''ਕੋਰੋਨਾ'' ਧਮਾਕੇ ਦੀ ਸ਼ੰਕਾ, ਪ੍ਰਸ਼ਾਸਨ ਵੱਲੋਂ ਪ੍ਰਵਾਸੀ ਲੋਕਾਂ ਲਈ ਚੁਣੇ ਥਾਵਾਂ ਦੇ ਬਾਹਰ ਦਾ ਦੇਖੋ ਹਾਲ

05/08/2020 6:27:58 PM

ਜਲੰਧਰ (ਗੁਲਸ਼ਨ)— ਲਾਕਡਾਊਨ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਪੰਜਾਬ ਤੋਂ ਪ੍ਰਵਾਸੀ ਮਜ਼ਦੂਰਾਂ (ਲੇਬਰ) ਨੂੰ ਉਨ੍ਹਾਂ ਦੇ ਸੂਬਿਆਂ ਵਿਚ ਭੇਜਣ ਲਈ ਲੇਬਰ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਪਿਛਲੇ 3 ਦਿਨਾਂ ਤੋਂ ਰੋਜ਼ਾਨਾ ਵੱਖ-ਵੱਖ ਰੂਟਾਂ 'ਤੇ ਸਿਟੀ ਰੇਲਵੇ ਸਟੇਸ਼ਨ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ । ਤੀਸਰੇ ਦਿਨ ਵੀ 3 ਰੇਲ ਗੱਡੀਆਂ ਚਲਾਈਆਂ ਗਈਆਂ।

ਵੀਰਵਾਰ ਨੂੰ ਸਵੇਰੇ 11 ਵਜੇ ਆਜਮਗੜ੍ਹ ਲਈ, ਸ਼ਾਮ 5 ਵਜੇ ਦਰਭੰਗਾ ਅਤੇ ਅਯੁੱਧਿਆ (ਫੈਜ਼ਾਬਾਦ) ਲਈ 11 ਵਜੇ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ। ਇਨ੍ਹਾਂ 'ਚ ਕੁੱਲ 3696 ਪ੍ਰਵਾਸੀ ਮਜ਼ਦੂਰ (ਲੇਬਰ) ਆਪਣੇ ਸੂਬਿਆਂ ਲਈ ਰਵਾਨਾ ਹੋਏ। ਇਨ੍ਹਾਂ ਸਾਰਿਆਂ ਦੀ ਟਿਕਟ ਦਾ ਕਿਰਾਇਆ ਪੰਜਾਬ ਸਰਕਾਰ ਨੇ ਦਿੱਤਾ। ਪਹਿਲਾਂ ਜ਼ਿਲਾ ਪ੍ਰਸ਼ਾਸਨ ਨੇ ਬਹਿਰਾਇਚ ਜਾਣ ਵਾਲੀ ਰੇਲ ਗੱਡੀ ਬਾਰੇ ਜਾਣਕਾਰੀ ਦਿੱਤੀ ਸੀ ਪਰ ਬਾਅਦ ਵਿਚ ਇਸ ਰੇਲ ਦਾ ਸਟੇਸ਼ਨ ਬਹਿਰਾਇਚ ਤੋਂ ਗੋਂਡਾ ਅਤੇ ਫਿਰ ਅਯੁੱਧਿਆ (ਫੈਜ਼ਾਬਾਦ) ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਨੂੰ ਆਪਰੇਸ਼ਨਲ ਕਾਰਨਾਂ ਕਰਕੇ ਬਦਲਿਆ ਗਿਆ।

 

