ਕੋਰੋਨਾ ਵਾਇਰਸ : ਸੈਨੇਟਾਈਜ਼ਰ ਅਤੇ ਸਰਜੀਕਲ ਮਾਸਕਾਂ ਦੀ ਮੰਗ ਵਧੀ
Monday, Mar 09, 2020 - 05:02 PM (IST)
ਕੁਰਾਲੀ (ਬਠਲਾ) : ਕੋਰੋਨਾ ਵਾਇਰਸ ਨਾਲ ਜਿਥੇ ਦੇਸ਼ ਦੁਨੀਆ 'ਚ ਹਾਹਾਕਾਰ ਮਚੀ ਹੋਈ ਹੈ, ਉਥੇ ਹੀ ਸਰਕਾਰਾਂ ਵਲੋਂ ਇਸ ਬੀਮਾਰੀ ਨਾਲ ਨਜਿੱਠਣ ਲਈ ਪੂਰੀ ਚੌਕਸੀ ਦਿਖਾਈ ਜਾ ਰਹੀ ਹੈ। ਦੇਸ਼ ਦੇ ਹਰ ਇਕ ਏਅਰਪੋਰਟ ਉੱਤੇ ਹਾਈ ਅਲਰਟ ਜਾਰੀ ਕੀਤੇ ਗਏ ਹਨ ਅਤੇ ਵਿਦੇਸ਼ ਤੋਂ ਆਉਣ ਵਾਲੇ ਹਰ ਇਕ ਯਾਤਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ। ਜਿਥੇ ਸਰਕਾਰ ਜਾਂ ਸਿਹਤ ਮਹਿਕਮੇ ਵਲੋਂ ਲੋਕਾਂ ਨੂੰ ਅਹਿਤਿਆਦ ਵਰਤਣ ਲਈ ਸੁਝਾਅ ਦਿੱਤੇ ਜਾ ਰਹੇ, ਉਥੇ ਹੀ ਸਥਿਤੀ ਵੀ ਕੁਝ ਉਲਟ ਨਜ਼ਰ ਆ ਰਹੀ ਹੈ। ਸਹਿਤ ਵਿਭਾਗ ਵੱਲੋਂ ਜਾਰੀ ਕੋਰੋਨਾ ਵਾਇਰਸ ਦੇ ਬਚਾਅ ਲਈ ਸਰਜੀਕਲ ਮਾਸਕ ਪਹਿਨਣ ਅਤੇ ਹੋਰ ਜ਼ਰੂਰੀ ਲੋੜੀਂਦੇ ਉਪਕਰਨਾਂ ਦੀ ਵਰਤੋਂ ਕਰਨ ਲਈ ਸੁਝਾਅ ਦਿੱਤੇ ਜਾ ਰਹੇ। ਇਨ੍ਹਾਂ ਉਪਕਰਣਾਂ ਦੇ ਮੈਡੀਕਲ ਸਟੋਰਾਂ 'ਤੇ ਨਾ ਉਪਲਬਧ ਹੋਣ ਕਾਰਨ ਲੋਕਾਂ 'ਚ ਬੇਚੈਨੀ ਪਾਈ ਜਾ ਰਹੀ ਹੈ। ਜ਼ਿਆਦਾਤਰ ਮੈਡੀਕਲ ਸਟੋਰਾਂ 'ਤੇ ਸੈਨੇਟਾਈਜ਼ਰ ਅਤੇ ਸਰਜੀਕਲ ਮਾਸਕ ਹੀ ਉਪਲਬਧ ਨਹੀਂ ਹਨ।
ਜ਼ਿਆਦਾਤਰ ਮੈਡੀਕਲ ਸਟੋਰਾਂ 'ਤੇ ਗਾਹਕ ਮਾਸਕ ਅਤੇ ਸੈਨੇਟਾਈਜ਼ਰਾਂ ਦੀ ਮੰਗ ਕਰਦੇ ਨਜ਼ਰ ਆਏ। ਮਾਰਕੀਟ ਵਿਚ ਸਰਜੀਕਲ ਮਾਸਕ ਸਮੇਤ ਸੈਨੇਟਾਈਜ਼ਰ ਦੀ ਡਿਮਾਂਡ ਬਹੁਤ ਵਧ ਗਈ ਹੈ ਅਤੇ ਉਨ੍ਹਾਂ ਨੂੰ ਰੋਜ਼ਾਨਾ ਸਾਮਾਨ ਨਾ ਹੋਣ ਦੀ ਸੂਰਤ ਵਿਚ 70 ਤੋਂ 80 ਦੇ ਕਰੀਬ ਗਾਹਕ ਮੋੜਨੇ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਜਿਸ ਸਰਜੀਕਲ ਮਾਸਕ ਦੀ ਕੀਮਤ 10-15 ਰੁਪਏ ਵਿਚ ਹੋਣੀ ਚਾਹੀਦੀ ਹੈ, ਉਸ ਦੀ ਕੀਮਤ ਮੈਡੀਕਲ ਸਟੋਰ ਮਾਲਕਾਂ ਵੱਲੋਂ ਕਾਲਾਬਾਜ਼ਾਰੀ ਕਰਦਿਆਂ 40 ਤੋਂ 50 ਰੁਪਏ ਤਕ ਵਸੂਲੀ ਜਾ ਰਹੀ ਹੈ ਤੇ ਜੋ ਕੀਮਤ ਐੱਨ 95 ਮਾਸਕ ਦੀ 50 ਤੋਂ 70 ਰੁਪਏ ਵਿਚ ਹੋਣੀ ਚਾਹੀਦੀ, ਉਸ ਦੀ ਕੀਮਤ ਵੀ 100 ਰੁਪਏ ਤੋਂ ਉਪਰ ਵਸੂਲੀ ਜਾ ਰਹੀ ਹੈ।
ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਵਾਇਰਸ ਦੀ ਦਸਤਕ, ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ (ਵੀਡੀਓ)
ਦੱਸਣਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਦੀ ਤਾਜ਼ਾ ਰਿਪੋਰਟ ਮੁਤਾਬਕ 100 ਤੋਂ ਵਧੇਰੇ ਦੇਸ਼ਾਂ 'ਚ ਕੋਰੋਨਾ ਵਾਇਰਸ ਫੈਲ ਚੁੱਕਾ ਹੈ। ਰਿਪੋਰਟ ਮੁਤਾਬਕ ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦੇ ਹੁਣ ਤਕ 1,05,580 ਤੋਂ ਵਧੇਰੇ ਮਾਮਲਿਆਂ ਪੁਸ਼ਟੀ ਹੋ ਚੁੱਕੀ ਹੈ। ਡਬਲਿਊ. ਐੱਚ. ਓ. ਦੀ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਬੁਲਗਾਰੀਆ, ਕੋਸਟਾ ਰਿਕਾ, ਫਾਰੇ ਟਾਪੂ, ਫਰੈਂਚ ਗੁਆਨਾ, ਮਾਲਦੀਵ , ਮਾਲਟਾ, ਮਾਰਟੀਨਕੀ ਤੇ ਰੀਪਬਲਿਕ ਆਫ ਮੋਲਡੋਵਾ ਸਣੇ 8 ਨਵੇਂ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਤਾਜ਼ਾ ਅੰਕੜਿਆਂ ਮੁਤਾਬਕ 101 ਦੇਸ਼ਾਂ 'ਚ ਕੋਰੋਨਾ ਵਾਇਰਸ ਦੇ 24,727 ਮਰੀਜ਼ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ।
ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 3,119 ਹੋ ਗਈ ਹੈ, ਜਿਨ੍ਹਾਂ 'ਚੋਂ 3000 ਮੌਤਾਂ ਹੁਬੇਈ ਸੂਬੇ 'ਚ ਹੀ ਹੋਈਆਂ ਹਨ। ਜਦਕਿ 484 ਲੋਕਾਂ ਦੀ ਮੌਤ ਚੀਨ ਤੋਂ ਬਾਹਰ ਹੋਈ ਹੈ। ਚੀਨ 'ਚ 80,735 ਲੋਕ ਇਸ ਕਾਰਨ ਇਨਫੈਕਟਡ ਹਨ। ਪਿਛਲੇ ਸਾਲ ਤੋਂ ਚੀਨ 'ਚ ਫੈਲੇ ਇਸ ਵਾਇਰਸ ਨੇ ਹੌਲੀ-ਹੌਲੀ ਵਿਸ਼ਵ ਦੇ ਕਈ ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ।