ਕੁਦਰਤੀ ਰੂਪ ਨਾਲ ਪੈਦਾ ਹੋਇਆ ਹੈ ''ਕੋਰੋਨਾ'', ਨਹੀਂ ਹੋਇਆ ਕਿਸੇ ਲੈਬ ''ਚੋਂ ਤਿਆਰ
Tuesday, Mar 24, 2020 - 01:54 PM (IST)
ਜਲੰਧਰ (ਸੂਰਜ ਠਾਕੁਰ) — ਪੂਰੀ ਦੁਨੀਆ 'ਚ ਭਰ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਨਾਲ ਹੁਣ ਤੱਕ 16 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਪੰਜਾਬ 'ਚੋਂ ਵੀ ਕੋਰੋਨਾ ਵਾਇਰਸ ਦੇ ਹੁਣ ਤੱਕ 26 ਕੇਸ ਪਾਜ਼ੀਟਿਵ ਪਾਏ ਗਏ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਕਿਸੇ ਲੈਬ 'ਚੋਂ ਤਿਆਰ ਕੀਤਾ ਗਿਆ ਹੈ। ਹਾਲ ਹੀ 'ਚ ਇਕ ਸੋਧ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਾਇਰਸ ਕੁਦਰਤੀ ਰੂਪ ਨਾਲ ਪੈਦਾ ਹੋਇਆ ਹੈ। ਇਹ ਸੋਧ ਜਰਨਲ 'ਨੇਚਰ ਮੈਡੀਸਿਨ 'ਚ ਪ੍ਰਕਾਸ਼ਿਤ ਹੋਇਆ ਹੈ।
ਡਾਊਨ ਟੂ ਅਰਥ ਦੀ ਰਿਪੋਰਟ ਦੇ ਮੁਤਾਬਕ ਇਸ ਸੋਧ ਨਾਲ ਜੁੜੇ ਵਿਗਿਆਨੀ ਕ੍ਰਿਸਚੀਅਨ ਐਂਡਰਸਨ, ਜੋਕਿ ਸਕ੍ਰਿਪਟਸ ਰਿਸਰਚ 'ਚ ਇਮਿਊਨੋਲਾਜੀ ਅਤੇ ਮਾਈਕ੍ਰੋਬਾਓਲਾਜੀ ਦੇ ਐਸੋਸੀਏਟ ਪ੍ਰੋਫੈਸਰ ਵੀ ਹੈ, ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਕੋਵਿਡ-19 ਅਤੇ ਉਸ ਨਾਲ ਸਬੰਧਤ ਵਾਇਰਸ ਦੇ ਜੀਨੋਮ ਸਿਕਵੈਂਸਿੰਗ ਡਾਟਾ ਦੇ ਵਿਸ਼ਲੇਸ਼ਣ ਤੋਂ ਬਾਅਦ ਅਸੀਂ ਯਕੀਨੀ ਤੌਰ 'ਤੇ ਕਹਿ ਸਕਦੇ ਹਾਂ ਕਿ ਇਹ ਵਾਇਰਸ 'ਸਾਰਸ ਕੋਵ-2' ਨੂੰ ਨਕਲੀ ਢੰਗ ਨਾਲ ਨਹੀਂ ਬਣਾਇਆ ਹੈ। ਇਹ ਵਾਇਰਸ ਕੁਦਰਤੀ ਪ੍ਰੀਕਿਰਿਆਵਾਂ ਦੇ ਮੱਧ ਨਾਲ ਪੈਦਾ ਹੋਇਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਇਕ ਖਤਰਨਾਕ ਪਰਿਵਾਰ ਦਾ ਹਿੱਸਾ ਹੈ, ਜੋ ਕਿ ਵਿਆਪਕ ਤੌਰ 'ਤੇ ਫੈਲ ਸਕਦਾ ਹੈ ਅਤੇ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਇਸ ਨਾਲ ਜੁੜੀ ਪਹਿਲੀ ਮਹਾਮਾਰੀ 2003 'ਚ ਸਾਰਸ ਦੇ ਰੂਪ 'ਚ ਚੀਨ ਤੋਂ ਹੀ ਫੈਲੀ ਸੀ ਜਦਕਿ 2012 'ਚ ਦੂਜੀ ਵਾਰ ਸਾਊਦੀ ਅਰਬ ਤੋਂ ਮਿਡਲ ਈਸਟ ਰੈਸੀਪਰੇਟਰੀ ਸਿੰਡ੍ਰੋਮ ਦੇ ਰੂਪ 'ਚ ਇਸ ਗੰਭੀਰ ਬੀਮਾਰੀ ਦਾ ਪ੍ਰੋਕਪ ਸ਼ੁਰੂ ਹੋਇਆ ਸੀ। ਦੁਨੀਆ ਭਰ 'ਚ ਸੋਧ ਕਰਤਾ ਇਸ ਵਾਇਰਸ ਨਾਲ ਨਜਿੱਠਣ ਦਾ ਇਲਾਜ ਲੱਭ ਰਹੇ ਹਨ ਪਰ ਹੁਣ ਤੱਕ ਕਿਸੇ ਨੂੰ ਸਫਲਤਾ ਨਹੀਂ ਮਿਲੀ ਹੈ। ਅਜਿਹੇ 'ਚ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਇਸ ਵਾਇਰਸ ਤੋਂ ਬਚਾਉਣਾ ਹੀ ਇਸ ਵਾਇਰਸ ਨਾਲ ਨਜਿੱਠਣ ਦਾ ਇਕੋ ਤਰੀਕਾ ਹੈ।