ਸਿਹਤ ਮੰਤਰੀ ਸਿੱਧੂ ਨੂੰ ਡੇਢ ਮਹੀਨੇ ਬਾਅਦ ਆਈ ਜਲੰਧਰ ਦੀ ਯਾਦ,ਦੌਰਾ ਕਰਕੇ ਕੀਤੀ ਖਾਨਾਪੂਰਤੀ
Thursday, May 07, 2020 - 11:25 AM (IST)
ਜਲੰਧਰ (ਚੋਪੜਾ)— ਕੋਵਿਡ-19 ਕਾਰਨ ਦੇਸ਼ ਦੇ ਨਾਲ ਪੰਜਾਬ 'ਚ ਵੀ ਲਾਕਡਾਊਨ ਅਤੇ ਕਰਫਿਊ ਲੱਗਾ ਹੋਇਆ ਹੈ। ਅੱਜ ਲੋਕ ਇਸ ਮਹਾਮਾਰੀ ਨਾਲ ਜੂਝ ਰਹੇ ਹਨ। ਕੋਰੋਨਾ ਵਾਇਰਸ ਨਾਲ ਇਨਫੈਕਟਡ ਮਰੀਜ਼ਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਕਾਰਨ ਜਲੰਧਰ ਰੈੱਡ ਜ਼ੋਨ 'ਚ ਆ ਗਿਆ ਹੈ ਪਰ ਕੋਰੋਨਾ ਵਾਇਰਸ ਤੋਂ ਚਿੰਤਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਬੁੱਧਵਾਰ ਡੇਢ ਮਹੀਨਿਆਂ ਬਾਅਦ ਜ਼ਿਲੇ ਦੇ ਲੋਕਾਂ ਦੀ ਸਿਹਤ ਦਾ ਖਿਆਲ ਆਇਆ ਅਤੇ ਉਨ੍ਹਾਂ ਸ਼ਹਿਰ ਦਾ ਦੌਰਾ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਪਰ ਉਹ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਹੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚਲਦੇ ਬਣੇ। ਇਸ ਨਾਲ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਫੇਰੀ ਸਿਰਫ ਖਾਨਾਪੂਰਤੀ ਸਾਬਤ ਹੋਈ। ਉਨ੍ਹਾਂ ਅਧਿਕਾਰੀਆਂ ਨਾਲ ਸਿਰਫ ਮੀਟਿੰਗ ਦੀ ਰਸਮ ਨਿਭਾਈ ਅਤੇ ਪਰਤ ਗਏ।
ਮੀਟਿੰਗ 'ਚ ਸ਼ਾਮਲ ਜਲੰਧਰ ਦੀ ਸਿਵਲ ਸਰਜਨ ਡਾ. ਗੁਰਵਿੰਦਰ ਕੌਰ ਚਾਵਲਾ, ਕਪੂਰਥਲਾ ਦੀ ਸਿਵਲ ਸਰਜਨ ਅਤੇ ਹੋਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ ਅਤੇ ਅੰਕੜਿਆਂ ਦੀ ਖੇਡ ਨਾਲ ਸਿਹਤ ਮੰਤਰੀ ਨੂੰ ਸੰਤੁਸ਼ਟ ਕਰ ਦਿੱਤਾ। ਸਿਵਲ ਸਰਜਨ ਡਾ. ਚਾਵਲਾ ਨੇ ਬਲਬੀਰ ਸਿੱਧੂ ਨੂੰ ਦੱਸਿਆ ਕਿ ਸਿਹਤ ਵਿਭਾਗ ਦੀਆਂ 137 ਟੀਮਾਂ ਵੱਲੋਂ ਹੁਣ ਤੱਕ 4511 ਕੋਰੋਨਾ ਵਾਇਰਸ ਦੇ ਟੈਸਟ ਕੀਤੇ ਜਾ ਚੁੱਕੇ ਹਨ। ਇਨ੍ਹਾਂ 'ਚੋਂ 3114 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। 10703 ਘਰਾਂ ਦਾ ਦੌਰਾ ਕਰਕੇ 47465 ਲੋਕਾਂ ਦੀ ਜਾਂਚ ਕੀਤੀ ਗਈ। ਜਲੰਧਰ 'ਚ 7663 ਸ਼ੱਕੀ ਵਿਅਕਤੀਆਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 6624 ਲੋਕਾਂ ਨੇ ਕੁਆਰੰਟਾਈਨ ਦਾ ਸਮਾਂ ਪੂਰਾ ਕਰ ਲਿਆ ਹੈ ਅਤੇ 1049 ਦੀ ਮਿਆਦ ਅਜੇ ਬਾਕੀ ਹੈ।
