ਗੜ੍ਹਸ਼ੰਕਰ 'ਚ ਫਸੇ 75 ਸਾਲਾ ਸਾਧੂ ਨੇ ਸਰਕਾਰ ਤੋਂ ਕੀਤੀ ਇਹ ਫਰਿਆਦ
Monday, Apr 27, 2020 - 12:47 PM (IST)
ਗੜ੍ਹਸ਼ੰਕਰ (ਸ਼ੋਰੀ)— ਪੰਜਾਬ 'ਚ ਕਰਫਿਊ ਕਾਰਨ ਕਾਫੀ ਲੋਕ ਆਪਣੇ ਘਰਾਂ ਤੋਂ ਬਾਹਰ ਫਸੇ ਸਨ। ਕੋਈ ਨਾ ਕੋਈ ਸਾਧਨ ਪੈਦਾ ਕਰਕੇ ਜ਼ਿਆਦਾਤਰ ਲੋਕ ਆਪਣੇ ਟਿਕਾਣਿਆਂ 'ਤੇ ਪਹੁੰਚ ਗਏ ਸਨ ਪਰ ਇਸ ਸਭ ਦੇ ਵਿਚਕਾਰ ਕੁਝ ਲੋਕ ਅੱਜ ਵੀ ਆਪਣੇ ਘਰਾਂ ਤੋਂ ਬਾਹਰ ਫਸੇ ਹੋਏ ਹਨ। ਅਜਿਹੀ ਹੀ ਕੁਝ ਦਾਸਤਾਨ ਹੈ ਨਾਥ ਸਾਧੂ ਜੈਨਾਥ ਉਰਫ ਕੁਲਭੂਸ਼ਣ ਦੀ। ਅੱਜਕਲ੍ਹ ਬੀਤ ਇਲਾਕੇ ਦੇ ਪਿੰਡ ਬਾਰਾਪੁਰ 'ਚ ਰਹਿ ਰਹੇ ਸਾਧੂ ਜੈਨਾਥ ਨੇ ਦੱਸਿਆ ਕਿ ਉਸ ਨੇ ਆਪਣੀ ਕੁਟੀਆ ਗੜ੍ਹਦੀਵਾਲਾ ਦੇ ਪਿੰਡ ਸਰਹਾਲਾ 'ਚ ਬਣਾਈ ਹੋਈ ਹੈ। ਕਰਫਿਊ ਤੋਂ ਪਹਿਲਾਂ ਉਹ ਗੜ੍ਹਸ਼ੰਕਰ ਦੇ ਪਿੰਡ ਸ਼ਾਹਪੁਰ ਆਇਆ ਸੀ ਅਤੇ ਕਰਫਿਊ ਕਾਰਨ ਸ਼ਾਹਪੁਰ 'ਚ ਹੀ ਫਸ ਗਿਆ। ਕਲਭੂਸ਼ਣ ਅਨੁਸਾਰ ਉਸ ਨੇ ਗੜ੍ਹਦੀਵਾਲਾ ਵਾਪਸ ਜਾਣ ਲਈ ਗੜ੍ਹਸ਼ੰਕਰ ਦੇ ਪ੍ਰਸ਼ਾਸਨ ਤੋਂ ਇਜਾਜ਼ਤ ਮੰਗੀ ਸੀ। ਪ੍ਰਸ਼ਾਸਨ ਨੇ ਉਸ ਨੂੰ ਇਜਾਜ਼ਤ ਤਾਂ ਦਿੱਤੀ ਪਰ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦਾ ਕੋਈ ਸਾਧਨ ਉਪਲੱਬਧ ਨਾ ਕਰਵਾਉਣ ਦੀ ਗੱਲ ਆਖੀ ਸੀ।
ਸਾਧੂ ਜੈਨਾਥ ਨੇ ਦੱਸਿਆ ਕਿ ਉਸ ਦੇ ਕੋਲ ਗੜ੍ਹਦੀਵਾਲਾ ਜਾਣ ਲਈ ਕੋਈ ਸਾਧਨ ਨਹੀਂ ਸੀ ਅਤੇ ਉਸ ਨੂੰ ਫੱਸਿਆ ਹੋਇਆ ਦੇਖ ਕੇ ਇਕ ਸ਼ਰਧਾਲੂ ਉਸ ਨੂੰ ਸ਼ਾਹਪੁਰ ਤੋਂ ਪਿੰਡ ਬਾਰਾਪੁਰ ਲੈ ਗਿਆ, ਉਸ ਦਿਨ ਤੋਂ ਅੱਜ ਤੱਕ ਉਸ ਦੇ ਖਾਣ ਪੀਣ ਦਾ ਪ੍ਰਬੰਧ ਉਸੇ ਸ਼ਰਧਾਲੂ ਵੱਲੋਂ ਕੀਤਾ ਜਾ ਰਿਹਾ ਹੈ। ਸਾਧੂ ਨੂੰ ਦੱਸਿਆ ਕਿ ਉਸ ਦੀ ਉਮਰ 75 ਸਾਲ ਹੈ ਅਤੇ ਉਹ ਜਲਦ ਤੋਂ ਜਲਦ ਗੜ੍ਹਦੀਵਾਲਾ ਆਪਣੀ ਕੁਟੀਆ ਵਾਪਸ ਜਾਣਾ ਚਾਹੁੰਦਾ ਹੈ।
ਉਸ ਨੇ ਦੱਸਿਆ ਕਿ ਉਸ ਦੀ ਸਰੀਰਕ ਹਾਲਤ ਜ਼ਿਆਦਾ ਠੀਕ ਨਹੀਂ ਹੈ ਅਤੇ ਪਿੰਡ ਬਾਰਾਪੁਰ ਤੋਂ ਗੜ੍ਹਦੀਵਾਲਾ ਦੇ 70 ਕਿਲੋਮੀਟਰ ਦੇ ਸਫਰ ਨੂੰ ਪੈਦਲ ਤੈਅ ਨਹੀਂ ਕਰ ਸਕਦਾ। ਜੈਨਾਥ ਨੇ ਸਥਾਨਕ ਪ੍ਰਸ਼ਾਸਨ, ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕੀ ਉਸ ਨੂੰ ਸੁਰੱਖਿਅਤ ਸਾਧਨ ਉਪਲੱਬਧ ਕਰਵਾ ਕੇ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਕੁਟੀਆ ਗੜ੍ਹਦੀਵਾਲਾ ਪਹੁੰਚ ਸਕੇ। ਪਿਛਲੇ ਦਿਨਾਂ 'ਚ ਸਾਧੂਆਂ 'ਤੇ ਹੋਏ ਹਮਲਿਆਂ ਨੂੰ ਲੈ ਕੇ ਜੈਨਾਥ ਕਾਫੀ ਚਿੰਤਤ ਅਤੇ ਭੈਅਭੀਤ ਵੀ ਨਜ਼ਰ ਆ ਰਿਹਾ ਹੈ ।