ਹੁਸ਼ਿਆਰਪੁਰ ਦੇ ਕਿਸਾਨ ਨੇ ਕਾਰ ''ਚ ਖੋਲ੍ਹੀ ਸਬਜ਼ੀਆਂ ਦੀ ਹੱਟ, ਵਿਦੇਸ਼ਾਂ ''ਚ ਵੀ ਹੋਏ ਚਰਚੇ
Tuesday, May 26, 2020 - 06:17 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਥਾਣਾ ਟਾਂਡਾ ਸਾਹਮਣੇ ਪਿਛਲੇ ਕੁਝ ਦਿਨਾਂ ਤੋਂ ਕਾਰ 'ਚ ਨੌਜਵਾਨ ਕਿਸਾਨ ਹੱਟ ਬਣਾ ਕੇ ਸਬਜ਼ੀਆਂ ਵੇਚ ਰਿਹਾ ਹੈ। ਉਕਤ ਨੌਜਵਾਨ ਕਿਸਾਨ ਸੁਖਵਿੰਦਰ ਸਿੰਘ ਸੁੱਖਾ ਦਰੀਆ ਦੇਸ਼ ਵਿਦੇਸ਼ 'ਚ ਵੀ ਚਰਚਾ ਦਾ ਕੇਂਦਰ ਬਣ ਚੁੱਕਾ ਹੈ। ਬੀਤੇ ਦਿਨ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਕਿਸਾਨ ਹੱਟ 'ਤੇ ਪਹੁੰਚ ਕੇ ਨੌਜਵਾਨ ਕਿਸਾਨ ਦੀ ਹੌਸਲਾ-ਅਫਜ਼ਾਈ ਕੀਤੀ।
'ਜਗ ਬਾਣੀ' ਟੀ.ਵੀ. ਵੱਲੋਂ ਨੌਜਵਾਨ ਕਿਸਾਨ ਦੇ ਉੱਦਮ ਨੂੰ ਪ੍ਰਮੁੱਖਤਾ ਨਾਲ ਨਸ਼ਰ ਕਰਨ ਤੋਂ ਬਾਅਦ ਕਿਸਾਨ ਸੁੱਖਾ ਦਰੀਆ ਨੇ 'ਜਗ ਬਾਣੀ' ਟੀ. ਵੀ. ਅਤੇ ਹੌਸਲਾ ਅਫਜਾਈ ਕਰਨ ਆਏ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਕਿਸਾਨੀ ਦੇ ਕਿੱਤੇ ਨੂੰ ਲਾਹੇਵੰਦ ਬਣਾਉਣ ਲਈ ਨੌਜਵਾਨ ਕਿਸਾਨ ਵੱਲੋਂ ਸਬਜ਼ੀਆਂ ਦੀ ਕਾਸ਼ਤ ਕਰਕੇ ਖੁਦ ਹੀ ਮਾਰਕੀਟਿੰਗ ਕਰਨ ਦੇ ਸ਼ੁਰੂ ਕੀਤੇ ਇਸ ਉੱਦਮ ਦੀ ਸਲਾਘਾ ਕਰਦੇ ਹੋਰਨਾਂ ਕਿਸਾਨਾਂ ਅਤੇ ਨੌਜਵਾਨਾਂ ਨੂੰ ਪ੍ਰੇਰਨਾ ਲੈਣ ਲਈ ਕਿਹਾ। | ਜ਼ਿਕਰਯੋਗ ਹੈ ਅਕਸਰ ਕਿਸਾਨਾਂ ਸੰਬੰਧੀ ਕਿਸਾਨੀ ਦੀ ਦੁਰਦਸ਼ਾ ਅਤੇ ਕਰਜ਼ਿਆਂ ਦੀਆਂ ਖਬਰਾਂ ਆਮ ਤੌਰ 'ਤੇ ਹੀ ਸੁਣਨ ਨੂੰ ਮਿਲਦੀਆਂ ਹਨ ਅਤੇ ਜਦੋਂ ਕੋਈ ਵਿਰਲਾ ਕਿਸਾਨ ਆਪਣੇ ਕਿਸਾਨੀ ਧੰਦੇ ਨੂੰ ਮੁਨਾਫੇ ਵਾਲਾ ਬਣਾਉਣ ਦਾ ਕੋਈ ਵੀ ਵਿਸ਼ੇਸ਼ ਉੱਦਮ ਕਰਦਾ ਹੈ ਤਾਂ ਉਸ ਵੱਲ ਲੋਕਾਂ ਪ੍ਰਤੀ ਆਕਰਸ਼ਣ ਦਾ ਕੇਂਦਰ ਬਣਨਾ ਸੁਭਾਵਿਕ ਹੁੰਦਾ ਹੈ।
