ਖੁਦ ਨੂੰ ਇਸ ਤਰ੍ਹਾਂ ਰੱਖੋ ਤਣਾਅ ਤੋਂ ਦੂਰ
Wednesday, Apr 22, 2020 - 01:39 PM (IST)
ਪਰਿਵਰਤਨ ਸੰਸਾਰ ਦਾ ਨਿਯਮ ਹੈ। ਕੋਈ ਵੀ ਚੀਜ਼ ਜਾਂ ਪਰਿਸਥਿਤੀ ਹਮੇਸ਼ਾ ਇਕੋ ਜਿਹੀ ਨਹੀਂ ਰਹਿੰਦੀ। ਕਰੀਬ ਤਿੰਨ ਮਹੀਨੇ ਪਹਿਲਾਂ ਕਿਸ ਨੇ ਸੋਚਿਆ ਸੀ ਕਿ ਕੋਵਿਡ-19 ਨਾਂ ਦੀ ਮਹਾਂਮਾਰੀ ਪੂਰੇ ਵਿਸ਼ਵ ਲਈ ਚੁਣੌਤੀ ਬਣ ਜਾਵੇਗੀ। ਅੱਜ ਕੋਰੋਨਾ ਵਾਇਰਸ ਨੇ ਸੰਸਾਰ ਦੇ 209 ਦੇਸ਼ ਆਪਣੀ ਚਪੇਟ ਵਿਚ ਲੈ ਲਏ ਹਨ। ਅਮਰੀਕਾ, ਇਟਲੀ, ਫਰਾਂਸ, ਇੰਗਲੈਂਡ ਵਰਗੇ ਵਿਕਸਿਤ ਦੇਸ਼, ਜਿੱਥੇ ਸਿਹਤ ਸਹੂਲਤਾਂ ਬਹੁਤ ਵਧੀਆ ਹਨ, ਉਹ ਵੀ ਇਸ ਬਿਮਾਰੀ ਨਾਲ ਬੜੀ ਹਿੰਮਤ ਨਾਲ ਮੁਕਾਬਲਾ ਕਰ ਰਹੇ ਹਨ। ਲਗਾਤਾਰ ਹਰ ਦਿਨ ਇਸ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਸੰਖਿਆ ਵਿਚ ਵਾਧਾ ਹੋ ਰਿਹਾ ਹੈ ਅਤੇ ਉਸਦੇ ਨਾਲ ਵੱਖ-ਵੱਖ ਦੇਸ਼ਾਂ ਵਿਚ ਮੌਤਾਂ ਦੀ ਸੰਖਿਆ ਵੀ ਵੱਧਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਨੇ ਆਪਣੀ ਪੈਨੀ ਨਜ਼ਰ ਬਦਲਦੇ ਜਾਲਾਤ ’ਤੇ ਬਣਾਈ ਹੋਈ ਹੈ ਅਤੇ ਸਮੇਂ-ਸਮੇਂ ’ਤੇ ਨਵੀਆਂ ਗਾਈਡ ਲਾਈਨਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਇਸ ਤਣਾਅ ਅਤੇ ਚੁਣੌਤੀਪੂਰਣ ਸਮੇਂ ਵਿਚ ਜਿੱਥੇ ਸੰਪੂਰਣ ਵਿਸ਼ਵ ਵਿਚ ਲਾੱਕ-ਡਾਊਨ ਦੀ ਸਥਿਤੀ ਹੈ ਲੋਕਾਂ ਦੀ ਮਾਨਸਿਕ ਸਿਹਤ ਤੇ ਇਸ ਦਾ ਪ੍ਰਭਾਵ ਪੈ ਰਿਹਾ ਹੈ। ਇਸ ਤਣਾਅ ਵਿਚ ਆਪਣੀ ਅਤੇ ਆਪਣਿਆਂ ਦੀ ਸਿਹਤ ਬਾਰੇ ਡਰ ਅਤੇ ਫਿਕਰ, ਸੌਣ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਅ, ਸੌਣ ਜਾਂ ਇਕਾਗਰਤਾ ਵਿੱਚ ਮੁਸ਼ਕਿਲ ਆਉਣੀ, ਪੁਰਾਣੀ ਸਿਹਤ ਸਮੱਸਿਆਵਾਂ ਦਾ ਹੋਰ ਵੱਧਣਾ, ਮਾਨਸਿਕ ਸਿਹਤ ਦਾ ਖਰਾਬ ਹੋਣਾ ਅਤੇ ਸ਼ਰਾਬ, ਤੰਬਾਕੂ ਜਾਂ ਹੋਰ ਨਸ਼ਿਆਂ ਦੇ ਇਸਤੇਮਾਲ ਦੀ ਤਲਬ ਵਿਚ ਵਾਧਾ ਹੋਣਾ ਸ਼ਾਮਲ ਹੈ। ਇਸ ਸੰਕਟ ਸਮੇਂ ਸਭ ਤੋਂ ਜ਼ਿਆਦਾ ਤਣਾਅ ਬਜ਼ੁਰਗਾਂ ਅਤੇ ਉਨ੍ਹਾਂ ਲੋਕਾਂ ਨੂੰ ਹੈ ਜੋ ਪਹਿਲਾਂ ਹੀ ਕਿਸੇ ਗੰਭੀਰ ਬੀਮਾਰੀ ਤੋਂ ਗ੍ਰਸਤ ਹਨ। ਇਸ ਦੇ ਨਾਲ ਬੱਚੇ, ਡਾਕਟਰ, ਪੈਰਾ ਮੈਡੀਕਲ ਸਟਾਫ ਅਤੇ ਉਹ ਲੋਕ ਜੋ ਪਹਿਲਾਂ ਹੀ ਮਾਨਸਿਕ ਬੀਮਾਰੀ ਤੋਂ ਗੁਜ਼ਰ ਰਹੇ ਹਨ, ਇਸ ਤਣਾਅ ਦਾ ਸਾਹਮਣਾ ਕਰ ਰਹੇ ਹਨ।
ਇਸ ਮੁਸ਼ਕਲ ਘੜੀ ਵਿਚ ਸਰੀਰਕ ਸਿਹਤ ਦੇ ਨਾਲ ਮਾਨਸਿਕ ਰੂਪ ਵਿਚ ਸਿਹਤਮੰਦ ਹੋਣਾ ਜ਼ਿਆਦਾ ਜ਼ਰੂਰੀ ਬਣ ਜਾਂਦਾ ਹੈ। ਚਾਹੇ ਇਹ ਘੜੀ ਬਹੁਤ ਚੁਣੌਤੀਪੂਰਣ ਅਤੇ ਔਖੀ ਹੈ ਪਰ ਜਿਵੇਂ ਕਿ ਕਿਹਾ ਜਾਂਦਾ ਹੈ “ਇਹ ਸਮਾਂ ਵੀ ਗੁਜ਼ਰ ਜਾਵੇਗਾ”। ਇਸ ਲਈ ਆਓ ਦੇਖਦੇ ਹਾਂ ਕਿ ਕਿਸ ਤਰ੍ਹਾਂ ਆਪਣੀ ਅਤੇ ਆਪਣਿਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਦਾ ਖਿਆਲ ਰੱਖ ਸਕਦੇ ਹਾਂ।
1. ਚੁਣੌਤੀ ਨੂੰ ਸਵੀਕਾਰ ਕਰੋ: ਸਭ ਤੋਂ ਪਹਿਲਾਂ ਸਾਨੂੰ ਇਸ ਕੋਰੋਨਾ ਨਾਂ ਦੀ ਚੁਣੌਤੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਜਿੰਨੀ ਦੇਰ ਤੱਕ ਅਸੀਂ ਸਕਾਰਾਤਮਕ ਢੰਗ ਨਾਲ ਇਸ ਨੂੰ ਸਵੀਕਾਰ ਕਰਕੇ ਇਸ ਦੇ ਨਿਦਾਨ ਵੱਲ ਆਪਣਾ ਧਿਆਨ ਨਹੀਂ ਲੈ ਜਾਂਦੇ ਇਹ ਸਾਡੇ ਮਨਾਂ ਦੇ ਦਹਿਸ਼ਤ ਬਣਾਈੇ ਰੱਖੇਗੀ। ਸਮੇਂ ਦੀ ਮੰਗ ਹੈ ਕਿ ਸਮੱਸਿਆ ਨੂੰ ਸਵੀਕਾਰ ਕਰਕੇ ਇਸਦੇ ਹੱਲ ਬਾਰੇ ਸੋਚਿਆ ਜਾਵੇ।