ਜਲੰਧਰ 'ਚ ਜਲਦ ਆਧੁਨਿਕ ਲੈਬਾਰਟਰੀ ਸਥਾਪਤ ਕਰਨ ਦਾ ਫੈਸਲਾ
ਬਲਬੀਰ ਸਿੱਧੂ ਨੇ ਸਿਹਤ ਵਿਭਾਗ ਨੂੰ ਜ਼ਿਲੇ 'ਚ ਕੋਰੋਨਾ ਵਾਇਰਸ ਦੀ ਲੜਾਈ ਜਿੱਤਣ ਲਈ ਟੈਸਟਾਂ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਜਲੰਧਰ 'ਚ ਪੰਜਾਬ ਸਰਕਾਰ ਨੇ ਜਲਦੀ ਹੀ ਆਧੁਨਿਕ ਲੈਬਾਰਟਰੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਸੈਂਪਲਾਂ ਦੀਆਂ ਰਿਪੋਰਟਾਂ ਜਲਦੀ ਮਿਲ ਸਕਣ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਫੰਡਾਂ ਦੀ ਘਾਟ ਨਹੀਂ ਹੈ। ਉਨ੍ਹਾਂ ਜ਼ਿਲੇ 'ਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ. ਐੱਸ.ਪੀ. ਨਵਜੋਤ ਸਿੰਘ ਮਾਹਲ ਵੱਲੋਂ ਕੋਰੋਨਾ ਵਾਇਰਸ ਨਾਲ ਲੜਨ ਪ੍ਰਤੀ ਸਖਤ ਮਿਹਨਤ ਅਤੇ ਲਗਨ ਨਾਲ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ।
ਇਸ ਮੌਕੇ ਸੰਸਦ ਮੈਂਬਰ ਸੰਤੋਖ ਚੌਧਰੀ, ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਜੂਨੀਅਰ ਅਵਤਾਰ ਹੈਨਰੀ, ਵਿਧਾਇਕ ਚੌਧਰੀ ਸੁਰਿੰਦਰ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਬੌਬੀ ਸਹਿਗਲ, ਕਾਂਗਰਸ ਆਗੂ ਸੁਦੇਸ਼ ਵਿਜ, ਸੀ. ਈ. ਓ. ਸਮਾਰਟ ਸਿਟੀ ਡਾ. ਸ਼ੀਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਜਸਬੀਰ ਸਿੰਘ, ਮੈਡੀਕਲ ਸੁਪਰਵੀਟੈਂਟ ਡਾ. ਹਰਜਿੰਦਰ ਸਿੰਘ, ਡਾ. ਸ਼ੋਭਨਾ ਅਤੇ ਹੋਰ ਹਾਜ਼ਰ ਸਨ। ਮੀਟਿੰਗ 'ਚ ਮੌਜੂਦ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਨਾਲ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ, ਵਿਧਾਇਕ ਜੂਨੀਅਰ ਅਵਤਾਰ ਹੈਨਰੀ, ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਸੁਰਿੰਦਰ ਚੌਧਰੀ, ਬੌਬੀ ਸਹਿਗਲ, ਸੁਦੇਸ਼ ਵਿਜ ਅਤੇ ਹੋਰ ਅਧਿਕਾਰੀ।
