੋ ਡਾਕਟਰ ਦੀ ਸਲਾਹ (ਵੀਡੀਓ)

Friday, Jul 24, 2020 - 06:10 PM (IST)

ਜਲੰਧਰ (ਵਿਕਰਮ)— ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਪੰਜਾਬ 'ਚ ਵੀ ਭਿਆਨਕ ਰੂਪ ਧਾਰ ਲਿਆ ਹੈ। ਇਕ ਪਾਸੇ ਜਿੱਥੇ ਪੰਜਾਬ 'ਚ ਕੋਰੋਨਾ ਦੇ ਕਾਰਨ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ, ਉਥੇ ਹੀ ਪਾਜ਼ੇਟਿਵ ਕੇਸਾਂ 'ਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਨੇ ਜਿੰਨਾ ਕੰਮਕਾਜ ਠੱਪ ਕਰਕੇ ਰੱਖ ਦਿੱਤਾ ਹੈ, ਉਥੇ ਹੀ ਕਈ ਲੋਕ ਨੌਕਰੀ ਖੋਹੀ ਜਾਣ ਕਰਕੇ ਡਿਪਰੈਸ਼ਨ (ਤਣਾਅ) ਦਾ ਸ਼ਿਕਾਰ ਹੋ ਰਹੇ ਹਨ। ਕੋਰੋਨਾ ਕਾਲ 'ਚ ਡਿਪਰੈਸ਼ਨ ਲੋਕਾਂ 'ਤੇ ਕਾਫ਼ੀ ਹਾਵੀ ਹੁੰਦਾ ਨਜ਼ਰ ਆ ਰਿਹਾ ਹੈ, ਜਿਸ ਕਰਕੇ ਲੋਕ ਖ਼ੁਦਕੁਸ਼ੀਆਂ ਕਰਨ ਨੂੰ ਵੀ ਮਜਬੂਰ ਹੋ ਰਹੇ ਹਨ। ਡਿਪਰੈਸ਼ਨ ਤੋਂ ਬਚਣ ਲਈ 'ਜਗ ਬਾਣੀ' ਦੇ ਪੱਤਰਕਾਰ ਵੱਲੋਂ ਡਾਕਟਰ ਗੌਰਵ ਭਗਤ ਦੇ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਇਸ ਤੋਂ ਬਚਣ ਸਬੰਧੀ ਆਪਣੀ ਸਲਾਹ ਦੇਣ ਦੇ ਨਾਲ-ਨਾਲ ਲੱਛਣਾਂ ਬਾਰੇ ਵੀ ਦੱਸਿਆ।

PunjabKesari

ਕੋਰੋਨਾ ਕਰਕੇ ਡਿਪਰੈਸ਼ਨ ਦੇ ਮਰੀਜ਼ਾਂ 'ਚ ਪਹਿਲਾਂ ਨਾਲੋਂ ਹੋਇਆ ਵਾਧਾ
ਜਦੋਂ 'ਜਗ ਬਾਣੀ' ਦੇ ਪੱਤਰਕਾਰ ਵੱਲੋਂ ਡਿਪਰੈਸ਼ਨ ਤੋਂ ਬਚਣ ਲਈ ਡਾ. ਗੌਰਵ ਭਗਤ ਨੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਹੋਈ ਤਾਲਾਬੰਦੀ ਦੌਰਾਨ ਡਿਪਰੈਸ਼ਨ ਦਾ ਸ਼ਿਕਾਰ ਹੋਣ ਵਾਲੇ ਮਰੀਜ਼ਾਂ 'ਚ ਲਗਾਤਾਰ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਨਾਲੋਂ ਡਿਪਰੈਸ਼ਨ ਦੇ ਸ਼ਿਕਾਰ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ 40 ਫੀਸਦੀ ਵਾਧਾ ਹੋਇਆ ਹੈ। ਜੇਕਰ ਪਹਿਲਾਂ 100 'ਚੋਂ 25 ਦੇ ਕਰੀਬ ਮਰੀਜ਼ ਆਉਂਦੇ ਸਨ ਤਾਂ ਹੁਣ ਕਰੀਬ 40 ਤੋਂ ਵੱਧ ਡਿਪਰੈਸ਼ਨ ਦੇ ਮਰੀਜ਼ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਤਾਂ ਕੋਰੋਨਾ ਕਾਲ 'ਚ ਘਬਰਾਹਟ ਦੇ ਕਾਰਨ ਵੀ ਤਣਾਅ ਦੇ ਮਰੀਜ਼ਾਂ 'ਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਪਰੈਸ਼ਨ ਦਾ ਸ਼ਿਕਾਰ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਣਾ ਸਭ ਤੋਂ ਵੱਡਾ ਕਾਰਨ ਕੰਮਕਾਜ ਦਾ ਠੱਪ ਹੋਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਲੋਕਾਂ ਦਾ ਰੋਜ਼ਗਾਰ ਇਕਦਮ ਹੀ ਰੁੱਕ ਗਿਆ ਹੈ। ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਵੀ ਰੋਜ਼ਗਾਰ ਦੀ ਦੋਬਾਰਾ ਵਾਪਸੀ ਤਾਂ ਹੋਈ ਪਰ ਉਨਾ ਕੰਮਕਾਜ ਨਹੀਂ ਹੋ ਸਕਿਆ।