2. ਲਗਾਤਾਰ ਖਬਰਾਂ ਦੇਖਣ ਤੋਂ ਬਚੋ: ਲਗਾਤਾਰ ਨਿਊਜ਼ ਚੈਨਲ ਤੇ ਕੋਰੋਨਾ ਵਾਇਰਸ ਨਾਲ ਸੰਬੰਧਤ ਖਬਰਾਂ ਪ੍ਰਸਾਰਿਤ ਹੋ ਰਹੀਆਂ ਹਨ ਅਤੇ ਵੱਖ-ਵੱਖ ਦੇਸ਼ਾਂ ਵਿੱਚ ਇਸ ਸਮੇਂ ਬੜੀ ਗੰਭੀਰ ਸਥਿਤੀ ਬਣੀ ਹੋਈ ਹੈ। ਇਸ ਲਈ ਲਗਾਤਾਰ ਖਬਰਾਂ ਦੇਖਣ ਨਾਲ ਡਰ ਅਤੇ ਤਣਾਅ ਦੀਆਂ ਭਾਵਨਾਵਾਂ ਵੱਧਦੀਆਂ ਹਨ। ਸਾਨੂੰ ਚਾਹੀਦਾ ਹੈ ਕਿ ਸਿਰਫ ਜਾਣਕਾਰੀ ਲੈਣ ਲਈ ਕਦੇ-ਕਦੇ ਨਿਊਜ਼ ਚੈਨਲ ਲਗਾ ਕੇ ਖਬਰਾਂ ਦੇਖੀਏ।
3. ਅਫਵਾਹਾਂ ਤੋਂ ਦੂਰ ਰਹੋ: ਸੋਸ਼ਲ ਮੀਡੀਆ ਤੇ ਕਈ ਸਾਰੀਆਂ ਅਫਵਾਹਾਂ ਫੈਲ ਰਹੀਆਂ ਹਨ ਜਿਨ੍ਹਾਂ ਕਾਰਨ ਵਿਅਕਤੀ ਦੀ ਮਾਨਸਿਕ ਸਥਿਤੀ ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਸਿਰਫ ਉਨ੍ਹਾਂ ਖਬਰਾਂ ਜਾਂ ਨਿਰਦੇਸ਼ਾਂ ਤੇ ਯਕੀਨ ਕਰੀਏ ਜੋ ਵਿਸ਼ਵ ਸਿਹਤ ਸੰਗਠਨ, ਕੇਂਦਰੀ ਸਿਹਤ ਮੰਤਰਾਲਾ, ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵਰਗੀਆਂ ਸਿਹਤ ਸੰਸਥਾਵਾਂ ਪ੍ਰਦਾਨ ਕਰਦੀਆਂ ਹਨ।
4.ਸ਼ਾਂਤ ਪਰ ਸੁਚੇਤ ਰਹੋ: ਸਰਕਾਰ ਅਤੇ ਸਿਹਤ ਵਿਭਾਗ ਵਲੋਂ ਦਿੱਤੇ ਨਿਰਦੇਸ਼ਾਂ ਦਾ ਹੀ ਪਾਲਣ ਕਰੋ। ਆਪਣੀ ਸਾਫ-ਸਫਾਈ ਦਾ ਧਿਆਨ ਰੱਖੋ, ਲਾੱਕ-ਡਾਊਨ ਸਮੇਂ ਸਮਾਜਿਕ ਦੂਰੀ ਬਣਾਈ ਰੱਖੋ ਅਤੇ ਖੁਦ ਨੂੰ ਹਰ ਪਰਿਸਥਿਤੀ ਵਿੱਚ ਸ਼ਾਂਤ ਅਤੇ ਚੇਤੰਨ ਰੱਖਣ ਦੀ ਜ਼ਰੂਰਤ ਹੈ।
5. ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸੰਪਰਕ ਬਣਾਈ ਰੱਖੋ: ਚਾਹੇ ਸੋਸ਼ਲ ਡਿਸਟੈਂਸਿੰਗ ਨੇ ਸਾਡਾ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਰੀਰਕ ਮੇਲ-ਮਿਲਾਪ ਮੁਸ਼ਕਿਲ ਕਰ ਦਿੱਤਾ ਹੈ ਪਰ ਇਸ ਡਰ, ਇਕੱਲੇਪਨ ਅਤੇ ਅਨਿਸ਼ਚਿਤ ਮਨੋਸਥਿਤੀ ਵਿਚ ਉਨ੍ਹਾਂ ਨਾਲ ਫੋਨ, ਵੀਡੀਓ ਕਾੱਲ, ਵੱਟਸ ਐਪ, ਫੇਸਬੁੱਕ ਅਤੇ ਈ-ਮੇਲ ਰਾਹੀਂ ਜੁੜੋ ਕਿਉਂਕਿ ਇਸ ਨਾਲ ਅਸੀਂ ਇਕ ਦੂਜੇ ਨੂੰ ਮਾਨਸਿਕ ਰੂਪ ਵਿਚ ਮਜਬੂਤ ਬਣਾਵਾਂਗੇ। ਇਹ ਇਕ ਦੂਸਰੇ ਦਾ ਖਿਆਲ ਰੱਖਣ ਅਤੇ ਸਹਿਯੋਗ ਦੇਣ ਦਾ ਸਮਾਂ ਹੈ।
6. ਧਿਆਨ ਅਤੇ ਯੋਗ ਮਨ ਦੀ ਸ਼ਾਤੀ ਲਈ ਸਹਾਇਕ ਕਿਰਿਆਵਾਂ: ਰੋਜ਼ ਸਵੇਰੇ ਘਰ ਵਿਚ ਜਲਦੀ ਉੱਠ ਕੇ ਯੋਗ ਅਤੇ ਕਸਰਤ ਕਰਨ ਨਾਲ ਸਿਹਤ ਠੀਕ ਰਹਿੰਦੀ ਹੈ। ਭਰਾਮਰੀ ਪ੍ਰਾਣਾਯਾਮ ਅਤੇ ਧਿਆਨ ਮਨੁੱਖ ਦੀ ਮਾਨਸਿਕ ਸਿਹਤ ਨੂੰ ਵਧੀਆ ਰੱਖਦੇ ਹਨ। ਪ੍ਰਾਣਾਯਾਮ ਕਿਰਿਆਵਾਂ ਗੁੱਸਾ, ਚਿੜਚਿੜਾਪਣ ਆਦਿ ਦੂਰ ਕਰਕੇ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੀਆਂ ਹਨ।
7. ਆਪਣਾ ਰੂਟੀਨ ਸੈੱਟ ਕਰੋ: ਘਰ ਵਿਚ ਰਹਿ ਕੇ ਆਪਣਾ ਰੂਟੀਨ ਬਣਾਉਣਾ ਜ਼ਰੂਰੀ ਹੈ। ਸਮੇਂ ਦਾ ਉਪਯੋਗ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਕੀਤਾ ਜਾ ਸਕਦਾ ਹੈ। ਸੰਗੀਤ ਸੁਣਨਾ, ਕਿਤਾਬਾਂ ਪੜਣਾ, ਬੇਕਾਰ ਚੀਜਾਂ ਤੋਂ ਉਪਯੋਗੀ ਵਸਤਾਂ ਬਣਾਉਣੀਆਂ, ਟੀ ਵੀ ਤੇ ਮਨੋਰੰਜਕ ਪ੍ਰੋਗਰਾਮ ਦੇਖਣਾ, ਬੱਚਿਆਂ ਨਾਲ ਕੈਰਮ, ਚੈੱਸ, ਲੂਡੋ ਆਦਿ ਖੇਡਾਂ ਖੇਡਣੀਆਂ. ਘਰ ਦੇ ਬਗੀਚੇ ਵਿੱਚ ਸਮਾਂ ਬਿਤਾਉਣਾ ਅਤੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਵਤੀਤ ਕਰਨਾ ਆਦਿ ਬਹੁਤ ਸਾਰੀਆਂ ਚੀਜ਼ਾਂ ਹਨ ਜਿਸ ਵਿੱਚ ਅਨੰਦ ਲੱਭਿਆ ਜਾ ਸਕਦਾ ਹੈ।
8. ਮਨੋਚਿਕਿਤਸਕ ਦੀ ਸਲਾਹ ਲਵੋ: ਜੇਕਰ ਘਰ ਵਿਚ ਪਹਿਲਾਂ ਹੀ ਕੋਈ ਮਾਨਸਿਕ ਰੋਗੀ ਹੈ ਅਤੇ ਇਸ ਸਮੇਂ ਉਸ ਦੇ ਵਤੀਰੇ ਵਿਚ ਚਿੜਚਿੜਾਪਣ, ਗੁੱਸਾ ਜਾਂ ਉਦਾਸੀਨਤਾ ਵੱਧ ਗਈ ਹੈ ਤਾਂ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਹੈਲਪ ਲਾਈਨ ਤੇ ਸੰਪਰਕ ਕੀਤਾ ਜਾਣਾ ਚਾਹੀਦਾ ਹੈ।
ਆਓ ਅਸੀਂ ਸਾਰੇ ਇਸ ਸੰਕਟ ਦੀ ਘੜੀ ਦਾ ਸਾਹਮਣਾ ਧੀਰਜ ਅਤੇ ਸਹਿਣਸ਼ੀਲ਼ਤਾ ਨਾਲ ਕਰੀਏ ਅਤੇ ਸਰੀਰਕ ਅਤੇ ਮਾਨਸਿਕ ਸਿਹਤ ਪ੍ਰਤੀ ਚੇਤੰਨ ਰਹੀਏ।ਸੱਚ ਇਹ ਹੀ ਹੈ ਕਿ ਇਹ ਸਮਾਂ ਵੀ ਗੁਜ਼ਰ ਜਾਵੇਗਾ। ਸਾਨੂੰ ਸਭ ਨੂੰ ਆਸਵੰਦ ਹੋਕੇ ਉਨ੍ਹਾਂ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ, ਸਫਾਈ ਕਰਮਚਾਰੀਆਂ, ਪੁਲਿਸ ਕਰਮਚਾਰੀਆਂ, ਖੁਰਾਕ ਅਤੇ ਸਿਵਿਲ ਸਪਲਾਈ ਵਿਭਾਗ ਦੇ ਕਰਮਚਾਰੀਆਂ ਅਤੇ ਵਿਸ਼ੇਸ਼ ਤੌਰ ’ਤੇ ਢੌਆ-ਢੁਆਈ ਕਰ ਰਹੇ ਡਰਾਈਵਰਾਂ ਦਾ ਅਤੇ ਹੋਰ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜੋ ਆਪਣੀ ਜਾਨ ਨੂੰ ਖਤਰੇ ਵਿਚ ਪਾ ਕੇ ਸਾਡੇ ਤੰਦਰੁਸਤ ਜੀਵਨ ਲਈ ਅਤੇ ਸਾਡੀਆਂ ਰੋਜ਼ਾਨਾ ਦੀਆਂ ਲੋੜਾਂ ਦੀ ਪੂਰਤੀ ਲਈ ਲਗਾਤਾਰ ਕੰਮ ਕਰ ਰਹੇ ਹਨ।
ਮਿਤੀ: 12-04-2020
ਪੂਜਾ ਸ਼ਰਮਾ