ਪੰਜਾਬ ਦੇ ਇਸ ਜ਼ਿਲ੍ਹੇ ''ਚ ਭਿਆਨਕ ਬਣੇ ਹਾਲਾਤ! ਜਾਰੀ ਹੋਈ ਵੱਡੀ ਚਿਤਾਵਨੀ, ਲੋਕ ਨਹਾਉਣ-ਧੋਣ ਤੋਂ ਵੀ...
Monday, May 18, 2026 - 04:56 PM (IST)
ਬਠਿੰਡਾ (ਵਿਜੇ ਵਰਮਾ) : ਕੇਂਦਰ ਸਰਕਾਰ ਦੇ 'ਸਵੱਛ ਭਾਰਤ ਅਭਿਆਨ' ਅਤੇ ਸਫ਼ਾਈ ਯੋਜਨਾਵਾਂ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਬਠਿੰਡਾ ਸ਼ਹਿਰ ਇਸ ਵੇਲੇ ਗੰਦਗੀ ਦੇ ਭਿਆਨਕ ਸੰਕਟ ਨਾਲ ਜੂਝ ਰਿਹਾ ਹੈ। ਇੱਕ ਸਮਾਂ ਸੀ, ਜਦੋਂ ਬਠਿੰਡਾ ਨੂੰ ਪੰਜਾਬ ਦੇ ਸਭ ਤੋਂ ਸਾਫ਼ ਸ਼ਹਿਰਾਂ 'ਚ ਗਿਣਿਆ ਜਾਂਦਾ ਸੀ ਪਰ ਅੱਜ ਉਹੀ ਸ਼ਹਿਰ ਕੂੜੇ ਦੇ ਢੇਰਾਂ, ਓਵਰਫਲੋ ਸੀਵਰਾਂ ਅਤੇ ਬਦਬੂ ਮਾਰਦੇ ਗੰਦੇ ਪਾਣੀ ਕਾਰਨ ਲੋਕਾਂ ਲਈ ਨਰਕ ਬਣ ਚੁੱਕਾ ਹੈ। ਪਿਛਲੇ 12 ਦਿਨਾਂ ਤੋਂ ਚੱਲ ਰਹੀ ਸਫ਼ਾਈ ਸੇਵਕਾਂ ਦੀ ਹੜਤਾਲ ਨੇ ਨਗਰ ਨਿਗਮ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼ਹਿਰ ਦੀ ਕੋਈ ਗਲੀ, ਕੋਈ ਮੁਹੱਲਾ ਅਤੇ ਕੋਈ ਮੁੱਖ ਸੜਕ ਅਜਿਹੀ ਨਹੀਂ, ਜਿੱਥੇ ਕੂੜੇ ਦੇ ਢੇਰ ਨਾ ਲੱਗੇ ਹੋਣ। ਹਾਲਾਤ ਇਹ ਹਨ ਕਿ ਘਰਾਂ ਦੇ ਬਾਹਰ ਪਿਆ ਕੂੜਾ ਸੜ ਰਿਹਾ ਹੈ, ਜਿਸ ਕਾਰਨ ਮੱਖੀਆਂ, ਮੱਛਰ, ਕੁੱਤੇ, ਸੂਰ ਅਤੇ ਹੋਰ ਜਾਨਵਰਾਂ ਦੀ ਭਰਮਾਰ ਹੋ ਗਈ ਹੈ।
ਇਹ ਵੀ ਪੜ੍ਹੋ : ਪੰਜਾਬ : ਡਿਊਟੀਆਂ ਨੇ ਪਾ 'ਤਾ ਵੱਡਾ ਪੰਗਾ, ਅਧਿਆਪਕਾਂ ਵਲੋਂ ਨੌਕਰੀ ਛੱਡਣ ਦੀ ਚਿਤਾਵਨੀ!
ਡਾਕਟਰਾਂ ਨੇ ਦਿੱਤੀ ਚਿਤਾਵਨੀ
ਗੰਦਗੀ ਕਾਰਨ ਡੇਂਗੂ, ਵਾਇਰਲ ਬੁਖ਼ਾਰ, ਦਸਤ ਅਤੇ ਚਮੜੀ ਰੋਗਾਂ ਦੇ ਫੈਲਣ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ। ਡਾਕਟਰਾਂ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹਾਲਾਤ ਕਾਬੂ 'ਚ ਨਾ ਆਏ ਤਾਂ ਸ਼ਹਿਰ 'ਚ ਬੀਮਾਰੀਆਂ ਦਾ ਵੱਡਾ ਪ੍ਰਕੋਪ ਫੈਲ ਸਕਦਾ ਹੈ। ਸਫ਼ਾਈ ਸੇਵਕਾਂ 'ਚ ਪੱਕੇ ਅਤੇ ਕੱਚੇ ਦੋਵੇਂ ਮੁਲਾਜ਼ਮ ਸ਼ਾਮਲ ਹਨ, ਜੋ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਹੜਤਾਲ ’ਤੇ ਡਟੇ ਹੋਏ ਹਨ। ਮੁੱਖ ਮੰਗਾਂ 'ਚ 597 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਅਤੇ ਸੀਵਰੇਜ ਪ੍ਰਣਾਲੀ ਨੂੰ ਸੁਧਾਰਨ ਲਈ ਢੁੱਕਵੇਂ ਠੇਕੇ ਜਾਰੀ ਕਰਨਾ ਸ਼ਾਮਲ ਹੈ। ਸਫ਼ਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਾਲਾਂ ਤੋਂ ਉਹ ਘੱਟ ਤਨਖ਼ਾਹਾਂ ਅਤੇ ਅਸਥਾਈ ਨੌਕਰੀਆਂ ਦੇ ਸਹਾਰੇ ਕੰਮ ਕਰ ਰਹੇ ਹਨ ਪਰ ਸਰਕਾਰ ਅਤੇ ਨਿਗਮ ਵੱਲੋਂ ਉਨ੍ਹਾਂ ਨਾਲ ਸਿਰਫ਼ ਵਾਅਦੇ ਹੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਬਠਿੰਡਾ ਦੇ 50 ਹਜ਼ਾਰ ਤੋਂ ਵੱਧ ਘਰਾਂ ਅਤੇ ਵਪਾਰਕ ਅਦਾਰਿਆਂ ਤੋਂ ਹਰ ਰੋਜ਼ 100 ਟਨ ਤੋਂ ਵੱਧ ਕੂੜਾ ਨਿਕਲਦਾ ਹੈ। ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚੋਂ ਕੂੜਾ ਚੁੱਕਣ ਲਈ ਟਿੱਪਰਾਂ ਅਤੇ ਟਰਾਲੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਹੜਤਾਲ ਸ਼ੁਰੂ ਹੋਣ ਤੋਂ ਬਾਅਦ ਇਹ ਪ੍ਰਣਾਲੀ ਪੂਰੀ ਤਰ੍ਹਾਂ ਠੱਪ ਪਈ ਹੈ। ਨਾ ਸੜਕਾਂ ’ਤੇ ਝਾੜੂ ਲੱਗ ਰਹੇ ਹਨ ਅਤੇ ਨਾ ਹੀ ਕੂੜਾ ਚੁੱਕਿਆ ਜਾ ਰਿਹਾ ਹੈ। ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਸੀਵਰ ਓਵਰਫਲੋ ਹੋ ਕੇ ਗੰਦਾ ਪਾਣੀ ਸੜਕਾਂ ’ਤੇ ਵਹਿ ਰਿਹਾ ਹੈ। ਕਈ ਇਲਾਕਿਆਂ 'ਚ ਲੋਕਾਂ ਦੇ ਘਰਾਂ ਦੇ ਬਾਥਰੂਮ ਤੱਕ ਭਰ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਐਲਾਨ, ਵਿਦਿਆਰਥੀਆਂ ਨੂੰ ਮਿਲਿਆ ਆਖ਼ਰੀ ਮੌਕਾ, ਪੜ੍ਹੋ ਪੂਰਾ ਸ਼ਡਿਊਲ
ਨਹਾਉਣ-ਧੋਣ ਨੂੰ ਵੀ ਤਰਸ ਰਹੇ ਲੋਕ
ਲੋਕ ਨਹਾਉਣ-ਧੋਣ ਅਤੇ ਰੋਜ਼ਾਨਾ ਦੇ ਕੰਮ ਕਰਨ ਲਈ ਤਰਸ ਰਹੇ ਹਨ। ਬਦਬੂ ਕਾਰਨ ਘਰਾਂ 'ਚ ਰਹਿਣਾ ਮੁਸ਼ਕਲ ਹੋ ਗਿਆ ਹੈ। ਸ਼ਹਿਰ ਨੂੰ ਪੈਰਿਸ ਅਤੇ ਦੁਬਈ ਬਣਾਉਣ ਦੇ ਦਾਅਵੇ ਕਰਨ ਵਾਲੇ ਨੇਤਾ ਵੀ ਇਸ ਗੰਭੀਰ ਮਸਲੇ ’ਤੇ ਚੁੱਪ ਨਜ਼ਰ ਆ ਰਹੇ ਹਨ। ਨਗਰ ਨਿਗਮ ਚੋਣਾਂ ਦੇ ਮਾਹੌਲ 'ਚ ਕੋਈ ਵੀ ਨੇਤਾ ਖੁੱਲ੍ਹ ਕੇ ਬਿਆਨ ਦੇਣ ਤੋਂ ਕਤਰਾਉਂਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਆਪਣੇ ਵੋਟ ਬੈਂਕ ਖਿਸਕਣ ਦਾ ਡਰ ਸਤਾ ਰਿਹਾ ਹੈ। ਦੂਜੇ ਪਾਸੇ ਆਮ ਲੋਕ ਗੰਦਗੀ ਅਤੇ ਬੀਮਾਰੀਆਂ ਦੇ ਡਰ ਹੇਠ ਜਿਊਣ ਲਈ ਮਜਬੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਫ਼ਾਈ ਸੇਵਕ ਹੜਤਾਲ ’ਤੇ ਹਨ ਤਾਂ ਪ੍ਰਸ਼ਾਸਨ ਨੂੰ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਸਨ ਪਰ 12 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਐਮਰਜੈਂਸੀ ਯੋਜਨਾ ਨਹੀਂ ਬਣਾਈ ਗਈ। ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ। ਇਸ ਮਾਮਲੇ 'ਚ ਨਗਰ ਨਿਗਮ ਕਮਿਸ਼ਨਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਸੂਤਰਾਂ ਮੁਤਾਬਕ ਉਹ ਚੰਡੀਗੜ੍ਹ 'ਚ ਸਫਾਈ ਸੇਵਕਾਂ ਨਾਲ ਚੱਲ ਰਹੀਆਂ ਮੀਟਿੰਗਾਂ 'ਚ ਵਿਅਸਤ ਹਨ ਪਰ ਸ਼ਹਿਰ ਵਾਸੀਆਂ ਦਾ ਸਵਾਲ ਸਾਫ਼ ਹੈ ਕਿ ਜਦ ਤੱਕ ਗੱਲਬਾਤ ਚੱਲਦੀ ਰਹੇਗੀ, ਕੀ ਲੋਕ ਗੰਦਗੀ ਅਤੇ ਬੀਮਾਰੀਆਂ 'ਚ ਹੀ ਜਿਊਂਦੇ ਰਹਿਣਗੇ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