PunjabKesari

ਵਿਦਿਆਰਥੀ 'ਚ ਵੀ ਵਧਿਆ ਡਿਪਰੈਸ਼ਨ
ਡਾ. ਗੌਰਵ ਭਗਤ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਡਿਪਰੈਸ਼ਨ ਦਾ ਸ਼ਿਕਾਰ ਹੋਣ ਵਾਲਿਆਂ 'ਚ ਵਿਦਿਆਰਥੀ ਵੀ ਵੱਡੀ ਗਿਣਤੀ 'ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਆਪਣੇ ਭਵਿੱਖ ਨੂੰ ਲੈ ਕੇ ਕਿ ਅੱਗੇ ਕੀ ਕਰਨਾ ਹੈ, ਉਸ ਬਾਰੇ ਬਹੁਤ ਕੁਝ ਸੋਚਿਆ ਸੀ ਪਰ ਕੋਰੋਨਾ ਦੇ ਕਾਰਨ ਪੇਪਰ ਰੁਕਣ ਕਰਕੇ ਵੀ ਕਈ ਵਿਦਿਆਰਥੀ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਰਹੇ ਹਨ। ਕੰਮਕਾਜ ਨੂੰ ਲੈ ਕੇ ਬਣੇ ਮਾਲੀ ਹਾਲਾਤ ਕਰਕੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਕਈ ਲੋਕ ਉਹ ਵੀ ਹਨ, ਜੋ ਡਿਪਰੈਸ਼ਨ ਦਾ ਇਲਾਜ ਨਹੀਂ ਕਰਵਾ ਸਕੇ ਹਨ। ਉਨ੍ਹਾਂ ਕਿਹਾ ਕਿ ਕਈ ਅਜਿਹੇ ਮਰੀਜ਼ ਸਨ, ਜਿਨ੍ਹਾਂ ਦੀ ਪਹਿਲਾਂ ਤੋਂ ਹੀ ਸਾਡੇ ਕੋਲੋਂ ਦਵਾਈ ਚੱਲ ਰਹੀ ਸੀ ਅਤੇ ਹੁਣ ਉਹ ਨਹੀਂ ਆ ਪਾ ਰਹੇ ਹਨ। ਇਸੇ ਕਰਕੇ ਵੀ ਉਹ ਮੁੜ ਡਿਪਰੈਸ਼ਨ 'ਚ ਜਾ ਰਹੇ ਹਨ।
ਕਈਆਂ ਦੇ ਮਨ 'ਚ ਬੈਠਾ 'ਕੋਰੋਨਾ' ਦੀ ਬੀਮਾਰੀ ਦਾ ਡਰ
ਅੱਗੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੋਰੋਨਾ ਦੀ ਬੀਮਾਰੀ ਆਉਣ 'ਤੇ ਕਈ ਲੋਕ ਇਸ ਤਰ੍ਹਾਂ ਡਰ ਚੁੱਕੇ ਹਨ ਕਿ ਇਸ ਬੀਮਾਰੀ ਨਾਲ ਪੱਕਾ ਹੀ ਕੁਝ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਓ. ਸੀ. ਡੀ. ਦੇ ਮਰੀਜ਼ਾਂ ਲਈ ਇਹ ਬਹੁਤ ਹੀ ਵੱਡੀ ਬੀਮਾਰੀ ਬਣ ਚੁੱਕੀ ਹੈ। ਉਹ ਇਹ ਹੀ ਸੋਚਦੇ ਹਨ ਕਿ ਹੋਰ ਕਿਸੇ ਬੀਮਾਰੀ ਨਾਲ ਕੁਝ ਹੋਵੇ ਭਾਵੇਂ ਨਾ ਹੋਵੇ ਪਰ ਕੋਰੋਨਾ ਕਾਰਨ ਜ਼ਰੂਰ ਕੁਝ ਹੋ ਜਾਣਾ ਹੈ।

