ਸਿਟੀ ਸਟੇਸ਼ਨ ਤੋਂ 4800 ਪ੍ਰਵਾਸੀ ਮਜ਼ਦੂਰ ਯੂ.ਪੀ-ਬਿਹਾਰ ਲਈ ਹੋਏ ਰਵਾਨਾ

Friday, May 15, 2020 - 02:38 PM (IST)

ਸਿਟੀ ਸਟੇਸ਼ਨ ਤੋਂ 4800 ਪ੍ਰਵਾਸੀ ਮਜ਼ਦੂਰ ਯੂ.ਪੀ-ਬਿਹਾਰ ਲਈ ਹੋਏ ਰਵਾਨਾ

ਜਲੰਧਰ (ਗੁਲਸ਼ਨ)— ਸਿਟੀ ਰੇਲਵੇ ਸਟੇਸ਼ਨ ਤੋਂ ਵੀਰਵਾਰ ਨੂੰ 4 ਮਜ਼ਦੂਰ ਵਿਸ਼ੇਸ਼ ਰੇਲ ਗੱਡੀਆਂ ਯੂ.ਪੀ.-ਬਿਹਾਰ ਲਈ ਰਵਾਨਾ ਹੋਈਆਂ। ਉੱਤਰ ਪ੍ਰਦੇਸ਼ ਉਨਾਵ ਲਈ ਸਵੇਰੇ 10 ਵਜੇ, ਬਿਹਾਰ ਦੇ ਗਯਾ ਸਟੇਸ਼ਨ ਲਈ ਦੁਪਹਿਰ 2.50 ਵਜੇ, ਫੈਜ਼ਾਬਾਦ ਨੂੰ ਸ਼ਾਮ 7 ਵਜੇ ਅਤੇ ਫਿਰ ਮਊ ਜੰਕਸ਼ਨ ਲਈ 11 ਵਜੇ ਵਿਸ਼ੇਸ਼ ਰੇਲ ਗੱਡੀਆਂ ਚੱਲੀਆਂ, ਜਿਨ੍ਹਾਂ ਵਿਚ ਕੁਲ 4800 ਪ੍ਰਵਾਸੀ ਆਪਣੇ ਗ੍ਰਹਿ ਸੂਬਿਆਂ ਲਈ ਰਵਾਨਾ ਹੋਏ।

ਪਿਛਲੇ ਕਈ ਦਿਨਾਂ ਤੋਂ ਸਖਤ ਧੁੱਪ 'ਚ ਸੜਕਾਂ 'ਤੇ ਬੈਠੇ ਪ੍ਰਵਾਸੀਆਂ ਨੂੰ ਮੌਸਮ ਨੇ ਵੱਡੀ ਰਾਹਤ ਦਿੱਤੀ ਹੈ। ਵੀਰਵਾਰ ਨੂੰ ਦਿਨ ਭਰ ਮੌਸਮ ਸੁਹਾਵਣਾ ਰਿਹਾ। ਦੁਪਹਿਰ ਵੇਲੇ ਮੀਂਹ ਨੇ ਵੀ ਆਪਣਾ ਰੰਗ ਦਿਖਾਇਆ, ਜਿਸ ਕਾਰਨ ਰੇਲਵੇ ਸਟੇਸ਼ਨ ਦੇ ਬਾਹਰ ਸਰਕੁਲੇਟਿੰਗ ਇਲਾਕੇ 'ਚ ਲੱਗੇ ਟੈਂਟ ਮੀਂਹ 'ਚ ਗਿੱਲੇ ਹੋ ਗਏ। ਮੈਡੀਕਲ ਚੈਕਅਪ ਲਈ ਚੁਣੇ ਗਏ ਸਥਾਨਾਂ ਤੋਂ ਇਲਾਵਾ ਸੜਕਾਂ 'ਤੇ ਰਾਤ ਕੱਟਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਿਟੀ ਰੇਲਵੇ ਸਟੇਸ਼ਨ ਤੋਂ ਦੁਪਹਿਰ 2 ਵਜੇ ਬਿਹਾਰ ਦੇ ਗਯਾ ਸਟੇਸ਼ਨ ਜਾਣ ਵਾਲੀ ਰੇਲ ਗੱਡੀ ਸਮੇਂ ਮੀਂਹ ਤੇਜ਼ ਹੋ ਗਿਆ । ਬਾਰਸ਼ ਸ਼ੁਰੂ ਹੋਣ ਤੋਂ ਪਹਿਲਾਂ 800 ਦੇ ਲਗਭਗ ਪ੍ਰਵਾਸੀਆਂ ਨੂੰ ਰੇਲ 'ਚ ਬਿਠਾ ਦਿੱਤਾ ਗਿਆ ਸੀ। 400 ਹੋਰ ਯਾਤਰੀ ਅਜੇ ਆਉਣੇ ਸਨ, ਜਿਸ ਦੌਰਾਨ ਬਾਰਿਸ਼ ਤੇਜ਼ ਹੋ ਗਈ। ਪ੍ਰਵਾਸੀਆਂ ਨੂੰ ਸਟੇਸ਼ਨ ਦੇ ਬਾਹਰ ਬੱਸਾਂ ਵਿਚ ਬੈਠ ਕੇ ਮੀਂਹ ਦੇ ਰੁਕਣ ਦਾ ਇੰਤਜ਼ਾਰ ਕਰਨਾ ਪਿਆ । ਜਦ ਮੀਂਹ ਰੁਕਿਆ ਉਨ੍ਹਾਂ ਨੂੰ ਸਟੇਸ਼ਨ ਦੇ ਅੰਦਰ ਭੇਜਿਆ ਗਿਆ ਅਤੇ ਉਹ ਰੇਲ ਵਿਚ ਚੜ੍ਹੇ। ਇਸ ਕਾਰਨ ਰੇਲ ਲਗਭਗ 20 ਮਿੰਟ ਦੇਰੀ ਨਾਲ ਰਵਾਨਾ ਹੋਈ, ਜਦ ਕਿ ਬਾਕੀ ਤਿੰਨ ਰੇਲ ਗੱਡੀਆਂ ਆਪਣੇ ਸ਼ਡਿਊਲ 'ਤੇ ਹੀ ਰਵਾਨਾ ਹੋਈਆਂ ।