PunjabKesari
ਜ਼ਿਕਰਯੋਗ ਹੈ ਕਿ ਸ਼ਹਿਰ ਦੇ ਲਗਭਗ ਇਕ ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੇ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਪਿੰਡ ਭੇਜਣ ਲਈ ਬਿਨੈ-ਪੱਤਰ ਦਿੱਤੇ ਹਨ । ਪ੍ਰਵਾਸੀ ਆਪਣੇ ਸੂਬਿਆਂ ਵਿਚ ਜਾਣ ਲਈ ਬਹੁਤ ਉਤਾਵਲੇ ਹਨ। ਇਸ ਲਈ ਹੁਣ ਰੋਜ਼ਾਨਾ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ । ਇਸ ਤੋਂ ਪਹਿਲਾਂ ਝਾਰਖੰਡ, ਵਾਰਾਣਸੀ, ਗੋਰਖਪੁਰ, ਲਖਨਊ ਅਤੇ ਅਯੁੱਧਿਆ ਲਈ ਵੀ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਚੁੱਕੀਆਂ ਹਨ। ਆਪਣੇ ਪਿੰਡ ਜਾਣ ਵਾਲੇ ਇਨ੍ਹਾਂ ਸਾਰੇ ਪ੍ਰਵਾਸੀਆਂ ਨੂੰ ਤਿੰਨ ਥਾਵਾਂ ਪਠਾਨਕੋਟ ਚੌਕ ਨੇੜੇ ਸਥਿਤ ਬੱਲੇ-ਬੱਲੇ ਫਾਰਮ, ਨਕੋਦਰ ਚੌਕ ਨੇੜੇ ਖਾਲਸਾ ਕਾਲਜ ਗਰਾਉਂਡ ਅਤੇ ਲਾਡੋਵਾਲੀ ਰੋਡ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗਰਾਉਂਡ ਵਿਚ ਬੁਲਾ ਕੇ ਮੈਡੀਕਲ ਚੈਕਅਪ ਕੀਤਾ ਜਾ ਰਿਹਾ ਹੈ। ਮੈਡੀਕਲ ਚੈਕਅਪ ਤੋਂ ਬਾਅਦ ਉਨ੍ਹਾਂ ਨੂੰ ਟਿਕਟਾਂ ਦੇ ਕੇ ਬੱਸਾਂ 'ਚ ਬਿਠਾ ਕੇ ਸਿਟੀ ਰੇਲਵੇ ਸਟੇਸ਼ਨ ਲਿਆਂਦਾ ਜਾ ਰਿਹਾ ਹੈ। ਇਕ ਬੱਸ ਵਿਚ ਸਿਰਫ 30 ਯਾਤਰੀ ਹੀ ਬਿਠਾਏ ਜਾ ਰਹੇ ਹਨ। ਸਿਟੀ ਸਟੇਸ਼ਨ ਪਹੁੰਚਣ 'ਤੇ ਰੇਲਵੇ ਡਾਕਟਰ ਅਤੇ ਹੋਰ ਸਟਾਫ ਵੱਲੋਂ ਚੈਕਿੰਗ ਕੀਤੇ ਜਾਣ ਤੋਂ ਬਾਅਦ ਆਰ. ਪੀ. ਐੱਫ. ਅਤੇ ਜੀ. ਆਰ. ਪੀ. ਵੱਲੋਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਹੋਏ ਇਨ੍ਹਾਂ ਨੂੰ ਰੇਲ ਗੱਡੀਆਂ ਵਿਚ ਬਿਠਾਇਆ ਜਾ ਰਿਹਾ ਹੈ।

PunjabKesari

ਰਾਤ 11 ਵਜੇ ਜਾਣ ਵਾਲੀ ਰੇਲ ਗੱਡੀ ਦਾ 3 ਵਾਰ ਬਦਲਿਆ ਸਟੇਸ਼ਨ
ਰਾਤ 11 ਵਜੇ ਸਿਟੀ ਸਟੇਸ਼ਨ ਤੋਂ ਚੱਲਣ ਵਾਲੀ ਰੇਲ ਗੱਡੀ ਦੀ ਪਹਿਲਾਂ ਬਹਿਰਾਇਚ ਜਾਣ ਦੀ ਖਬਰ ਮਿਲੀ ਸੀ । ਜਿਸ ਤੋਂ ਬਾਅਦ ਉਸ ਦਾ ਸਟੇਸ਼ਨ ਗੋਂਡਾ ਬਦਲ ਦਿੱਤਾ ਗਿਆ। ਬੁਕਿੰਗ ਦਫ਼ਤਰ ਤੋਂ ਗੋਂਡਾ ਲਈ 1188 ਯਾਤਰੀਆਂ ਦੀਆਂ ਟਿਕਟਾਂ ਵੀ ਬਣੀਆਂ ਸਨ ਪਰ ਰੇਲ ਗੱਡੀ ਚੱਲਣ ਤੋਂ 2 ਘੰਟੇ ਪਹਿਲਾਂ ਸਟੇਸ਼ਨ ਨੂੰ ਇਕ ਵਾਰ ਫਿਰ ਬਦਲ ਦਿੱਤਾ ਗਿਆ। ਰਾਤ 8:30 ਵਜੇ ਤੋਂ ਬਾਅਦ ਜਾਣਕਾਰੀ ਮਿਲੀ ਕਿ ਹੁਣ ਰੇਲ ਗੱਡੀ ਅਯੁੱਧਿਆ (ਫੈਜ਼ਾਬਾਦ) ਤਕ ਜਾਵੇਗੀ, ਜਿਸ ਕਾਰਨ ਯਾਤਰੀਆਂ ਵਿਚ ਦੁਚਿੱਤੀ ਦੀ ਸਥਿਤੀ ਸੀ । ਪ੍ਰਸ਼ਾਸਨ ਨੇ ਜਲਦਬਾਜ਼ੀ ਵਿਚ ਰੇਲਵੇ ਨੂੰ ਅਯੁੱਧਿਆ ਤਕ ਦਾ ਐਕਸਟਰਾ ਫੇਅਰ ਜਮਾ ਕਰਵਾ ਕੇ ਇਕ ਈ. ਐੱਫ. ਟੀ. (ਐਕਸਟਰਾ ਫੇਅਰ ਟਿਕਟ) ਬਣਵਾਈ।

