ਰੋਪੜ ''ਚ 8 ਸਾਲਾ ਬੱਚੀ ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼
Friday, Mar 20, 2020 - 07:23 PM (IST)
ਰੋਪੜ (ਸੱਜਣ ਸੈਣੀ)— ਰੋਪੜ 'ਚ ਕੋਰੋਨਾ ਵਾਇਰਸ ਦੀ ਸ਼ੱਕੀ ਇਕ ਅੱਠ ਸਾਲਾ ਦੀ ਬੱਚੀ ਨੂੰ ਸਰਕਾਰੀ ਹਸਪਤਾਲ ਦੇ ਸਪੈਸ਼ਲ ਵਾਰਡ 'ਚ ਦਾਖਲ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਨਵਾਂਸ਼ਹਿਰ 'ਚ ਜਿਸ ਬਜ਼ੁਰਗ ਵਿਅਕਤੀ ਦੀ ਮੌਤ ਕੋਰੋਨਾ ਵਾਇਰਸ ਕਰਕੇ ਹੋਈ ਹੈ, ਉਹ ਵਿਅਕਤੀ ਅਨੰਦਪੁਰ ਸਾਹਿਬ ਗਿਆ ਸੀ। ਅਨੰਦਪੁਰ ਸਾਹਿਬ ਤੋਂ ਇਸ ਲੜਕੀ ਨੂੰ ਬੀਤੇ ਦਿਨ ਰੋਪੜ ਲਿਆਂਦਾ ਗਿਆ ਹੈ, ਜਿਸ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ।
ਇਹ ਵੀ ਪੜ੍ਹੋ ►ਵੱਡੀ ਖਬਰ: ਰੂਪਨਗਰ 'ਚ 5 ਮਹੀਨਿਆਂ ਦੀ ਬੱਚੀ 'ਕੋਰੋਨਾ ਵਾਇਰਸ' ਦੀ ਸ਼ੱਕੀ ਮਰੀਜ਼
ਲੜਕੀ ਦੇ ਪਿਤਾ ਗੁਰਅਵਤਾਰ ਵੀ ਉਸ ਦੇ ਨਾਲ ਇਸ ਵਾਰਡ 'ਚ ਹਨ। ਗੁਰਅਵਤਾਰ ਸਿੰਘ ਨੇ ਸਿਹਤ ਵਿਭਾਗ ਦੇ ਪ੍ਰਬੰਧਾਂ 'ਤੇ ਸਵਾਲ ਖੜ੍ਹੇੇ ਕਰਦਿਆਂ ਕਿਹਾ ਕਿ ਇਥੇ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈ ਅਤੇ ਸਾਰੀ ਰਾਤ ਉਨ੍ਹਾਂ ਦੀ ਬੱਚੀ ਨੂੰ ਨਾ ਤਾਂ ਕੋਈ ਡਾਕਟਰੀ ਸਹਾਇਤਾ ਮਿਲੀ ਅਤੇ ਨਾ ਹੀ ਹਸਪਤਾਲ ਦਾ ਕੋਈ ਸਟਾਫ ਉਨ੍ਹਾਂ ਦੀ ਸਾਰ ਲੈਣ ਲਈ ਆਇਆ।
ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਤੋਂ ਉਹ ਅਤੇ ਉਨ੍ਹਾਂ ਦੀ ਬੱਚੀ ਭੁੱਖੇ ਹਨ ਅਤੇ ਨਾ ਹੀ ਹਸਪਤਾਲ ਸਟਾਫ ਵੱਲੋਂ ਉਨ੍ਹਾਂ ਨੂੰ ਕੁਝ ਖਾਣ ਪੀਣ ਲਈ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਲਿਆਉਣ ਦਿੱਤਾ ਜਾ ਰਿਹਾ ਹੈ। ਜਦ ਕਿ ਡਿਉਟੀ 'ਤੇ ਤਾਇਨਾਤ ਹਸਪਤਾਲ ਦੀ ਇਕ ਨਰਸ ਨੇ ਕਿਹਾ ਕਿ ਸਵੇਰੇ ਉਨ੍ਹਾਂ ਵੱਲੋਂ ਇਕ ਪਾਣੀ ਦੀ ਬੋਤਲ ਅਤੇ ਬਿਸਕੁਟ ਦਾ ਪੈਕੇਟ ਦਿੱਤਾ ਗਿਆ ਹੈ ਪਰ ਸਾਰੀ ਰਾਤ ਇਹ ਬੱਚੀ ਅਤੇ ਉਸ ਦਾ ਪਿਤਾ ਹਸਪਤਾਲ ਸਟਾਫ ਨੂੰ ਉਡੀਕਦਾ ਰਿਹਾ।