ਹੁਸ਼ਿਆਰਪੁਰ 'ਚ 'ਕੋਰੋਨਾ' ਕਾਰਨ ਚੌਥੀ ਮੌਤ, ਮਰਨ ਤੋਂ ਬਾਅਦ ਵਿਅਕਤੀ ਦੀ ਰਿਪੋਰਟ ਆਈ ਪਾਜ਼ੇਟਿਵ
Sunday, May 10, 2020 - 10:00 AM (IST)
ਹੁਸ਼ਿਆਰਪੁਰ (ਘੁੰਮਣ, ਅਮਰੀਕ)— ਹੁਸ਼ਿਆਰਪੁਰ ਜ਼ਿਲੇ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 4 ਤੱਕ ਪਹੁੰਚ ਗਈ ਹੈ। ਦਰਅਸਲ ਇਕ ਹੋਰ ਕੋਰੋਨਾ ਵਾਇਰਸ ਦੇ ਮਰੀਜ਼ ਦੀ ਪੁਸ਼ਟੀ ਹੋਈ ਸੀ, ਜਿਸ ਦੀ 7 ਮਈ ਨੂੰ ਪੀ. ਜੀ. ਆਈ. ਚੰਡੀਗੜ੍ਹ 'ਚ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਉਸ ਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ। ਇਥੇ ਜ਼ਿਕਰਯੋਗ ਕਿ ਜ਼ਿਲਾ ਹੁਸ਼ਿਆਰਪੁਰ ਦੇ ਤਲਵਾੜਾ ਦਾ ਰਹਿਣ ਵਾਲਾ ਓਮਕਾਰ (62) ਸਿੰਘ ਦੇ ਸਿਰ 'ਚ ਗੰਭੀਰ ਸੱੱਟ ਲੱਗੀ ਸੀ ਅਤੇ ਇਸ ਦੇ ਇਲਾਵਾ ਉਸ ਨੂੰ ਸਾਹ ਲੈਣ 'ਚ ਵੀ ਮੁਸ਼ਕਿਲ ਆ ਰਹੀ ਸੀ। 5 ਮਈ ਨੂੰ ਓਮਕਾਰ ਸਿੰਘ ਨੂੰ ਪੀ. ਜੀ. ਆਈ. ਲਿਜਾਇਆ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ ’ਚ ‘ਕੋਰੋਨਾ’ ਨੇ ਮਚਾਈ ਤੜਥੱਲੀ, ਇਕੋ ਦਿਨ 12 ਪਾਜ਼ੇਟਿਵ ਕੇਸ ਆਏ ਸਾਹਮਣੇ
ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਓਮਕਾਰ ਦੀ 7 ਮਈ ਨੂੰ ਪੀ. ਜੀ. ਆਈ. 'ਚ ਮੌਤ ਹੋ ਗਈ ਸੀ। ਕੋਰੋਨਾ ਦੀ ਜਾਂਚ ਲਈ ਇਹਤਿਆਤ ਵਜੋਂ ਉਸ ਦੇ ਸੈਂਪਲ ਲÎਏ ਗਏ ਸਨ, ਜਿਸ ਦੀ ਰਿਪੋਰਟ ਸ਼ਨੀਵਾਰ ਨੂੰ ਪਾਜ਼ੇਟਿਵ ਪਾਈ ਗਈ। ਉਨ੍ਹਾਂ ਦੱਸਿਆ ਕਿ ਉਕਤ ਮਰੀਜ਼ ਦੀ ਮੌਤ ਤੋਂ ਬਾਅਦ ਹੁਣ ਜ਼ਿਲੇ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ। ਇਥੇ ਇਹ ਵੀ ਦੱਸ ਦੇਈਏ ਕਿ ਇਸ ਪਾਜ਼ੇਟਿਵ ਕੇਸ ਨੂੰ ਪਾ ਕੇ ਹੁਣ ਤੱਕ ਜ਼ਿਲੇ 'ਚੋਂ ਕੁੱਲ 91 ਕੇਸ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 4 ਦੀ ਮੌਤ ਹੋ ਚੁੱਕੀ ਹੈ।