PunjabKesari

ਡਿਪਰੈਸ਼ਨ ਦੇ ਇਹ ਨੇ ਲੱਛਣ
ਉਨ੍ਹਾਂ ਕਿਹਾ ਕਿ ਡਿਪਰੈਸ਼ਨ ਦਾ ਪਹਿਲਾਂ ਇਹ ਲੱਛਣ ਹੁੰਦਾ ਹੈ ਕਿ ਮਰੀਜ਼ ਦਾ ਮੂੜ ਕਾਫ਼ੀ ਖਰਾਬ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪਹਿਲਾਂ ਮਰੀਜ਼ ਖੁਸ਼ ਰਹਿੰਦਾ ਹੋਵੇ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋਣ ਤੋਂ ਬਾਅਦ ਮਰੀਜ਼ ਉਸ ਤਰ੍ਹਾਂ ਦੀ ਖੁਸ਼ੀ ਬਿਲਕੁਲ ਵੀ ਮਹਿਸੂਸ ਨਹੀਂ ਕਰਦਾ ਹੈ।
ਇਸ ਦੇ ਇਲਾਵਾ ਨੀਂਦ ਦਾ ਘੱਟ ਆਉਣ ਵੀ ਡਿਪਰੈਸ਼ਨ ਦੇ ਲੱਛਣ ਹਨ।
ਇਸ ਦੇ ਇਲਾਵਾ ਜਿਹੜੀਆਂ ਚੀਜ਼ਾਂ 'ਚ ਮਰੀਜ਼ ਦਾ ਪਹਿਲਾਂ ਮਨ ਲੱਗਦਾ ਹੋਵੇ, ਜਿਵੇਂ ਟੀ. ਵੀ. ਦੇਖਣ 'ਚ ਮਨ ਦਾ ਲੱਗਣਾ, ਕੰਮਕਾਜ ਕਰਨਾ ਆਦਿ, ਡਿਪਰੈਸ਼ਨ ਦਾ ਸ਼ਿਕਾਰ ਹੋਣ ਤੋਂ ਬਾਅਦ ਮਰੀਜ਼ ਦਾ ਉਨ੍ਹਾਂ ਚੀਜ਼ਾਂ 'ਚ ਮਨ ਨਹੀਂ ਲੱਗਦਾ ਹੈ ਅਤੇ ਸਾਰਾ ਦਿਨ ਬੇਚੈਨੀ ਜਿਹੀ ਮਹਿਸੂਸ ਹੁੰਦੀ ਹੈ।

ਡਿਪਰੈਸ਼ਨ ਦੇ ਲੱਛਣ ਵੱਧਣ ਤੋਂ ਬਾਅਦ ਮਰੀਜ਼ ਕਰ ਲੈਂਦਾ ਹੈ ਖ਼ੁਦਕੁਸ਼ੀ
ਉਨ੍ਹਾਂ ਕਿਹਾ ਕਿ ਜਦੋਂ ਡਿਪਰੈਸ਼ਨ ਦੇ ਸ਼ਿਕਾਰ ਮਰੀਜ਼ਾਂ 'ਚ ਜਦੋਂ ਜ਼ਿਆਦਾ ਲੱਛਣ ਵੱਧ ਜਾਂਦੇ ਹਨ ਤਾਂ ਮਰੀਜ਼ ਹੋਪਲੈੱਸ, ਹੈਲਪਲੈੱਸ, ਵਰਥਲੈੱਸ ਹੋ ਜਾਂਦਾ ਹੈ। ਵਰਥਲੈੱਸ 'ਚ ਮਰੀਜ਼ ਇਹ ਸੋਚਦਾ ਹੈ ਕਿ ਮੈਂ ਜੋ ਮਰਜ਼ੀ ਕਰ ਲਵਾਂ ਮੇਰਾ ਕੰਮ ਕਦੇ ਵੀ ਸਿਰੇ ਨਹੀਂ ਚੜ੍ਹਦਾ। ਹੌਲੀ-ਹੌਲੀ ਜਦੋਂ ਡਿਪਰੈਸ਼ਨ ਦੇ ਲੱਛਣ ਵੱਧਦੇ ਹਨ ਤਾਂ ਮਰੀਜ਼ ਖ਼ੁਦਕੁਸ਼ੀ ਦੇ ਰਾਹ ਵੱਲ ਤੁਰ ਪੈਂਦਾ ਹੈ।  ਮਰੀਜ਼ ਇਹ ਸੋਚਦਾ ਹੈ ਕਿ ਮੈਂ ਹੁਣ ਕੁਝ ਜ਼ਿੰਦਗੀ 'ਚ ਨਹੀਂ ਕਰ ਪਾ ਰਿਹਾ ਹਾਂ ਅਤੇ ਆਪਣੀ ਜ਼ਿੰਦਗੀ ਹੀ ਖਤਮ ਕਰ ਲੈਣਾ ਬਿਹਤਰ ਸਮਝਦਾ ਹੈ। ਉਹ ਇਹ ਸੋਚਦਾ ਹੈ ਕਿ ਅਜਿਹਾ ਕਰਨ ਦੇ ਨਾਲ ਬਾਕੀਆਂ ਦੀ ਪਰੇਸ਼ਾਨੀ ਵੀ ਘੱਟੇਗੀ।

PunjabKesari

ਡਿਪਰੈਸ਼ਨ ਦੇ ਸ਼ਿਕਾਰ ਮਰੀਜ਼ ਨੂੰ ਦੱਸਿਆ ਜਾਂਦੈ ਜ਼ਿੰਦਗੀ ਜਿਊਣ ਦਾ ਤਰੀਕਾ
ਡਿਪਰੈਸ਼ਨ ਦਾ ਸ਼ਿਕਾਰ ਹੋਣ ਵਾਲੇ ਮਰੀਜ਼ਾਂ ਨੂੰ ਦਵਾਈਆਂ ਦੇਣ ਦੇ ਨਾਲ-ਨਾਲ ਜ਼ਿੰਦਗੀ ਜਿਊਣ ਦਾ ਤਰੀਕਾ ਵੀ ਦੱਸਿਆ ਜਾਂਦਾ ਹੈ। ਮਰੀਜ਼ਾਂ ਨੂੰ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਮਾੜੇ ਵਿਚਾਰ ਦਿਮਾਗ 'ਚ ਆਉਣ ਤਾਂ ਤੁਰੰਤ ਉਹ ਡਾਕਟਰ ਦੇ ਕੋਲ ਜਾਣ। ਪਰਿਵਾਰ ਨੂੰ ਵੀ ਸਮਝਾ ਦਿੱਤਾ ਜਾਂਦਾ ਹੈ ਕਿ ਜਦੋਂ ਵੀ ਅਜੀਬੋ-ਗਰੀਬ ਹਰਕਤਾਂ ਕਰਨ ਦੇ ਵਿਚਾਰ ਮਰੀਜ਼ ਦੇ ਮਨ 'ਚ ਲੱਗਣ ਤਾਂ ਤੁਰੰਤ ਉਨ੍ਹਾਂ ਨੂੰ ਇਥੇ ਲਿਆਉਣ ਲਈ ਕਿਹਾ ਜਾਂਦਾ ਹੈ।

ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਮਰੀਜ਼ ਜ਼ਰੂਰ ਸਾਂਝੀ ਕਰਦੈ ਮਨ ਦਾ ਗੱਲ
ਉਨ੍ਹਾਂ ਕਿਹਾ ਕਿ ਜਦੋਂ ਵੀ ਮਰੀਜ਼ ਦੇ ਮਨ 'ਚ ਖ਼ੁਦਕੁਸ਼ੀ ਦਾ ਵਿਚਾਰ ਆਉਂਦਾ ਹੈ ਤਾਂ ਉਹ ਜ਼ਰੂਰ ਕਿਸੇ ਨਾ ਕਿਸੇ ਨਾਲ ਆਪਣੀ ਗੱਲ ਸਾਂਝੀ ਕਰਦਾ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਤੋਂ ਹੀ ਜੇਕਰ ਮਰੀਜ਼ ਨੂੰ ਥੈਰੇਪੀ 'ਚ ਪਾ ਦਿੱਤਾ ਜਾਵੇ ਤਾਂ ਮਰੀਜ਼ ਡਿਪਰੈਸ਼ਨ ਤੋਂ ਬਾਹਰ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਡਿਪਰੈਸ਼ਨ ਦੇ ਛੋਟੇ-ਛੋਟੇ ਲੱਛਣਾਂ ਨੂੰ ਵੀ ਇਗਨੋਰ ਨਹੀਂ ਕਰਨਾ ਚਾਹੀਦਾ।


author

shivani attri

Content Editor

Related News