PunjabKesari

ਵਿਧਾਇਕ ਸੁਸ਼ੀਲ ਰਿੰਕੂ ਨੇ ਦਰਭੰਗਾ ਜਾਣ ਵਾਲੀ ਰੇਲ ਨੂੰ ਕੀਤਾ ਰਵਾਨਾ
ਇਸ ਦੌਰਾਨ ਵਿਧਾਇਕ ਸੁਸ਼ੀਲ ਰਿੰਕੂ ਵੀ ਸਿਟੀ ਰੇਲਵੇ ਸਟੇਸ਼ਨ ਪਹੁੰਚੇ ਅਤੇ ਦਰਭੰਗਾ ਜਾਣ ਵਾਲੀ ਰੇਲ ਗੱਡੀ ਨੂੰ ਰਵਾਨਾ ਕੀਤਾ। ਪ੍ਰਵਾਸੀ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਸੂਬਿਆਂ ਵਿਚ ਭੇਜਣ ਲਈ ਵਚਨਬੱਧ ਹਨ। ਉਨ੍ਹਾਂ ਨੂੰ ਸਰਕਾਰੀ ਖਰਚੇ 'ਤੇ ਪਿੰਡ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰਹਿੰਦੇ ਸਾਰੇ ਪ੍ਰਵਾਸੀ ਭਰਾਵਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ । ਪ੍ਰਵਾਸੀਆਂ ਨੇ ਵਿਧਾਇਕ ਰਿੰਕੂ ਨੂੰ ਭਰੋਸਾ ਦਿੱਤਾ ਕਿ ਉਹ ਮਾਹੌਲ ਠੀਕ ਹੋਣ ਤੋਂ ਬਾਅਦ ਪੰਜਾਬ ਪਰਤ ਆਉਣਗੇ । ਇਸ ਦੌਰਾਨ ਕਈ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ । ਉਨ੍ਹਾਂ ਨੇ ਰੇਲ ਚਲਦੇ ਹੀ ਸਾਰਿਆਂ ਨੂੰ ਹੱਥ ਹਿਲਾ ਕੇ ਧੰਨਵਾਦ ਪ੍ਰਗਟਾਇਆ ।

PunjabKesari

ਰੇਲ ਗੱਡੀ ਨਿਕਲਣ ਤੋਂ ਬਾਅਦ ਪ੍ਰੇਸ਼ਾਨ ਪ੍ਰਵਾਸੀ ਨੌਜਵਾਨ ਬੋਲੇ
ਦੋਬਾਰਾ ਕਮਰੇ 'ਚ ਜਾਣਾ ਮੁਸ਼ਕਲ, ਮੁਹੱਲੇ ਵਾਲਿਆਂ ਨੇ ਕਿਹਾ- ਜੇਕਰ ਇਕ ਵਾਰ ਚਲੇ ਗਏ ਤਾਂ ਦੋਬਾਰਾ ਨਹੀਂ ਆਉਣ ਦੇਣਗੇ
ਹਰ ਕੋਈ ਰੇਲ ਗੱਡੀ ਵਿਚ ਸਭ ਤੋਂ ਪਹਿਲਾਂ ਪਿੰਡ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ । ਕ੍ਰਿਸ਼ਨਾ ਨਗਰ ਦੇ ਰਹਿਣ ਵਾਲੇ ਪੰਕਜ, ਅਵਧੇਸ਼, ਸੰਜੇ ਸਮੇਤ ਕਈ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਸੂਚਿਤ ਕੀਤਾ ਗਿਆ ਸੀ ਪਰ ਉਹ ਸਮੇਂ ਸਿਰ ਨਹੀਂ ਪਹੁੰਚ ਸਕੇ ਅਤੇ ਆਪਣੀ ਰੇਲ ਗੱਡੀ ਤੋਂ ਖੁੰਝ ਗਏ। ਇਸ ਦੌਰਾਨ ਉਥੇ ਕਈ ਹੋਰ ਲੋਕ ਵੀ ਮੌਜੂਦ ਸਨ, ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਕੋਈ ਮੈਸੇਜ ਨਹੀਂ ਮਿਲਿਆ । ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਉਹ ਦੁਬਾਰਾ ਆਪਣੇ ਕਮਰੇ ਵਿਚ ਨਹੀਂ ਜਾ ਸਕਦੇ ਕਿਉਂਕਿ ਮੁਹੱਲੇ ਵਾਲੇ ਕਹਿੰਦੇ ਹਨ ਕਿ ਇਕ ਵਾਰ ਉਹ ਇਥੇ ਚਲੇ ਗਏ ਤਾਂ ਦੁਬਾਰਾ ਮੁਹੱਲੇ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਹੁਣ ਕਮਰੇ ਵਿਚ ਜਾਣਾ ਵੀ ਮੁਨਾਸਿਬ ਨਹੀਂ ਹੈ, ਇਸ ਲਈ ਹੁਣ ਉਹ ਇਥੇ ਬੈਠ ਕੇ ਸਮਾਂ ਬਤੀਤ ਕਰ ਰਹੇ ਹਨ।

