ਹੁਸ਼ਿਆਰਪੁਰ: ਕੋਰੋਨਾ ਕਰਕੇ ਮਰੇ ਹਰਭਜਨ ਸਿੰਘ ਦੀ ਪਤਨੀ ਨੇ ਜਿੱਤੀ ਕੋਰੋਨਾ 'ਤੇ ਜੰਗ
Saturday, Apr 18, 2020 - 02:54 PM (IST)
ਹੁਸ਼ਿਆਰਪੁਰ (ਘੁੰਮਣ)— ਕੋਰੋਨਾ ਵਾਇਰਸ ਤੋਂ ਪੀੜਤ ਜਾਨ ਗਵਾਉਣ ਵਾਲੇ ਪਿੰਡ ਮੋਰਾਂਵਾਲੀ ਦੇ ਹਰਭਜਨ ਸਿੰਘ ਦੀ ਧਰਮ ਪਤਨੀ ਪਰਮਜੀਤ ਕੌਰ ਨੇ ਵੀ ਕੋਰੋਨਾ 'ਤੇ ਜਿੱਤ ਹਾਸਲ ਕਰ ਲਈ ਹੈ। ਉਸ ਨੂੰ ਬੀਤੇ ਦਿਨ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਸਿਹਤ ਵਿਭਾਗ ਨੇ ਫੁੱਲ ਸੌਂਪ ਕੇ ਰਵਾਨਾ ਕੀਤਾ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਉਜਵੱਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਪਰਿਵਾਰ ਨਾਲ ਹਰ ਵੇਲੇ ਖੜ੍ਹਾ ਹੈ ਅਤੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਉੱਚ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੀ ਇਕ ਨਿੱਜੀ ਯੂਨੀਵਰਸਿਟੀ ਨੂੰ ਨੋਟਿਸ ਜਾਰੀ
ਉਨ੍ਹਾਂ ਕਿਹਾ ਕਿ ਹਰਭਜਨ ਸਿੰਘ ਦਾ ਪੁੱਤਰ ਗੁਰਪ੍ਰੀਤ ਸਿੰਘ ਵੀ ਠੀਕ ਹੋ ਚੁੱਕਾ ਹੈ, ਜਿਸ ਨੂੰ ਬੀਤੇ ਦਿਨ ਘਰ ਭੇਜ ਦਿੱਤਾ ਗਿਆ ਹੈ। ਪਰਮਜੀਤ ਕੌਰ ਨੂੰ ਜਿੱਥੇ ਬਿਮਾਰੀ ਤੋਂ ਮੁਕਤ ਹੋਣ ਦੀ ਖੁਸ਼ੀ ਸੀ, ਉਥੇ ਪਤੀ ਨੂੰ ਗਵਾਉਣ 'ਤੇ ਆਖਰੀ ਪਲਾਂ 'ਚ ਦਰਸ਼ਨ ਨਾ ਕਰ ਪਾਉਣ ਦਾ ਦੁੱਖ ਇਸ ਕਦਰ ਹਾਵੀ ਹੋ ਗਿਆ ਕਿ ਉਹ ਆਪਣੀਆਂ ਅੱਖਾਂ 'ਚੋਂ ਹੰਝੂ ਨਾ ਰੋਕ ਸਕੀ। ਪਰਮਜੀਤ ਕੌਰ ਨੇ ਆਪਣੇ ਜੀਵਨ ਸਾਥੀ ਦੇ ਆਖਰੀ ਪਲਾਂ 'ਚ ਸਾਥ ਨਾ ਦੇਣ ਦਾ ਦੁੱਖ ਜ਼ਾਹਰ ਕੀਤਾ। ਇਸ ਤੋਂ ਇਲਾਵਾ ਸਿਹਤ ਮਹਿਕਮੇ ਦਾ ਧੰਨਵਾਦ ਵੀ ਕੀਤਾ ਕਿ ਚੰਗੀ ਦੇਖ-ਭਾਲ ਅਤੇ ਇਲਾਜ ਨਾਲ ਉਹ ਠੀਕ ਹੋ ਚੁੱਕੀ ਹੈ ਅਤੇ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਕੋਵਿਡ-19 ਦੀ ਨਾਮੁਰਾਦ ਬੀਮਾਰੀ ਤੋਂ ਵੀ ਛੁਟਕਾਰਾ ਮਿਲ ਚੁੱਕਾ ਹੈ ।
ਇਹ ਵੀ ਪੜ੍ਹੋ: ਕੋਰੋਨਾ : ਪੰਜਾਬ ਦੇ 30,567 ਪੁਲਸ ਜਵਾਨਾਂ ਦਾ ਹੋਇਆ ਚੈੱਕਅਪ, ਜਾਪਾਨੀ ਮਸ਼ੀਨਾਂ ਨਾਲ ਸੈਨੇਟਾਈਜ਼ ਹੋ ਰਹੇ 'ਨਾਕੇ'
ਪਤੀ ਦੇ ਆਖਰੀ ਪਲਾਂ ਦੌਰਾਨ ਉਨ੍ਹਾਂ ਨਾਲ ਨਾ ਹੋਣ ਦਾ ਬੇਹੱਦ ਦੁੱਖ