ਆਮ ਧਾਰਨਾ ਅਤੇ ਵਰਤਾਰਾ ਬਣ ਚੁੱਕਾ ਹੈ ਕਿ ਪੰਜਾਬ ਦੇ ਸਾਰੇ ਛੋਟੇ ਮੋਟੇ ਕੱਮ ਧੰਦੇ ਪਰਵਾਸੀ ਮਜ਼ਦੂਰਾਂ ਨੇ ਸਾਂਭ ਲਏ ਹਨ ਅਤੇ ਪੰਜਾਬੀ ਨੌਜਵਾਨ ਵਿਦੇਸ਼ ਵੱਲ ਰੁੱਖ ਕਰ ਬੈਠਾ ਹੈ। ਨੌਜਵਾਨ ਪੀੜ੍ਹੀ ਕਿਰਤ ਤੋਂ ਦੂਰ ਹੁੰਦੀ ਜਾ ਰਹੀ ਹੈ। ਇਨ੍ਹਾਂ ਹਲਾਤਾਂ ਵਿੱਚ ਟਾਂਡਾ ਦੇ ਪਿੰਡ ਦਰੀਆਂ ਦੇ ਨੌਜਵਾਨ ਕਿਸਾਨ ਸੁਖਵਿੰਦਰ ਸਿੰਘ ਸੁੱਖਾ ਦਰੀਆ ਨੇ ਆਪਣੀਆਂ ਕਾਸ਼ਤ ਕੀਤੀਆ ਸਬਜ਼ੀਆਂ ਦੇ ਮੰਡੀਆਂ 'ਚ ਘੱਟ ਰੇਟ ਮਿਲਣ 'ਤੇ ਰੁਲਣ ਦੇ ਵਰਤਾਰੇ ਤੋਂ ਦੁਖੀ ਹੋ ਕੇ ਆਪਣੀਆਂ ਉਗਾਈਆਂ ਸਬਜ਼ੀਆਂ ਨੂੰ ਖੁਦ ਵੇਚਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਉਸਦੀ ਇਸ ਮੁਹਿੰਮ 'ਚ ਹੋਰ ਕਿਸਾਨ ਵੀ ਉਸ ਦੇ ਨਾਲ ਆਉਣ ਲੱਗੇ ਹਨ।
ਉਸ ਨੇ ਕਿਹਾ ਕਿ ਉਸ ਨੂੰ ਵੱਡਾ ਹੁੰਗਾਰਾ ਮਿਲਿਆ ਹੈ ਅਤੇ ਉਸ ਨੂੰ ਦੇਸ਼-ਵਿਦੇਸ਼ ਤੋਂ ਸ਼ਾਬਾਸ਼ੀ ਦੇ ਫੋਨ ਆ ਰਹੇ ਹਨ। ਉਹ ਆਪਣਾ ਦਾਇਰਾ ਹੋਰ ਵੱਡਾ ਕਰੇਗਾ। ਉਸ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਔਖੀ ਘੜੀ 'ਚ ਪੰਜਾਬ 'ਚ ਕਈ ਛੋਟੇ ਵੱਡੇ ਕੰਮ ਧੰਦੇ ਕਰਨ ਵਾਲੇ ਮਿਹਨਤੀ ਕਿਰਤੀ ਪਰਵਾਸੀ ਮਜ਼ਦੂਰ ਆਪਣੇ ਆਪਣੇ ਪ੍ਰਦੇਸ਼ਾਂ 'ਚ ਵਾਪਸ ਗਏ ਹਨ। ਇਸ ਦੌਰ 'ਚ ਉਸ ਨੇ ਆਪਣੇ ਇਲਾਕੇ 'ਚ ਕਈ ਪੰਜਾਬੀ ਨੌਜਵਾਨਾਂ ਨੂੰ ਸਬਜ਼ੀ, ਫਲ ਵੇਚਣ ਅਤੇ ਹੋਰ ਕੰਮ ਧੰਦੇ ਕਰਦੇ ਵੇਖਿਆ ਹੈ, ਜੋ ਸਕੂਨ ਦੇਣ ਵਾਲਾ ਵਰਤਾਰਾ ਹੈ। ਉਸ ਨੇ ਪੰਜਾਬੀ ਨੌਜਵਾਨਾਂ ਨੂੰ ਕਿਰਤ ਵੱਲ ਮੋੜਾ ਪਾਉਣ ਲਈ ਅੱਗੇ ਆਉਣ ਦਾ ਹੋਕਾ ਦਿੱਤਾ ਹੈ।