ਜ਼ਿਲਾ ਪ੍ਰਸ਼ਾਸਨ ਨਿਰੰਤਰ ਇਹ ਕਹਿ ਰਿਹਾ ਹੈ ਕਿ ਜਿਸ ਵਿਅਕਤੀ ਨੂੰ ਮੈਸੇਜ਼ ਮਿਲਿਆ ਸੀ ਜਾਂ ਫੋਨ ਕੀਤਾ ਗਿਆ ਸੀ, ਸਿਰਫ ਉਹੀ ਲੋਕ ਆਪਣੇ ਸਾਮਾਨ ਸਮੇਤ ਚੁਣੀ ਗਈ ਜਗ੍ਹਾ 'ਤੇ ਪਹੁੰਚਣ ਪਰ ਕੁਝ ਅਜਿਹੇ ਲੋਕ ਉਨ੍ਹਾਂ ਦੇ ਨਾਲ ਆ ਰਹੇ ਹਨ । ਜਿਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ । ਇਸ ਕਾਰਨ ਚੁਣੀਆਂ ਥਾਵਾਂ ਦੇ ਬਾਹਰ ਪ੍ਰਵਾਸੀਆਂ ਦੀ ਭਾਰੀ ਭੀੜ ਹੈ । ਸੋਸ਼ਲ ਡਿਸਟੈਂਸਿੰਗ ਦੀ ਧੱਜੀਆਂ ਉਡ ਰਹੀਆਂ ਹਨ। ਅਜਿਹੀ ਸਥਿਤੀ ਵਿਚ ਪ੍ਰਸ਼ਾਸਨ ਜਿੰਨੀਆਂ ਮਰਜ਼ੀ ਸਾਵਧਾਨੀਆਂ ਵਰਤ ਲਵੇ ਪਰ ਕੋਈ ਵੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕ ਨਹੀਂ ਸਕਦਾ। ਅਜਿਹੇ ਲੋਕ ਆਪਣੇ ਪਰਿਵਾਰ ਲਈ ਵੀ ਬਿਮਾਰੀ ਨਾਲ ਲੈ ਕੇ ਜਾ ਰਹੇ ਹਨ। ਰੇਲਵੇ ਪ੍ਰਸ਼ਾਸਨ ਵੱਲੋਂ ਸਟੇਸ਼ਨ 'ਤੇ ਰੇਲ ਗੱਡੀਆਂ ਦੇ ਦਰਵਾਜ਼ਿਆਂ ਅਤੇ ਹੈਂਡਲਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਪਰ ਜੋ ਹਾਲਾਤ ਬਾਹਰ ਤੋਂ ਵੇਖਣ ਨੂੰ ਮਿਲ ਰਹੇ ਹਨ, ਇਸ ਨੂੰ ਵੇਖਦਿਆਂ, ਇੰਝ ਜਾਪਦਾ ਹੈ ਕਿ ਸੈਨੇਟਾਈਜ਼ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਲੋਕ ਰੇਲ ਗੱਡੀਆਂ ਦੇ ਅੰਦਰ ਵੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕਰ ਰਹੇ ਹਨ।


shivani attri

Content Editor

Related News