ਇਹ ਵੀ ਪੜ੍ਹੋ: ਸੁਖਬੀਰ ਤੇ ਹਰਸਿਮਰਤ ਬਾਦਲ ਵੱਲੋਂ ਗੁਰਦਾਸ ਸਿੰਘ ਬਾਦਲ ਜੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਪ੍ਰਵਾਸੀਆਂ ਦਾ ਦੋਸ਼ ; ਮੈਸੇਜ ਪ੍ਰਾਪਤ ਕਰਨ ਵਾਲੇ ਇਥੇ ਘੁੰਮ ਰਹੇ ਹਨ, ਬਿਨਾਂ ਮੈਸੇਜ ਵਾਲੇ ਲੋਕ ਆਪਣੇ ਪਿੰਡ ਪਹੁੰਚ ਗਏ
ਪ੍ਰਵਾਸੀ ਯਾਤਰੀ ਰਾਜੂ, ਲੱਲਣ, ਬਦਰੀਨਾਥ, ਮਹਾਵੀਰ ਅਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ, ਕਈ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਮੈਸੇਜ ਭੇਜ ਕੇ ਆਉਣ ਦੀ ਸੂਚਨਾ ਦਿੱਤੀ ਸੀ ਪਰ ਉਨ੍ਹਾਂ ਨੂੰ ਅਜੇ ਤਕ ਰੇਲ ਵਿਚ ਜਗ੍ਹਾ ਨਹੀਂ ਮਿਲੀ । ਉਥੇ ਹੀ ਕੁਝ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਕੋਈ ਮੈਸੇਜ ਨਹੀਂ ਮਿਲਿਆ ਹੈ ਅਤੇ ਉਹ ਰੇਲ ਗੱਡੀਆਂ ਵਿਚ ਸਵਾਰ ਹੋ ਕੇ ਆਪਣੇ ਪਿੰਡ ਪਹੁੰਚ ਗਏ ਹਨ । ਪ੍ਰਵਾਸੀ ਯਾਤਰੀਆਂ ਨੇ ਦੋਸ਼ ਲਾਇਆ ਕਿ ਇਸ ਵਿਚ ਸੈਟਿੰਗ ਗੇਮ ਵੀ ਚੱਲ ਰਹੀ ਹੈ । ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ । ਦੂਜੇ ਪਾਸੇ ਲੋੜ ਤੋਂ ਵੱਧ ਮੈਸੇਜ ਭੇਜਣ ਨਾਲ ਵੀ ਨੁਕਸਾਨ ਹੋ ਰਿਹਾ ਹੈ ।

ਮੈਡੀਕਲ ਚੈਕਅਪ ਲਈ ਚੁਣੀਆਂ ਥਾਵਾਂ ਦੇ ਬਾਹਰ ਅਜੇ ਵੀ ਭੀੜ
ਪਠਾਨਕੋਟ ਚੌਕ ਵਿਖੇ ਬੱਲੇ-ਬੱਲੇ ਫਾਰਮ ਅਤੇ ਲੈਦਰ ਕੰਪਲੈਕਸ ਵਿਖੇ ਮੈਡੀਕਲ ਚੈੱਕਅਪ ਲਈ ਅਜੇ ਵੀ ਪ੍ਰਵਾਸੀ ਲੋਕਾਂ ਦੀ ਕਾਫੀ ਭੀੜ ਮੌਜੂਦ ਹੈ । ਇਨ੍ਹਾਂ 'ਚੋਂ ਕਈ ਲੋਕ ਅਜਿਹੇ ਹਨ ਜਿਨ੍ਹਾਂ ਦੀ ਨਾ ਤਾਂ ਕੋਈ ਰਜਿਸਟ੍ਰੇਸ਼ਨ ਹੋਈ ਹੈ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਮੈਸੇਜ ਮਿਲਿਆ ਹੈ ਪਰ ਉਹ ਫਿਰ ਵੀ ਉਥੇ ਪਹੁੰਚ ਗਏ। ਉਥੇ ਕੁਝ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਕਈ ਦਿਨਾਂ ਤੋਂ ਮੈਸੇਜ ਤਾਂ ਮਿਲ ਚੁੱਕਾ ਹੈ ਪਰ ਉਹ ਅਜੇ ਰੇਲ ਗੱਡੀ ਵਿਚ ਨਹੀਂ ਬੈਠ ਸਕੇ ਹਨ। ਇਸ ਤੋਂ ਇਲਾਵਾ ਜਲੰਧਰ ਦੇ ਨੇੜਲੇ ਸ਼ਹਿਰਾਂ ਵਿਚ ਰਹਿੰਦੇ ਪ੍ਰਵਾਸੀ ਵੀ ਜਲੰਧਰ ਪਹੁੰਚ ਚੁੱਕੇ ਹਨ ਅਤੇ ਇਥੇ ਆਪਣੀ ਵਾਰੀ ਦਾ ਇੰਤਜ਼ਾਰ ਵਿਚ ਇਧਰ-ਉਧਰ ਟਾਈਮ ਪਾਸ ਕਰ ਰਹੇ ਹਨ। ਅਜਿਹੇ ਲੋਕ ਸਮਾਜਕ ਦੂਰੀ ਨੂੰ ਤੋੜ ਰਹੇ ਹਨ ਅਤੇ ਕੋਰੋਨਾ ਨੂੰ ਸੱਦਾ ਦੇ ਰਹੇ ਹਨ ।

ਇਹ ਵੀ ਪੜ੍ਹੋ:  ਇਕੱਠੇ ਬਲੀਆਂ ਪਤੀ-ਪਤਨੀ ਦੀਆਂ ਮ੍ਰਿਤਕ ਦੇਹਾਂ, ਰੋਂਦੀਆਂ ਮਾਸੂਮ ਬੱਚੀਆਂ ਨੂੰ ਦੇਖ ਪਸੀਜਿਆ ਹਰ ਇਕ ਦਾ ਦਿਲ

ਫਿਰੋਜ਼ਪੁਰ ਡਿਵੀਜ਼ਨ ਤੋਂ 87 ਰੇਲ ਗੱਡੀਆਂ 'ਚ 1 ਲੱਖ ਤੋਂ ਵੱਧ ਪ੍ਰਵਾਸੀ ਹੋਏ ਰਵਾਨਾ
ਫਿਰੋਜ਼ਪੁਰ ਡਿਵੀਜ਼ਨ 'ਚ 14 ਮਈ ਤੱਕ 87 ਮਜ਼ਦੂਰ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ ਹਨ। ਇਨ੍ਹਾਂ 'ਚ ਜਲੰਧਰ ਤੋਂ 35, ਲੁਧਿਆਣਾ ਤੋਂ 43, ਅੰਮ੍ਰਿਤਸਰ ਤੋਂ 8 ਅਤੇ ਫਿਰੋਜ਼ਪੁਰ ਕੈਂਟ ਤੋਂ 1 ਰੇਲ ਗੱਡੀਆਂ ਚਲਾਈਆਂ ਗਈਆਂ ਹਨ। ਇਹ ਰੇਲ ਗੱਡੀਆਂ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਛੱਤੀਸਗੜ ਅਤੇ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਸੂਬਿਆਂ ਲਈ ਰਵਾਨਾ ਹੋਈਆਂ । ਇਨ੍ਹਾਂ ਰੇਲ ਗੱਡੀਆਂ ਵਿਚ ਲਗਭਗ 1 ਲੱਖ 4 ਹਜ਼ਾਰ ਯਾਤਰੀ ਭੇਜੇ ਗਏ । ਜੇਕਰ ਇਕੱਲੇ ਜਲੰਧਰ ਦੀ ਗੱਲ ਕਰੀਏ ਤਾਂ 42 ਹਜ਼ਾਰ ਤੋਂ ਵੱਧ ਪ੍ਰਵਾਸੀ ਲੋਕ ਆਪਣੇ ਗ੍ਰਹਿ ਸੂਬਿਆਂ ਲਈ ਰਵਾਨਾ ਹੋ ਚੁੱਕੇ ਹਨ।
ਇਹ ਵੀ ਪੜ੍ਹੋ:  ਫਗਵਾੜਾ 'ਚ ਵੱਡੀ ਵਾਰਦਾਤ, ਬਜ਼ੁਰਗ ਦੇ ਸਿਰ 'ਚ ਰਾਡ ਮਾਰ ਕੇ ਕੀਤਾ ਕਤਲ


author

shivani attri

Content Editor

Related News