2.30 ਘੰਟੇ ਦੇਰੀ ਨਾਲ ਪਹੁੰਚੇ ਬਲਬੀਰ ਸਿੱਧੂ, ਕੋਰੋਨਾ ਵਾਇਰਸ ਯੋਧੇ ਕਰਦੇ ਰਹੇ ਇੰਤਜ਼ਾਰ
ਬਲਬੀਰ ਸਿੰਘ ਸਿੱਧੂ ਨੇ ਸ਼ਾਮ 4.30 ਵਜੇ ਪ੍ਰਬੰਧਕੀ ਕੰਪਲੈਕਸ 'ਚ ਮੀਟਿੰਗ ਲਈ ਪਹੁੰਚਣਾ ਸੀ ਪਰ ਉਹ ਮਿਥੇ ਸਮੇਂ ਤੋਂ 2.30 ਘੰਟੇ ਦੇਰੀ ਨਾਲ ਪਹੁੰਚੇ। ਮੀਟਿੰਗ ਦਾ ਸਮਾਂ 2-3 ਵਾਰ ਬਦਲਣ ਕਾਰਨ ਕੋਰੋਨਾ ਵਾਇਰਸ ਯੋਧੇ ਅਤੇ ਅਧਿਕਾਰੀ ਪ੍ਰੇਸ਼ਾਨ ਹੁੰਦੇ ਰਹੇ। ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਨ ਪਰ ਅਜਿਹੀ ਸਥਿਤੀ 'ਚ ਅਧਿਕਾਰੀਆਂ ਦਾ ਸਾਰਾ ਧਿਆਨ ਕੈਬਨਿਟ ਮੰਤਰੀ ਦੇ ਜਲੰਧਰ ਦੌਰੇ ਅਤੇ ਮੀਟਿੰਗ ਨੂੰ ਸਫਲਤਾਪੂਰਵਕ ਸੰਪੰਨ ਕਰਵਾਉਣ ਵੱਲ ਕੇਂਦਰਤ ਰਿਹਾ।
ਪ੍ਰਵਾਸੀ ਮਜ਼ਦੂਰਾਂ ਦਾ ਵਾਪਸ ਜਾਣਾ ਉਦਯੋਗਾਂ ਅਤੇ ਕਿਸਾਨਾਂ ਲਈ ਨੁਕਸਾਨਦੇਹ : ਹੈਨਰੀ, ਬੇਰੀ
ਉੱਤਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਜੂਨੀਅਰ ਅਵਤਾਰ ਹੈਨਰੀ ਅਤੇ ਕੇਂਦਰੀ ਵਿਧਾਨ ਸਭਾ ਦੇ ਵਿਧਾਇਕ ਰਜਿੰਦਰ ਬੇਰੀ ਨੇ ਇਸ ਦੌਰਾਨ ਬਲਬੀਰ ਸਿੱਧੂ ਨੂੰ ਦੱਸਿਆ ਕਿ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਨਾਲ ਵਾਪਸ ਆਪਣੇ ਰਾਜਾਂ ਨੂੰ ਜਾ ਰਹੇ ਹਨ। ਇਹ ਸੂਬੇ ਦੀ ਇੰਡਸਟਰੀ ਅਤੇ ਕਿਸਾਨਾਂ ਲਈ ਬਹੁਤ ਨੁਕਸਾਨਦੇਹ ਸਾਬਤ ਹੋਵੇਗਾ। ਵਿਧਾਇਕਾਂ ਹੈਨਰੀ ਅਤੇ ਬੇਰੀ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਭੇਜਣ ਦੀ ਤੇਜ਼ੀ ਕੁਝ ਹੱਦ ਤੱਕ ਘਟਾਈ ਜਾਣੀ ਚਾਹੀਦੀ ਹੈ। ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ 'ਚ ਪੈਡੀ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਜੇਕਰ ਮਜ਼ਦੂਰ ਨਾ ਮਿਲੇ ਤਾਂ ਕਿਸਾਨਾਂ ਨੂੰ ਫਸਲਾਂ ਦੀ ਬਿਜਾਈ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।