ਪਰਮਜੀਤ ਕੌਰ ਨੇ ਦੱਸਿਆ ਕਿ ਸਿਹਤ ਮਹਿਕਮੇ ਵੱਲੋਂ ਉਨ੍ਹਾਂ ਨੂੰ ਵਧੀਆ ਸਿਹਤ ਸਹੂਲਤਾਂ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਾਡੇ ਸੈਂਪਲ 24 ਮਾਰਚ ਨੂੰ ਲਏ ਗਏ ਸਨ ਅਤੇ 26 ਨੂੰ ਪੀਜ਼ੀਟਿਵ ਰਿਪੋਰਟ ਆਈ ਸੀ । ਹੁਣ ਤਿੰਨ ਵਾਰ ਨੈਗੇਟਿਵ ਰਿਪੋਰਟ ਆਉਣ 'ਤੇ ਛੁੱਟੀ ਮਿਲ ਗਈ ਹੈ। ਮੈਨੂੰ ਖੁਸ਼ੀ ਵੀ ਹੈ ਕਿ ਮੈਂ ਠੀਕ ਹੋ ਕਿ ਆਪਣੇ ਘਰ ਜਾ ਰਹੀ ਹਾਂ ਪਰ ਉਥੇ ਇਸ ਗੱਲ ਦਾ ਗਮ ਵੀ ਹੈ ਕਿ ਮੈਂ ਆਪਣੇ ਪਤੀ ਨਾਲ ਆਖਰੀ ਪਲਾਂ ਦੌਰਾਨ ਉਨ੍ਹਾਂ ਦੇ ਨਾਲ ਨਹੀਂ ਸੀ ।
ਇਹ ਵੀ ਪੜ੍ਹੋ: ਜਲੰਧਰ: ਕਰਫਿਊ 'ਚ ਕੀਤਾ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਚਰਚਾ ਦਾ ਵਿਸ਼ਾ
ਸੀਨੀਅਰ ਮੈਡੀਕਲ ਅਫਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ਦੇ ਪਰਿਵਾਰ ਦੇ ਸਾਡੇ ਕੋਲ ਹੋਰ ਦੋ ਮੈਂਬਰ ਹੋਰ ਹਨ। ਇਕ ਇਨ੍ਹਾਂ ਦੀ ਨੂੰਹ ਅਤੇ ਦੂਜੀ ਇਨ੍ਹਾਂ ਦੀ ਭਰਜਾਈ ਹੈ ਅਤੇ ਉਨ੍ਹਾਂ ਦੇ ਟੈਸਟ ਲੈਬ ਨੂੰ ਭੇਜੇ ਹੋਏ ਹਨ ਅਤੇ ਨੈਗੇਟਿਵ ਆਉਣ 'ਤੇ ਜਲਦੀ ਹੀ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਨਮਿਤਾ ਘਈ , ਨੋਡਲ ਅਫਸਰ ਡਾ. ਸ਼ੈਲੇਸ਼ ਕੁਮਾਰ ਵੀ ਹਾਜ਼ਰ ਸਨ ।
ਇਹ ਵੀ ਪੜ੍ਹੋ: ਜਲੰਧਰ ਦੇ ਮਨਦੀਪ ਚਿੱਟੀ ਦੀ ਇੰਗਲੈਂਡ 'ਚ ਕੋਰੋਨਾ ਵਾਇਰਸ ਕਾਰਣ ਮੌਤ
ਉਧਰ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਦੋ ਪੀਜ਼ੀਟਿਵ ਮਰੀਜ਼ ਹੁਣ ਹੁਸ਼ਿਆਰਪੁਰ ਸਿਵਲ ਹਸਪਤਾਲ ਤੋਂ ਠੀਕ ਹੋ ਚੁੱਕੇ ਹਨ, ਜਿਸ ਸਦਕਾ ਅੰਮ੍ਰਿਤਸਰ ਤੋਂ ਠੀਕ ਹੋਣ ਵਾਲੇ ਮਰੀਜ਼ ਗੁਰਦੀਪ ਸਿੰਘ ਖਨੂਰ ਸਮੇਤ ਹੁਣ ਤੱਕ 3 ਮਰੀਜ਼ ਕੋਰੋਨਾ ਵਾਇਰਸ ਮੁਕਤ ਹੋ ਚੁੱਕੇ ਹਨ। ਉਨ੍ਹਾਂ ਤਾਜ਼ਾ ਰਿਪੋਰਟ ਬਾਰੇ ਦੱਸਿਆ ਕਿ ਹੁਣ ਤੱਕ ਸ਼ੱਕੀ ਮਰੀਜ਼ਾਂ ਦੇ ਕੁੱਲ 315 ਸੈਂਪਲ ਲਏ ਸਨ, ਜਿਨ੍ਹਾਂ 'ਚੋਂ 295 ਨੈਗੇਟਿਵ ਆ ਚੁੱਕੇ ਹਨ ਅਤੇ 14 ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਪੀਜ਼ੀਟਿਵ ਆਏ 7 ਮਰੀਜ਼ਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ, ਦੋ ਠੀਕ ਹੋ ਚੁੱਕੇ ਹਨ ਅਤੇ ਦੋ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹਨ ਅਤੇ ਇਕ ਮਰੀਜ਼ ਅੰਮ੍ਰਿਤਸਰ ਰੈਫਰ ਹੈ।