ਕੈਪਟਨ ਤੇ ਮੋਦੀ ਦੀ ਪੇਂਟਿੰਗ ਬਣਾ ਕੇ ਇਸ ਲੜਕੀ ਨੇ ਕੋਰੋਨਾ ਤੋਂ ਬਚਣ ਲਈ ਦਿੱਤਾ ਵੱਖਰਾ ਸੰਦੇਸ਼ (ਵੀਡੀਓ)
Wednesday, Apr 22, 2020 - 10:37 AM (IST)
ਫਾਜ਼ਿਲਕਾ (ਸੁਨੀਲ)— ਫਾਜ਼ਿਲਕਾ 'ਚ ਆਰਟਿਸਟ ਉਸ਼ਾ ਰਾਣੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੇਂਟਿੰਗ ਬਣਾ ਕੇ ਕੋਰੋਨਾ ਤੋਂ ਬਚਣ ਦਾ ਵਧੀਆ ਸੰਦੇਸ਼ ਦਿੱਤਾ ਹੈ। ਉਸ਼ਾ ਰਾਣੀ ਦੀ ਬਣਾਈ ਹੋਈ ਪੇਂਟਿੰਗ ਨੂੰ ਦੇਖ ਕੇ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਊਸ਼ਾ ਰਾਣੀ ਦੀ ਤਸਵੀਰ ਅਪਲੋਡ ਕਰਕੇ ਉਸ ਦਾ ਉਤਸ਼ਾਹ ਵਧਾਇਆ ਹੈ, ਜਿਸ ਨੂੰ ਲੈ ਕੇ ਪਰਿਵਾਰ 'ਚ ਖੁਸ਼ੀਆਂ ਦਾ ਮਾਹੌਲ ਹੈ।
ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਨੂੰ ਲੈ ਕੇ ਜੰਗ ਲੜੀ ਜਾ ਰਹੀ ਹੈ। ਸਰਕਾਰ ਆਪਣੇ ਪੱਧਰ 'ਤੇ ਵਧੀਆ ਕੋਸ਼ਿਸ਼ ਕਰਨ 'ਚ ਲੱਗੀ ਹੈ। ਅਜਿਹੇ 'ਚ ਅਬੋਹਰ ਨੇੜਲੇ ਪਿੰਡ ਬਹਾਵਵਾਲਾ ਵਾਸੀ ਬੀ. ਏ. ਤੀਜੇ ਸਾਲ ਦੀ ਵਿਦਿਆਰਥਣ ਊਸ਼ਾ ਰਾਣੀ ਵੱਲੋਂ ਕੋਰੋਨਾ ਵਾਇਰਸ ਜਾਗਰੂਕਤਾ ਸਲੋਗਨ ਦੇ ਨਾਲ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਪੇਂਟਿੰਗ ਬਣਾਈ ਗਈ ਹੈ।
ਪੇਂਟਿੰਗ ਨੂੰ ਦੇਖ ਕੈਪਟਨ ਹੋਏ ਖੁਸ਼, ਕੀਤਾ ਇਹ ਟਵੀਟ
ਕੈਪਟਨ ਅਮਰਿੰਦਰ ਸਿੰਘ ਨੇ ਊਸ਼ਾ ਦੀ ਤਸਵੀਰ ਟਵਿੱਟਰ 'ਤੇ ਅਪਲੋਡ ਕਰਨ ਦੇ ਨਾਲ ਫੇਸਬੁੱਕ ਅਕਾਊਂਟ ਪੇਜ 'ਤੇ ਅਪਲੋਡ ਕਰਦੇ ਹੋਏ ਉਸ ਦਾ ਧੰਨਵਾਦ ਕੀਤਾ ਹੈ। ਕੈਪਟਨ ਨੇ ਫੇਸਬੁੱਕ ਪੇਜ਼ 'ਤੇ ਲਿਖਿਆ ਹੈ ਕਿ ਕੋਵਿਡ-19 ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਫਾਜ਼ਿਲਕਾ ਦੀ 21 ਸਾਲਾ ਲੜਕੀ ਉਸ਼ਾ ਰਾਣੀ ਨੇ ਇਹ ਪੇਂਟਿੰਗ ਬਣਾਈ ਅਤੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਮਿਲ ਕੇ ਹਦਾਇਤਾਂ ਦਾ ਪਾਲਣ ਕਰਕੇ ਹੀ ਕੋਰੋਨਾ ਨੂੰ ਭਜਾਇਆ ਜਾ ਸਕਦਾ ਹੈ। ਮੈਂ ਇਸ ਪਿਆਰੀ ਬੱਚੀ ਉਸ਼ਾ ਦਾ ਧੰਨਵਾਦ ਕਰਦਾ ਹਾਂ ਅਤੇ ਇਸ ਦੀ ਕਲਾ ਲਈ ਸ਼ਾਬਾਸ਼ੀ ਦਿੰਦਾ ਹਾਂ। ਇਕ ਪਾਸੇ ਜਿੱਥੇ ਮੁੱਖ ਮੰਤਰੀ ਵੱਲੋਂ ਉਸ਼ਾ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਤੋਂ ਬਾਅਦ ਉਸ਼ਾ ਰਾਣੀ ਦਾ ਉਤਸ਼ਾਹ ਵਧਿਆ ਹੈ, ਉਥੇ ਹੀ ਪਰਿਵਾਰ 'ਚ ਖੁਸ਼ੀਆਂ ਦਾ ਮਾਹੌਲ ਹੈ।
ਬਚਪਨ ਤੋਂ ਸੀ ਪੇਂਟਿੰਗ ਬਣਾਉਣ ਦਾ ਸ਼ੌਕ
ਊਸ਼ਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਬਚਪਨ ਤੋਂ ਹੀ ਪੇਂਟਿੰਗ ਬਣਾਉਣ ਦਾ ਸ਼ੌਕ ਸੀ। ਉਨ੍ਹਾਂ ਦੱਸਿਆ ਕਿ ਬੇਟੀ ਸਾਨੂੰ ਇਹੀ ਕਹਿੰਦੀ ਸੀ ਕਿ ਉਸ ਨੇ ਪੇਂਟਿੰਗ ਹੀ ਸਿੱਖਣੀ ਹੈ ਅਤੇ ਫਿਰ ਮੈਂ ਕਿਹਾ ਕਿ ਜੋ ਵੀ ਕਰਨਾ ਹੈ ਬੇਟਾ ਤੁਸੀਂ ਕਰ ਲਵੋ। ਉਸ ਨੇ ਅੱਗੇ ਵੱਧਦੇ ਹੋਏ ਕਈ ਪੇਂਟਿੰਗਾਂ ਬਣਾਈਆਂ। ਆਰਟਿਸਟ 'ਚ ਮਾਹਿਰ ਹੋ ਚੁੱਕੀ ਊਸ਼ਾ ਰਾਣੀ ਹੁਣ 4 ਮਿੰਟਾਂ 'ਚ ਕਿਸੇ ਦੀ ਵੀ ਪੇਂਟਿੰਗ ਬਣਾ ਲੈਂਦੀ ਹੈ।